ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਅਤੇ ਸ਼ਹਾਦਤ

ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਅਤੇ ਸ਼ਹਾਦਤ

ਪ੍ਰਿੰ. ਕਰਮ ਸਿੰਘ ਭੰਡਾਰੀ

ਭੱਟ ਮਥਰਾ ਜੀ ਦਾ ਕਥਨ ”ਭਨਿ ਮਥਰਾ ਕਛੁ ਭੇਦੁ ਨਹੀ ਗੁਰੂ ਅਰਜੁਨੁ ਪਰਤਖ੍ਹ ਹਰਿ” ਅਟੱਲ ਸਚਾਈ ਭਰਿਆ ਹੈ ਕਿਉਂਕਿ ਆਪ ਪੂਰਨ ਪੁਰਖ, ਪ੍ਰਤੱਖ ਹਰੀ ਰੂਪ ਪ੍ਰਮਾਣ ਪੁਰਖ ਤੇ ਨਿਰਗੁਣ ਨਿਰੰਕਾਰ ਦੇ ਸਰਗੁਣ ਸਰੂਪ ਸਨ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਰਾਮ ਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋਂ 15 ਅਪਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਨਾਨਕੇ ਘਰ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ  ਨੂੰ ਛੋਟੀ ਉਮਰੇ ”ਦੋਹਤਾ ਬਾਣੀ ਦਾ ਬੋਹਤਾ” ਅਰਥਾਤ ਬਾਣੀ ਦਾ ਜਹਾਜ਼ ਹੋਣ ਦਾ ਵਰਦਾਨ ਦਿੱਤਾ। ਆਪ  ਨੇ ਬਚਪਨ ਦੇ 11 ਸਾਲ ਨਾਨਕਾ ਪਿੰਡ ਵਿਖੇ ਹੀ ਬਤੀਤ ਕੀਤੇ। ਪਿਤਾ ਗੁਰੂ ਅਤੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ  ਧਾਰਮਿਕ ਅਤੇ ਅਧਿਆਤਮਿਕ ਸਿੱਖਿਆ ਹਾਸਲ ਕੀਤੀ। ਇਸੇ ਲਈ ਭੱਟ ਭੱਲ ਲਿਖਦੇ ਹਨ, ”ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ।।” ਨਾਨਾ ਗੁਰੂ ਨੇ ਖੁਦ ਗੁਰਮੁਖੀ ਸਿਖਾਈ। ਗੁਰਮਤਿ ਸਿੱਖਿਆ ਬਾਬਾ ਬੁਢਾ ਜੀ ਨੇ ਤੇ ਸੰਸਕ੍ਰਿਤ ਭਾਸ਼ਾ ਪੰਡਿਤ ਬੇਣੀ ਜੀ ਨੇ ਸਿਖਾਈ। ਪਿਤਾ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਇਆਂ ਸੰਨ 1580 ਈਸਵੀ ਵਿੱਚ ਆਪ ਜੀ ਆਪਣੇ ਪਿਤਾ ਦੇ ਤਾਏ ਦੇ ਪੁੱਤਰ ਸਹਾਰੀ ਮੱਲ ਦੇ ਸਪੁੱਤਰ ਦੇ ਵਿਆਹ ਗਏ ਅਤੇ ਸੱਦੇ ਬਿਨਾ ਵਾਪਸ ਨਾ ਆਉਣ ਦੇ ਹੁਕਮ ਕਾਰਨ ਇੱਕ ਸਾਲ ਨਿਰੰਤਰ ਮਜ਼ਦੂਰਾਂ ਵਾਲਾ ਜੀਵਨ ਖਿੜੇ ਮੱਥੇ ਬਤੀਤ ਕੀਤਾ। ਆਪ  ਦੇ ਦੋ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਂਦੇਵ  ਸਨ। ਪ੍ਰਿਥੀ ਚੰਦ ਮਾਇਆ ਵਿੱਚ ਵਧੇਰੇ ਰੁਚਿਤ ਲੋਭੀ ਤੇ ਈਰਖਾਵਾਦੀ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਇੱਕ ਵਾਰ ਪ੍ਰਿਥੀਚੰਦ ਨੂੰ ਕਹਿ ਵੀ ਦਿੱਤਾ ਸੀ ਕਿ, ”ਮਾਇਆ ਨਾਲ ਹੱਥ ਕਾਲੇ ਕਰਦਾ ਕਰਦਾ ਕਿਧਰੇ ਆਤਮਾ ਵੀ ਕਾਲੀ ਨਾ ਕਰ ਬੈਠੀਂ।” ਸ੍ਰੀ ਮਹਾਂਦੇਵ ਜੀ ਰਮਤੇ ਸਾਧੂ ਤੇ ਵਿਰਕਤ ਸੁਭਾਅ ਦੇ ਮਾਲਕ ਸਨ। ਆਪ ਨੂੰ ਗੁਰਗੱਦੀ ਦਿੱਤੇ ਜਾਣ ਦਾ ਪ੍ਰਿਥੀ ਚੰਦ ਨੇ ਡਟਵਾਂ ਵਿਰੋਧ ਹੀ ਨਹੀਂ ਕੀਤਾ ਸਗੋਂ ਭਰਾ ਮਾਰੂ ਨੀਤੀ ਉਪਰ ਚਲਦਿਆਂ ਰਾਜਸੀ ਤੇ ਆਰਥਿਕ ਤੌਰ ‘ਤੇ ਵੀ ਹਾਨੀ ਪਹੁੰਚਾਉਣ ਵਿੱਚ ਕੋÂਂੀ ਕਸਰ ਬਾਕੀ ਨਹੀਂ ਛੱਡੀ।

1 ਸਤੰਬਰ 1581 ਈ. ਨੂੰ  ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਭੋਗ ਸਮੇਂ ਮਰਨੇ ਦੀ ਪੱਗ ਵੱਡੇ ਪੁੱਤਰ ਦੇ ਨਾਤੇ ਪ੍ਰਿਥੀ ਚੰਦ ਦੇ ਤੇ ਗੁਰਿਆਈ ਦੀ ਪੱਗ ਗੁਰੂ ਅਰਜਨ ਦੇਵ ਜੀ ਦੇ ਬੰਨੀ ਗਈ। ਗੁਰੂ ਅਰਜਨ ਸਾਹਿਬ ਸਦਾ ਅਡੋਲ ਤੇ ਸ਼ਾਂਤ ਚਿੱਤ ਹੀ ਰਹਿੰਦੇ। ਪ੍ਰਿਥੀ ਚੰਦ ਦੀਆਂ ਕੁਟਿਲ ਚਾਲਾਂ ਤੋਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸੀ, ਭਾਈ ਵਿਧੀ ਚੰਦ ਜੀ, ਭਾਈ ਪੈੜਾ ਜੀ ਤੇ ਭਾਈ ਪ੍ਰਾਣਾ ਜੀ ਆਦਿ ਗੁਰਸਿੱਖ ਪ੍ਰਚਾਰਕਾਂ ਨੇ ਜ਼ੋਰਦਾਰ ਪ੍ਰਚਾਰ ਰਾਹੀਂ ਸੰਗਤਾਂ ਨੂੰ ਜਾਣੂ ਕਰਵਾ ਕੇ ਜਿੱਥੇ ਪ੍ਰਿਥੀ ਚੰਦ ਨੂੰ ਮੂੰਹ ਤੋੜ ਜਵਾਬ ਦਿੱਤਾ ਉਥੇ ਸਿੱਖ ਸੰਗਤਾਂ ਨੂੰ ਵੀ ਮੁੜ ਗੁਰੂ ਘਰ ਨਾਲ ਜੋੜਨ ਵਿੱਚ ਅਹਿਮ ਰੋਲ ਅਦਾ ਕੀਤਾ। ਆਪ ਜੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਪਿੰਡ ਮਊ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਵਸਨੀਕ  ਕ੍ਰਿਸ਼ਨ ਚੰਦ  ਦੀ ਸਪੁੱਤਰੀ ਗੰਗਾ ਜੀ ਨਾਲ ਹੋਇਆ। ਉਨ੍ਹਾਂ ਦੀ ਪਵਿੱਤਰ ਕੁੱਖ ਤੋਂ 15 ਜੂਨ 1595 ਈ. ਨੂੰ ਮੀਰੀ ਪੀਰੀ ਦੇ ਮਾਲਕ  ਗੁਰੂ ਹਰਿਗੋਬਿੰਦ ਸਾਹਿਬ ਜੀ ਪੈਦਾ ਹੋਏ। ਆਪ ਜੀ 18 ਸਾਲ ਦੀ ਉਮਰੇ 1 ਸਤੰਬਰ 1581 ਈਸਵੀ ਨੂੰ ਗੁਰਗੱਦੀ ਉਪਰ ਬਿਰਾਜਮਾਨ ਹੋਏ। 25 ਸਾਲ ਨਿਰੰਤਰ ਸਿੱਖੀ ਦਾ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਮਾਨਵਤਾ ਲਈ ਅਹਿਲੇ ਜ਼ੁਬਾਨ, ਅਹਿਲੇ ਸਥਾਨ ਤੇ ਅਹਿਲੇ ਗ੍ਰੰਥ ਵੀ ਦਿੱਤਾ। ਆਪ ਜੀ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਗੁਰੂ ਦੀ ਸੰਤਾਨ ਅਤੇ ਗੁਰੂ ਦੇ ਪਿਤਾ ਹੋਣ ਦਾ ਮਾਣ ਪ੍ਰਾਪਤ ਕੀਤਾ। ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਵੱਲੋਂ ”ਨਾਨਕ” ਨਾਮ ਹੇਠ ਆਪਣੀ ਕੱਚੀ ਬਾਣੀ ਰਚ ਕੇ ਗੁਰਬਾਣੀ ਵਿਚ ਮਿਲਾਵਟ ਕੀਤੀ ਜਾ ਰਹੀ ਸੀ ਜਿਸ ਨਾਲ ਗੁਰਮਤਿ ਵਿਚ ਇਕਸਾਰਤਾ ਕਾਇਮ ਨਹੀਂ ਰਹਿ ਸਕਦੀ ਸੀ। ਇਸ ਨੂੰ ਮੁੱਖ ਰੱਖਦਿਆਂ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੀ ਸੋਚੀ, ਜਿਸ ਵਿੱਚ ਆਪ ਜੀ ਨੇ ਆਪਣੀ ਅਤੇ ਪਹਿਲੇ ਚਾਰ ਗੁਰੂ ਸਾਹਿਬਾਨਾਂ, 15 ਭਗਤਾਂ, 4 ਸਿੱਖਾਂ ਤੇ 11 ਭੱਟਾਂ ਦੀ ਬਾਣੀ ਨੂੰ ਬਿਨਾ ਵਿਤਕਰਾ ਸੁਰੱਖਿਅਤ ਕੀਤਾ। ਇਸ ਇਲਾਹੀ ਤੇ ਸੱਚ ਦੀ ਬਾਣੀ ਵਿਚ ਕਾਨ੍ਹਾ ਭਗਤ ਜੋ ਚੰਦੂ ਦੇ ਤਾਏ ਦਾ ਪੁੱਤ ਭਰਾ ਸੀ, ਛਜੂ ਭਗਤ, ਸ਼ਾਹ ਹੁਸੈਨ ਤੇ ਪੀਲੂ ਦੀਆਂ ਰਚਨਾਵਾਂ ਗੁਰਮਤਿ ਅਨੁਸਾਰੀ ਨਾ ਹੋਣ ਕਰਕੇ ਦਰਜ ਨਹੀਂ ਕੀਤੀਆਂ ਤੇ ਨਾ ਹੀ ਬਾਦਸ਼ਾਹ ਜਹਾਂਗੀਰ ਦੇ ਕਹਿਣ ‘ਤੇ ਹਜ਼ਰਤ ਮੁਹੰਮਦ ਦੀ ਸਿਫਤ ਲਿਖੀ। ਆਪ ਨੇ ਮੀਣਿਆਂ ਵੱਲੋਂ ਗੁਰਬਾਣੀ ਅੰਦਰ ਰਲਾ ਪਾਉਣ ਤੋਂ ਰੋਕਣ ਲਈ ਸੰਨ 1601 ਈ. ਤੋਂ 1604 ਈ. ਤੱਕ ਨਿਰੰਤਰ ਤਿੰਨ ਸਾਲਾਂ ਵਿੱਚ ਸੰਤੋਖਸਰ ਦੇ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਆਪਣੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਦੀ ਕਲਮ ਤੋਂ ਕਰਵਾ ਕੇ ਭਾਦੋਂ ਸੁਦੀ ਏਕਮ 14 ਅਗਸਤ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਨ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਥਾਪਿਆ। ਗੁਰਬਾਣੀ ਨੂੰ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਜਦੋਂ ਬਾਦਸ਼ਾਹ ਅਕਬਰ ਨੂੰ ਈਰਖਾਵਾਦੀ ਜੁੰਡਲੀ ਤੋਂ ਪਤਾ ਲੱਗਿਆ ਤਾਂ 24 ਨਵੰਬਰ 1598 ਈ. ਨੂੰ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਜੀ ਪਾਸ ਆ ਕੇ ਗੁਰਬਾਣੀ ਸੁਣੀ ਤੇ ਪ੍ਰਸੰਨਤਾ ਵੀ ਕੀਤੀ ਕਿ ਗੁਰੂ ਜੀ ਇੱਕ ਸਾਂਝਾ, ਮਾਨਵਤਾ ਨੂੰ ਲੋਕ ਪ੍ਰਲੋਕ ਦੀਆਂ ਕਦਰਾਂ ਕੀਮਤਾਂ ਸਿਖਾਉਣ ਤੇ ਦਰਸਾਉਣ ਵਾਲਾ ਸੱਚੀ ਤੇ ਇਲਾਹੀ ਬਾਣੀ ਦਾ ਪਵਿੱਤਰ ਧਾਰਮਿਕ ਗ੍ਰੰਥ ਤਿਆਰ ਕਰ ਰਹੇ ਹਨ ਅਤੇ ਫਿਰ ਗ੍ਰੰਥ ਸਾਹਿਬ ਤਿਆਰ ਕਰਨ ਉਪਰੰਤ ਬਟਾਲਾ ਵਿਖੇ ਮੰਗਵਾ ਕੇ ਸੁਣਿਆ ਤੇ ਤਸੱਲੀ ਪ੍ਰਗਟ ਕੀਤੀ। ਇਸੇ ਗ੍ਰੰਥ ਸਾਹਿਬ ਅੰਦਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦੀ ਬਾਣੀ ਦਰਜ ਕਰਕੇ ਸੰਪੂਰਨ ਕੀਤਾ ਤੇ ਜੋਤੀ ਜੋਤ ਸਮਾਉਣ ਸਮੇਂ 7 ਅਕਤੂਬਰ 1708 ਈ. ਨੂੰ ਤਖ਼ਤ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਖੇ ਗ੍ਰੰਥ ਸਾਹਿਬ ਨੂੰ ‘ਗੁਰੂ’ ਪਦਵੀ ਉਪਰ ਪ੍ਰਤਿਸ਼ਠਿਤ ਕਰਦਿਆਂ ਫੁਰਮਾਇਆ ਕਿ ”ਅੱਜ ਤੋਂ ਸਾਡੀ ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ ਹੋਵੇਗਾ।”

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੰਨੇ ਤੇ 31 ਰਾਗ ਅਤੇ 5894 ਸ਼ਬਦ ਹਨ। ਗੁਰੂ ਅਰਜਨ ਸਾਹਿਬ ਨੇ 30 ਰਾਗਾਂ ਵਿੱਚ 2218 ਸ਼ਬਦ ਉਚਾਰਨ ਕੀਤੇ ਜਿਨ੍ਹਾਂ ਵਿੱਚ ਬਾਰਾਮਾਂਹ (ਮਾਝ), ਬਾਵਨ ਅੱਖਰੀ, ਗੁਣਵੰਤੀ, ਸੋਹਲੇ, ਅੰਜੂਲੀਆਂ, ਚਉਬੋਲੇ, ਫੁਨਹੇ, ਗਉੜੀ, ਤਿਥੀ, ਦਿਨ ਰੈਣ, ਰੁੱਤੀ, ਸੁਖਮਨੀ, ਗਾਥਾ, ਅਸ਼ਟਪਦੀਆਂ, ਸਲੋਕ ਸਹਸਕ੍ਰਿਤੀ, ਬਿਰਹੜੇ ਤੇ ਛੇ ਵਾਰਾਂ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ। ਆਪ ਨੇ ਪਿਤਾ ਗੁਰੂ ਦੁਆਰਾ ਸੰਨ 1577 ਈ. ਤੇ ”ਗੁਰੂ ਚੱਕ” ਜਿਸ ਦਾ ਨਾਮ ਬੀਬੀ ਭਾਨੀ ਚੱਕ, ਗੁਰੂ ਰਾਮਦਾਸ ਚੱਕ ਤੇ ਗੁਰੂ ਰਾਮਦਾਸਪੁਰ ਵੀ ਰਿਹਾ ਹੈ ਤੇ ਜੋ ਅੱਜ-ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ, ਵਿਖੇ ਦੁਖਭੰਜਨੀ ਬੇਰੀ ਦੇ ਲਾਗੇ ਬਣਾਏ ਜਾ ਰਹੇ ਅੰਮ੍ਰਿਤ ਸਰੋਵਰ ਨੂੰ ਸੰਨ 1588 ਈ. ਵਿੱਚ ਸੰਪੂਰਨ ਕਰਕੇ ਵਿਚਕਾਰ ਧਰਮ ਸਥਾਨ ਬਣਾਇਆ, ਜਿਸ ਦਾ ਨਾਮ ਹਰਿਮੰਦਰ (ਦਰਬਾਰ ਸਾਹਿਬ) ਰੱਖਿਆ। ਪਿਛਲੀ ਸਦੀ ਤੋਂ ਇਸ ਨੂੰ ਗੋਲਡਨ ਟੈਂਪਲ ਕਹਿਣ ਦੀ ਜੋ ਗਲਤ ਪ੍ਰਥਾ ਪੈ ਰਹੀ ਹੈ, ਸਿੱਖ ਕੌਮ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ”ਹਰੀ ਪ੍ਰਭੂ ਦਾ ਮੰਦਰ” ਹੈ ਨਾ ਕਿ ”ਸੋਨੇ” ਦਾ ਮੰਦਰ ਹੈ। ਇਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਆਪ ਜੀ ਨੇ ਧਰਮ ਨਿਰਪੱਖ, ਮਾਨਵਵਾਦੀ ਤੇ ਸਾਂਝੀਵਾਲਤਾ ਦਾ ਪ੍ਰਤੱਖ ਸਬੂਤ ਦਿੱਤਾ। ਸ੍ਰੀ ਤਰਨ ਤਾਰਨ ਸੰਨ 1590 ਈ., ਸ੍ਰੀ ਹਰਿਗੋਬਿੰਦਪੁਰ ਸੰਨ 1596 ਈ. ਤੇ ਸ੍ਰੀ ਕਰਤਾਰਪੁਰ ਸੰਨ 1593 ਈ. ਵਿੱਚ ਨਗਰ ਵਸਾਏ। ਤਰਨ ਤਾਰਨ ਵਿਖੇ ਦੁੱਖ ਨਿਵਾਰਨ ਦਵਾਖਾਨਾ, ਯਤੀਮਖਾਨਾ ਤੇ ਕੁਸ਼ਟ ਆਸ਼ਰਮ ਵੀ ਚਾਲੂ ਕੀਤੇ। ਸੰਨ 1586 ਈ. ਵਿੱਚ ਸੰਤੋਖਸਰ, ਸੰਨ 1588 ਈ. ਵਿੱਚ ਅੰਮ੍ਰਿਤਸਰ, ਰਾਮਸਰ ਆਦਿ ਸਰੋਵਰ ਬਣਾਏ। ਜੁਲਾਈ 1595 ਈ. ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਛੇਹਰਟਾ ਸਾਹਿਬ, ਬਾਉਲੀ ਸਾਹਿਬ ਲਾਹੌਰ ਵਿਖੇ ਡੱਬੀ ਬਾਜ਼ਾਰ ਵਿੱਚ ਸੰਨ 1599 ਈ., ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਦੇ ਆਲੇ ਦੁਆਲੇ 50 ਕਿਲੋਮੀਟਰ ਤਕ ਮਾਝੇ ਤੇ ਦੁਆਬੇ ਵਿਚ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਦਰਜਨਾਂ ਹੀ ਸਰੋਵਰ, ਖੂਹ ਤੇ ਬਾਉਲੀਆਂ ਬਣਾ ਕੇ ਸਿੱਖਾਂ ਨੂੰ ਨਾਮ ਦਾਨ ਦੇ ਉਪਦੇਸ਼ ਦਿੱਤੇ। ਆਪ ਜੀ ਜਿੱਥੇ ਇੱਕ ਮਹਾਨ ਤੇ ਉੱਚ ਕੋਟੀ ਦੇ ਕਵੀ, ਸੰਗੀਤਕਾਰ, ਨਿਪੁੰਨ ਤੇ ਨਿਰਪੱਖ ਸੰਪਾਦਕ, ਰੂਹਾਨੀਅਤ ਦੇ ਚਸ਼ਮਾ, ਨਿਰਭੈਤਾ ਵਾਲੇ ਲੋਹ ਪੁਰਸ਼ ਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ, ਉਥੇ ਚੰਗੇ ਘੋੜ ਸਵਾਰ ਤੇ ਘੋੜਿਆਂ ਦੇ ਵਪਾਰੀ ਵੀ ਸਨ। ਆਪ ਜੀ ਮਾਤਾ-ਪਿਤਾ ਦੇ ਆਗਿਆਕਾਰੀ ਸਪੁੱਤਰ, ਖਿਮਾਵਾਨ ਭਰਾ, ਪਿਆਰੇ ਪਤੀ, ਸੱਚੇ ਪੱਥ ਪ੍ਰਦਰਸ਼ਕ ਪਿਤਾ ਤੇ ਭਗਤ ਰੱਖਿਅਕ ਆਦਿ ਗੁਣਾਂ ਵਿੱਚ ਸੰਪੰਨ ਸਨ। ਗੁਰਮੁਖੀ ਤੋਂ ਇਲਾਵਾ ਸੰਸਕ੍ਰਿਤ, ਹਿੰਦੀ, ਅਰਬੀ ਤੇ ਫਾਰਸੀ ਦੇ ਵੀ ਮਹਾਨ ਵਿਦਵਾਨ ਸਨ। ਆਪ ਜੀ ਕੇਵਲ ਸੰਤ ਗੁਰੂ ਹੀ ਨਹੀਂ ਸਨ ਸਗੋਂ ਅਮਲੀ ਜੀਵਨ-ਸੰਘਰਸ਼ ਅਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਵਿੱਚ ਵੀ ਵਿਸ਼ਵਾਸ਼ ਰੱਖਦੇ ਸਨ। ਜਿਵੇਂਕਿ ਲਾਹੌਰ ਵਿਖੇ ਸੰਨ 1597 ਈ. ਨੂੰ ਕਾਲ ਅਤੇ ਔੜ ਪੈਣ ਸਮੇਂ ਆਪ ਜੀ ਨੇ ਇਲਾਕੇ ਭਰ ਵਿੱਚ ਖੂਹ ਬਣਵਾਏ। ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਇਨ੍ਹਾਂ ਦੀ ਗਿਣਤੀ ਬਾਰਾਂ ਹੈ। ਲਾਹੌਰ ਵਿਖੇ ਕਾਲ ਪੈਣ ‘ਤੇ ਲੋੜਵੰਦਾਂ ਦੀ ਸਹਾਇਤਾ ਕੀਤੀ, ਥਾਂ-ਥਾਂ ਲੰਗਰ ਚਲਾਏ, ਨਿਰੰਤਰ ਅੱਠ ਮਹੀਨੇ ਇੱਥੇ ਰਹਿ ਕੇ ਦੁਖੀ ਮਾਨਵਤਾ ਦੀ ਹੱਥੀਂ ਸੇਵਾ ਕੀਤੀ। ਇਸ ਤੋਂ ਇਲਾਵਾ ਅਕਬਰ ਬਾਦਸ਼ਾਹ ਪਾਸੋਂ ਵੀ ਕਿਸਾਨਾਂ ਦਾ ਮਾਮਲਾ ਮੁਆਫ ਕਰਵਾਇਆ। ਬੀਰਬਲ (ਮਹੇਸ਼ ਦਾਸ) ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ ਇੱਕ ਰੁਪਈਆ ਪ੍ਰਤੀ ਘਰ ਟੈਕਸ ਲਾਏ ਜਾਣ ਦਾ ਸਖਤ ਵਿਰੋਧ ਕਰਦਿਆਂ ਭਰਨ ਤੋਂ ਸਾਫ ਇਨਕਾਰ ਕਰਕੇ ਉੱਥੋਂ ਦੇ ਵਾਸੀਆਂ ਨੂੰ ਭਾਰੀ ਰਾਹਤ ਦਿਵਾਈ। ਸ੍ਰੀ ਗੁਰੂ ਰਾਮਦਾਸ ਵੱਲੋਂ ਚਲਾਈ ਸਿੱਖਾਂ ਪਾਸੋਂ ਦਸਵੰਧ ਇਕੱਠਾ ਕਰਨ ਵਾਲੀ ਮਸੰਦ ਪ੍ਰਥਾ ਨੂੰ ਮਜ਼ਬੂਤ ਕਰਕੇ ਸਿੱਖਾਂ ਅੰਦਰ ਸਾਂਝੇ ਕੌਮੀ ਫੰਡ ਤੇ ਗਰੀਬ ਅਨਾਥਾਂ ਦੀ ਲੋੜ ਸਮੇਂ ਸਹਾਇਤਾ ਕਰਨ ਲਈ ਦਸਵੰਧ ਦੀ ਮਰਿਯਾਦਾ ਦਾ ਘੇਰਾ ਹੋਰ ਵਧਾਉਣ ਲਈ ਤੇ ਗੁਰੂ ਘਰ ਤਕ ਠੀਕ ਤਰ੍ਹਾਂ ਪਹੁੰਚਾਉਣ ਲਈ ਠੋਸ ਕਾਰਵਾਈ ਸ਼ੁਰੂ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਚਲਾਈ ਵਿਧਵਾ ਵਿਆਹ ਦੀ ਰਸਮ ਉਪਰ ਅਮਲ ਕਰਦਿਆਂ ਹੇਮੇ ਚੌਧਰੀ ਦਾ ਇੱਕ ਵਿਧਵਾ ਔਰਤ ਨਾਲ ਵਿਆਹ ਕਰਵਾਇਆ। ਦੁਰਕਾਰੇ, ਲਤਾੜੇ ਤੇ ਕੁਚਲੇ ਜਾ ਰਹੇ ਲੋਕਾਂ ਨੂੰ ਜੱਥੇਬੰਦ ਕਰਕੇ ਆਤਮਿਕ ਤੇ ਆਰਥਿਕ ਤੌਰ ‘ਤੇ ਉੱਚਾ ਉਠਾਉਣ ਲਈ ਜਿੱਥੇ ਉਨ੍ਹਾਂ ਨੂੰ ਨਾਮ, ਬਾਣੀ, ਸੇਵਾ, ਸਿਮਰਨ ਵੱਲ ਲਾਇਆ ਉਥੇ ਰੁਜ਼ਗਾਰ ਅਤੇ ਵਪਾਰ ਵੱਲ ਵੀ ਪ੍ਰੇਰਿਤ ਕੀਤਾ। ਆਪ ਜੀ ਨੇ ਕਾਬਲ, ਕੰਧਾਰ, ਬਨਾਰਸ, ਪਟਨਾ, ਲਖਨਊ, ਪਰਾਗ, ਉਜੈਨ, ਢਾਕਾ ਤੇ ਕਸ਼ਮੀਰ ਆਦਿ ਦੂਰ-ਦੂਰ ਤਕ ਸਿੱਖ ਪ੍ਰਚਾਰਕ ਭੇਜ ਕੇ ਸਿੱਖੀ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ।

ਗੁਰੂ ਜੀ ਦੀ ਸ਼ਹਾਦਤ ਪਿੱਛੇ ਉਨ੍ਹਾਂ ਕੱਟੜਵਾਦੀ, ਹਿੰਦੂ-ਮੁਸਲਮ ਤੰਗ ਦਿਲੀਆਂ ਅਤੇ ਰਾਜਸੀ ਸੰਸਥਾਵਾਂ ਦਾ ਹੱਥ ਹੈ ਜੋ ਸਿੱਖਾਂ ਦੇ ਮਾਨਵਵਾਦੀ ਸਿਧਾਂਤ, ਸਾਂਝੇ ਲੰਗਰ, ਭੈ-ਭਰਮ ਰਹਿਤ ਸਮਾਜ ਸਿਰਜਣ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਕਾਲੀ ਤੇ ਸਰਬਦੇਸੀ ਸੱਚ ਦੇ ਲਾਸਾਨੀ ਸਿਧਾਤਾਂ ਦੀ ਤਾਬ ਨਾ ਝਲਦਿਆਂ ਹੋਇਆਂ, ਸਿੱਖਾਂ ਅੰਦਰ ਜਾਤ-ਪਾਤ, ਵਰਨ-ਆਸ਼ਰਮ, ਅੰਧ ਵਿਸ਼ਵਾਸਾਂ ਤੇ ਪਾਖੰਡਾਂ ਆਦਿ ਨੂੰ ਕੋਈ ਥਾਂ ਨਹੀਂ ਹੋਣ ਕਰ ਕੇ, ਅੰਦਰੋਂ ਅੰਦਰੀ ਖਾਰ ਖਾਂਦੇ ਸਨ ਤੇ ਜਿਸ ਨੂੰ ਬਰਦਾਸ਼ਤ ਕਰਨਾ ਇਨ੍ਹਾਂ ਲਈ ਅਸੰਭਵ ਸੀ। ਸੰਨ 1598 ਈ. ਵਿੱਚ ਉਨ੍ਹਾਂ ਨੇ ਇੱਕ ਸਾਂਝੀ ਜੁੰਡਲੀ ਬਣਾ ਕੇ ਸਿੱਖੀ ਦਾ ਵਿਰੋਧ ਸਿੱਧੇ ਜਾਂ ਅਸਿੱਧੇ ਢੰਗ ਵਰਤ ਕੇ ਖੁੱਲ੍ਹੇ ਆਮ ਕਰਨਾ ਸ਼ੁਰੂ ਕਰ ਦਿੱਤਾ। ਪਰ ਬਾਦਸ਼ਾਹ ਅਕਬਰ ਦੀ ਨਿਰਪੱਖ ਨੀਤੀ ਤੇ ਫਿਰਾਕ ਦਿਲੀ ਦੇ ਸਾਹਮਣੇ ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਇਸ ਚੰਡਾਲ ਚੌਕੜੀ ਦਾ ਸਰਪ੍ਰਸਤ ਨਕਸ਼ਬੰਦੀ ਆਗੂ ਸ਼ੇਖ ਅਹਿਮਦ ਸਰਹੰਦੀ ਸੀ।

ਦੂਜੇ ਸ਼ੇਖ ਫਰੀਦ ਬੁਖਾਰੀ ਸਨ ਜਿਨ੍ਹਾਂ ਨੂੰ ਬਾਦਸ਼ਾਹ ਵੱਲੋਂ ਮੁਰਤਜਾ ਖਾਂ (ਖੁਸ਼ੀ ਦਾ ਖਜ਼ਾਨਾ) ਦੀ ਉਪਾਧੀ ਹਾਸਲ ਸੀ। ਸਖੀ ਸਰਵਰੀਏ ਵੀ ਸਿੱਖ-ਸਿਧਾਂਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਾ ਹੋਣ ਕਾਰਨ ਆਪਣੀ ਰੋਜ਼ੀ ਰੋਟੀ ਦੇ ਫਿਕਰ ਵਿੱਚ ਹੀ ਗੁਰੂ ਘਰ ਦੇ ਵਿਰੋਧੀ ਬਣ ਬੈਠੇ। ਪ੍ਰਿਥੀ ਚੰਦ ਵੀ ਇਸ ਵਿੱਚ ਸ਼ਾਮਲ ਸੀ, ਜਿਸ ਨੇ ਗੁਰਗੱਦੀ ਦੀ ਲਾਲਸਾ ਅਧੀਨ ਕਮੀਨਗੀ ਦੀ ਹੱਦ ਤਕ ਜਾ ਕੇ ਗੁਰੂ ਜੀ ਅਤੇ ਇਨ੍ਹਾਂ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੀਵਨ ਭਰ ਵੈਰ ਕਮਾਇਆ ਅਤੇ ਸੁਲਹੀ ਖਾਂ ਤੇ ਇਸ ਦੇ ਭਤੀਜੇ ਸੁਲਬੀ ਖਾਨ ਨੂੰ ਹਮਲਾ ਕਰਨ ਲਈ ਉਕਸਾਇਆ, ਪਰ ਇਹ ਦੋਨੋਂ ਹੀ ਅਣਹੋਣੀ ਮੌਤ ਮਰ ਗਏ। ਇਸੇ ਲਈ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਮੀਣਾ (ਕਪਟੀ) ਲਿਖਿਆ ਹੈ। ਚੰਦੂਸ਼ਾਹ ਖੱਤਰੀ ਸ਼ਾਹੀ ਦਰਬਾਰ ਵਿੱਚ ਦੀਵਾਨ ਸੀ, ਨੇ ਵੀ ਹੰਕਾਰੀ ਤੇ ਨੀਚ ਬਿਰਤੀ ਦਾ ਪ੍ਰਗਟਾਵਾ ਕਰਦਿਆਂ ਗੁਰੂ ਜੀ ਵੱਲੋਂ ਇਸ ਦੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਨਾ ਲੈਣ ਕਾਰਨ ਗੁਰੂ ਜੀ ਨੂੰ ਕਸ਼ਟ ਦੇ ਕੇ ਆਪਣੇ ਮਨ ਦੀ ਭੜਾਸ ਕੱਢੀ। ਅਕਬਰ ਬਾਦਸ਼ਾਹ ਦੀ 17 ਅਕਤੂਬਰ 1605 ਈ. ਨੂੰ ਹੋਈ ਮੌਤ ਤੋਂ ਬਾਅਦ 27 ਅਕਤੂਬਰ ਨੂੰ ਜਹਾਂਗੀਰ ਨੇ ਰਾਜਗੱਦੀ  ਉਪਰ ਬੈਠਦਿਆਂ ਹੀ ਅਕਬਰ ਦੀ ਮਾਨਵਵਾਦੀ ਨਿਰਪੱਖ ਸੋਚ ਨੂੰ ਤਿਲਾਂਜਲੀ ਦੇ ਦਿੱਤੀ। ਜਹਾਂਗੀਰ ਸਿੱਖ ਧਰਮ ਦੇ ਹੋ ਰਹੇ ਵਿਕਾਸ ਨੂੰ ਕੁਫਰ (ਝੂਠ) ਦੀ ਦੁਕਾਨ ਹੀ ਮੰਨਦਾ ਸੀ ਤੇ ਇਸ ਨੂੰ ਖਤਮ ਕਰਨ ਜਾਂ ਇਸਲਾਮ ਦੇ ਘੇਰੇ ਵਿੱਚ ਹੀ ਲਿਆਉਣਾ ਚਾਹੁੰਦਾ ਸੀ। (ਦੇਖੋ ਤੁਜ਼ਕਿ-ਜਹਾਂਗੀਰੀ ਪੰਨਾ 35)। ਚੰਡਾਲ ਚੌਕੜੀ ਦੇ ਮਗਰ ਲੱਗ ਕੇ ਸਹਿਜ਼ਾਦਾ ਖੁਸਰੋ ਦੀ ਮਦਦ ਕੀਤੇ ਜਾਣ ਦੇ ਘੜੇ, ਫਰਜ਼ੀ ਦੂਸ਼ਨਾਂ ‘ਤੇ ਅਧਾਰਿਤ ਗੁਰੂ ਜੀ ਨੂੰ 15 ਮਈ 1606 ਈ. ”ਯਾਸ਼ਾ” ਰਾਹੀਂ ਸ਼ਹੀਦ ਕੀਤੇ ਜਾਣ ਦਾ ਹੁਕਮ ਚਾੜ੍ਹ ਕੇ ਤੁਰੰਤ ਸ਼ੇਖ ਫਰੀਦ ਬੁਖਾਰੀ ਦੇ ਹਵਾਲੇ ਕਰਨ ਲਈ ਪੰਜਾਬ ਦੇ ਨਵਾਬ ਸਹਿਜ਼ਾਦਾ ਖੁਰਮ ਨੂੰ ਕਹਿ ਭੇਜਿਆ, ਜਿਸ ਨੇ ਚੰਦੂ ਦੀ ਨਿਗਰਾਨੀ ਹੇਠ ਨਿਰੰਤਰ ਪੰਜ ਦਿਨ ਭੁੱਖੇ ਪਿਆਸੇ ਰੱਖ ਕੇ, ਤੱਤੀ ਤਵੀ ਉਪਰ ਬਿਠਾ ਕੇ, ਤਪਦੀ ਰੇਤ ਸਰੀਰ ਉਪਰ ਪਾ ਕੇ, ਗਰਮ ਪਾਣੀ ਵਿੱਚ ਉਬਾਲ ਕੇ ਤੇ ਫਿਰ ਰਾਵੀ ਦਰਿਆ ਦੇ ਠੰਢੇ ਪਾਣੀ ਡੁਬੋ ਕੇ, ਇੰਨੇ ਦਿਲ ਕੰਬਾਊ, ਅਸਹਿ ਤੇ ਅਕਹਿ ਤਸੀਹੇ ਦੇ ਕੇ ਰਾਵੀ ਦੇ ਕਿਨਾਰੇ ਲਾਹੌਰ ਵਿਖੇ ਗੁਰੂ ਜੀ ਨੂੰ 30 ਮਈ 1606 ਈ. ਹੇਠ ਵਦੀ ਚੌਥ ਨੂੰ ਸ਼ਹੀਦ ਕੀਤਾ। ਸਤਿਗੁਰੂ ਜੀ ਨੇ 43 ਸਾਲ ਦੀ ਆਯੂ ਵਿੱਚ ਹੀ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਦੇ ਭਾਣੇ ਅੰਦਰ ਰਹਿੰਦੇ ਅਹਿਲੇ ਸ਼ਹਾਦਤ ਰਚੀ ਤੇ ਨਿਰੰਕਾਰ ਪਾਤਸ਼ਾਹ ਦੀ ਅਗੰਮੀ ਜੋਤ ਵਿੱਚ ਜਾ ਬਿਲੀਨ ਹੋਏ। ਤੁਜ਼ਕਿ-ਜਹਾਂਗੀਰੀ ਪੰਨਾ 35 ਉਪਰ ”ਯਾਸ਼ਾ” ਰਾਹੀਂ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੇ ਹੁਕਮ ਦਾ ਖੁਲਾਸਾ ਬਾਦਸ਼ਾਹ ਜਹਾਂਗੀਰ ਨੇ 19 ਜੂਨ 1606 ਈ. ਨੂੰ ਲਿਖਿਆ। ਆਪ  ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਪਹਿਲੀ ਤੇ ਵਿਸ਼ਵ ਦੇ ਇਤਿਹਾਸ ਅੰਦਰ ਲਾਸਾਨੀ, ਬੇਮਿਸਾਲ ਤੇ ਜੁਗ ਪਲਟਾਊ ਸ਼ਹੀਦੀ ਸਬਰ ਦੀ ਜਬਰ ਵਿਰੁੱਧ ਅਮਰ ਅਜੋੜ ਅਹਿਲੇ ਸ਼ਹਾਦਤ ਕਹੀ ਜਾ ਸਕਦੀ ਹੈ। ਕਿਉਂਕਿ ਗੁਰੂ ਜੀ ਨੇ ਇਸ ਸ਼ਹਾਦਤ ਰਾਹੀਂ ਸਮੁੱਚੀ ਮਾਨਵ ਜਾਤੀ ਨੂੰ ਅਣਖ ਇੱਜ਼ਤ ਨਾਲ ਮਰਦਾਂ ਵਾਲੀ ਮੌਤ ਕਬੂਲ ਕਰਨ ਦਾ ਚੱਜ ਆਚਾਰ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਹੀ ਮਜ਼ਬੂਤ ਨਹੀਂ ਕੀਤੀਆਂ ਸਗੋਂ ਸਿੱਖਾਂ ਨੂੰ ਅੱਗੋਂ ਲਈ ਭਗਤੀ ਤੇ ਸ਼ਕਤੀ ਦੇ ਸਾਂਝੇ ਗੁਣ ਧਾਰਨ ਕਰਕੇ ਮਰਜੀਵੜੇ ਬਣ ਕੇ ਹੱਸ ਹੱਸ ਸ਼ਹਾਦਤਾਂ ਦੇਣ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰ ਦਿੱਤਾ।