ਕਾਂਗਰਸੀਓ! ਦਿੱਲੀ ਨਸਲਕੁਸ਼ੀ ਦੀਆਂ ਪੀੜ੍ਹਤ ਬੀਬੀਆਂ ਨੂੰ ਵੀ ਕਦੇ ਪਾਰਲੀਮੈਂਟ ਲਿਜਾ ਸਕੋਗੇ

” ਭਾਈ! ਕਹਿੰਦੇ ਨੇ ਬਈ ਕੱਲ ਤਾਂ ਕਾਂਗਰਸੀਆਂ ਨੇ ਲੋਹੜਾ ਹੀ ਮਾਰਿਆ, ਸੁਣਿਐ ਕਿ ਕਾਂਗਰਸੀ ਵਿਧਾਇਕ ਨੇ ਤਾਂ ਪੰਜਾਬ ਵਿਧਾਨ ‘ਚ ਸਪੀਕਰ ਵਾਲੀ ਕੁਰਸੀ ‘ਤੇ ਕਬਜਾ ਕਰ ਲਿਐ ਤੇ ਵਿਧਾਨ ਸਭਾ ‘ਚ ਲਾਏ ਸਕਿਉਰਟੀ ਵਾਲੇ ਵੀ ਕੁਟ ਧਰੇ” ਬਾਬਾ ਲਾਭ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕਾਂ ਵੱਲੋਂ ਕੀਤੇ ਖੜਕੇ ਦੜਕੇ ਬਾਰੇ ਗੱਲ ਕੀਤੀ। ” ਹਾਂ ਬਾਬਾ ਜੀ! ਅਜੇ ਤਾਂ ਪਰਸੋਂ ਈ ਪਿਛਲੇ ਸਦਨ ਮੌਕੇ ਰਾਣਾ ਗੁਰਜੀਤ ਤੇ ਮਜੀਠੀਏ ਵਿੱਚ ਹੋਈ ਗਾਲੀ ਗਲੋਚ ਦਾ ਮਾਮਲਾ ਨਿਬੜਿਆ ਸੀ, ਕਿ ਕਾਂਗਰਸੀਆਂ ਨੇ ਕੱਲ ਹੋਰ ਚੰਦ ਚਾੜ’ਤਾ” ਸ਼ਿੰਦੇ ਅਤੇ ਬਾਬਾ ਲਾਭ ਸਿੰਘ ਵਿੱਚਕਾਰ ਹੋ ਰਹੀ ਗੱਲ ਸੁਣ ਕੇ ਬਿੱਕਰ ਨੇ ਵੀ ਬਹਿਸ ‘ਚ ਹਿੱਸਾ ਲਿਆ ” ਪਰ ਯਾਰ ਕਾਮਰੇਡਾ! ਇਹਨਾਂ ਕਾਂਗਰਸੀਆਂ ਨੇ ਆਖਰ ਹੁਣ ਵਿਧਾਨ ਸਭਾ ‘ਚ ਰੌਲਾ ਕੇਹੜੀ ਗੱਲੋਂ ਪਾਇਐ” ਬਿੱਕਰ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸ਼ਿੰਦੇ ਨੇ ਕਿਹਾ ” ਅਮਲੀਆ! ਰੌਲਾ ਕਾਹਦਾ ਹੋਣਾ ਯਾਰ, ਜੇਹੜੀ ਕੁੜੀ ਦੀ ਤਰਨਤਾਰਨ ਪੁਲਿਸ ਵੱਲੋਂ ਕੁਟਮਾਰ ਕੀਤੀ ਗਈ, ਹੁਣ ਕਾਂਗਰਸੀ ਦਲ ਦਾ ਆਗੂ ਸੁਨੀਲ ਜਾਖੜ ਉਸੇ ਕੁੜੀ ਨੂੰ ਬਿਨਾਂ ਪਾਸ ਬਣਾਏ ਈ ਵਿਧਾਨ ਸਭਾ ‘ਚ ਲੈ ਗਿਆ, ਜਦੋਂ ਵਿਧਾਨ ਦੀ ਸਕਿਉਰਟੀ ਵਾਲੀ ਪੁਲਿਸ ਨੇ ਰੋਕਿਆ ਤਾਂ ਕਾਂਗਰਸੀਆਂ ਨੇ ਸਕਿਉਰਟੀ ਵਾਲੇ ਈ ਫੈਂਟ ਧਰੇ, ਵਿਧਾਨ ਸਭਾ ‘ਚ ਖੂਬ ਹੱਲਾ ਗੁੱਲਾ ਕੀਤਾ, ਸਪੀਕਰ ਦੀ ਕੁਰਸੀ ‘ਤੇ ਕਬਜਾ ਕਰ ਲਿਆ ਗਿਆ” ਸ਼ਿੰਦੇ ਦੀ ਗੱਲ ਸੁਣਦਿਆਂ ਈ ਬਿੱਕਰ ਬੋਲਿਆ ”ਕਾਮਰੇਡਾ! ਮੰਨਿਆ ਬਈ ਤਰਨਤਾਰਨ ਦੀ ਪੁਲਿਸ ਨੇ ਉਸ ਕੁੜੀ ਨਾਲ ਨਜਾਇਜ ਕੁਟਮਾਰ ਅਤੇ ਧੱਕੇਸ਼ਾਹੀ ਕੀਤੀ, ਪਰ ਇਹ ਮਾਮਲਾ ਸਾਹਮਣੇ ਆਉਣ ‘ਤੇ ਕੁੜੀ ਨਾਲ ਕੁਟਮਾਰ ਕਰਨ ਵਾਲੇ ਪੁਲਸੀਏ ਸਸਪੈਂਡ ਵੀ ਕਰਕੇ ਗ੍ਰਿਫਤਾਰ ਵੀ ਕਰ ਲਏ ਗਏ, ਪਰ ਏਹਨਾਂ ਕਾਂਗਰਸੀਆਂ ਦੇ ਰਾਜ ਮੌਕੇ ਪੁਲਿਸ ਵੱਲੋਂ ਜੇਹੜੀਆਂ ਧੀਆਂ ਭੈਣਾਂ ਨਾਲ ਉਸ ਕੁੜੀ ਨਾਲੋਂ ਵੀ ਕਿਤੇ ਮਾੜਾ ਸਲੂਕ ਕੀਤਾ ਸੀ, ਉਹਨਾਂ ਬਾਰੇ ਤਾਂ ਕਾਂਗਰਸੀਆਂ ਨੇ ਕਦੇ ਵੀ ਕੋਈ ਅਵਾਜ਼ ਨਈਂ ਉਠਾਈ ਸੀ ” ਬਿੱਕਰ ਦੀ ਇਸ ਗੱਲ ਨਾਲ ਸਹਿਮਤ ਹੁੰਦਿਆਂ ਬਾਬਾ ਲਾਭ ਸਿੰਘ ਨੇ ਕਿਹਾ ” ਹਾਂ ਭਾਈ! ਗੱਲ ਤੇਰੀ ਸਹੀ ਐ, ਤਰਨਤਾਰਨ ਪੁਲਿਸ ਨੇ ਬਹੁਤ ਮਾੜੀ ਹਰਕਤ ਕੀਤੀ ਐ, ਜੀਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਈ ਘੱਟ ਐ, ਜਿੰਮੇਵਾਰ ਪੁਲਸੀਆਂ ਨੂੰ ਵੀ ਕਰੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਐ ਤਾਂ ਕਿ ਉਹ ਹੋਰਾਂ ਲਈ ਵੀ ਸਬਕ ਹੋਵੇ, ਪਰ ਇਹ ਗੱਲ ਵੀ ਸੋਚਣ ਵਾਲੀ ਐ ਬਈ ਇੱਕ ਬੀਬੀ ਦਾ ਤਾਂ ਕਾਂਗਰਸੀਆਂ ਨੂੰ ਅਚਾਨਕ ਏਡਾ ਵੱਡਾ ਦੁੱਖ ਕਿਵੇ ਹੋਇਐ, ਬਈ ਉਹਨਾਂ ਨੂੰ ਵਿਧਾਨ ਸਭਾ ਦੀ ਵੀ ਸਾਰੀ ਮਾਣ ਮਰਿਯਾਦਾ ਭੁੱਲ’ਗੀ, ਏਡਾ ਵੱਡਾ ਹੱਲਾ ਗੁਲਾ ਕਰਨ ਵਾਲਿਆਂ ਨੂੰ ਇਹ ਵੀ ਪੁਛਣਹ ਚਾਹੀਦੈ ਬਈ ਕਾਂਗਰਸੀਓ! ਦਿੱਲੀ ਨਸਲਕੁਸ਼ੀ ਦੀਆਂ ਪੀੜ੍ਹਤ ਬੀਬੀਆਂ ਨੂੰ ਵੀ ਕਦੇ ਪਾਰਲੀਮੈਂਟ ਲਿਜਾ ਸਕੋਗੇ, ਹੁਣ ਤਾਂ ਤੀਂਹ ਸਾਲ ਹੋਣ ਵਾਲੇ ਨੇ, ਉਹਨਾਂ ਬੀਬੀਆਂ ਦੇ ਹੱਕ ਹੁਣ ਤੱਕ ਥੋਡੇ ਕੋਲੋਂ ਹਾਅ ਦਾ ਨਾਅਰਾ ਵੀ ਨਈਂ ਵੱਜਿਆ” ਬਾਬਾ ਲਾਭ ਸਿੰਘ ਦੇ ਬੋਲਾਂ ਵਿੱਚ ਰੋਸ ਦੇ ਨਾਲ ਨਾਲ ਗੁੱਸੇ ਦਾ ਵੀ ਝਲਕਾਰਾ ਪੈ ਰਿਹਾ ਸੀ। ”ਬਾਬਾ ਜੀ! ਅਸਲ ‘ਚ ਕਾਂਗਰਸੀਆਂ ਦੇ ਰਾਜ ਵੀ ਪੁਲਿਸ ਨੇ ਕੁੜੀਆਂ ਨਾਲ ਘੱਟ ਨਈਂ ਗੁਜਾਰੀ, ਕਦੇ ਕਿਤੇ ਟੀਚਰਾਂ ਕੁੱਟੀਆਂ ਸੀ ਤੇ ਕਦੇ ਕਿਤੇ ਨਰਸਾਂ, ਆਹ ਤਰਨਤਾਰਨ ਵਾਲੀ ਕੁੜੀ ਦਾ ਸਹਾਰਾ ਲੈ ਕੇ ਤਾਂ ਕਾਂਗਰਸੀ ਆਪਣੀਆਂ ਲਗਾਤਾਰ ਹੋ ਰਹੀਆਂ ਹਾਰਾਂ ਤੋਂ ਬਾਅਦ ਫੋਕੀ ਵਾਹ ਵਾਹ ਖੱਟ ਮੀਡੀਏ ‘ਚ ਆਉਣ ਦਾ ਜੁਗਾੜ ਕੀਤੇ, ਪੰਜਾਬ ਦੇ ਲੋਕਾਂ ਨੂੰ ਰੇਤਾ, ਬਜਰੀ, ਇੱਟਾਂ, ਬਿਜਲੀ, ਮਜਦੂਰੀ, ਨੌਕਰੀਆਂ ਸਮੇਤ ਕੁਛ ਵੀ ਨਈਂ ਮਿਲ ਰਿਹਾ, ਮੁਲਜਮਾਂ ਨੂੰ ਟਾਇਮ ‘ਤੇ ਤਨਖਾਹਾਂ ਨਈਂ ਮਿਲਦੀਆਂ, ਉਹ ਤਾਂ ਕਾਂਗਰਸੀਆਂ ਨੂੰ ਦਿਸਦਾ ਨਈਂ, ਅਸਲੀ ਮੁੱਦੇ ਛੱਡ ਕੇ ਇਹ ਕਾਂਗਰਸੀ ਤਾਂ ਸਸਤੀ ਸੋਹਰਤ ਖੱਟਣ ਦਾ ਜੁਗਾੜ ਕਰ ਰਹੇ ਨੇ” ਸ਼ਿੰਦੇ ਦੀ ਇਸ ਗੱਲ ਨੂੰ ਮਨਾਂ ਵਿੱਚ ਸੋਚਦੇ ਸਾਰੇ ਆਪੋ ਆਪਣੇ ਘਰਾਂ ਵੱਲ ਨੂੰ ਹੋ ਤੁਰੇ। ਘੁਣਤਰੀ 98764-16009