ਘੁਣਤਰਾਂ : ਜਲ ਏ ਹਰਨਾਕੁਸ਼, ਥਲ ਏ ਹਰਨਾਕੁਸ਼

”ਕਾਮਰੇਡਾ ! ਪੰਜਾਬ ‘ਚ ਆਹ ਕੀ ਨਵੀਂ ਈ ਹਵਾ ਚੱਲ ਪਈ ਐ, ਬਾਦਲ ਸਾਬ• ਦੀ ਸਰਕਾਰ ਥਾਂ ਥਾਂ ਤੋਂ ਬੰਦੇ ਫੜੀ ਜਾਂਦੀ ਐ, ਤੇ ਉਨਾਂ ਕੋਲੋਂ ਦੱਸਦੇ ਨੇ ਮਾਣਾਂ  ਮੂੰਹੀ ਅਸਲਾ ਵੀ ਬਰਾਮਦ ਹੋਈ ਜਾਂਦੈ, ਹੋਰ ਤਾਂ ਹੋਰ ਪੰਚ ਪ੍ਰਧਾਨੀ ਵਾਲਾ ਭਾਈ ਦਲਜੀਤ ਸਿੰਘ ਬਿੱਟੂ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ ਵੀ ਟੰਗ ‘ਤਾ, ਕਹਿੰਦੇ ਉਹਦੇ ਕੋਲੋਂ ਤਾਂ ਗਰਨੇਡ ਫੜੇ ਗਏ ਨੇ ” ਬਿੱਕਰ ਦੀ ਇਹ ਗੱਲ ਸੁਣ ਕੇ ਸ਼ਿੰਦਾ ਕਹਿਣ ਲੱਗਿਆ ” ਅਮਲੀਆ! ਪੰਚ ਪ੍ਰਧਾਨੀ ਵਾਲਿਆਂ ਤੇ ਖਾਲਿਸਤਾਨੀ ਗਰੁੱਪਾਂ ਵਾਲਿਆਂ ਦੀ ਤਾਂ ਪੰਜਾਬ ਸਰਕਾਰ ਪਹਿਲਾਂ ਈ ਫੜੋ  ਫੜੀ ਕਰਦੀ ਰਹਿੰਦੀ ਸੀ , ਪਰ ਐਤਕੀਂ ਤਾਂ ਬਾਦਲ ਸਰਕਾਰ ਲੋਹੜਾ ਈ ਮਾਰੀ ਜਾਂਦੀ ਐ, ਆਹ ਮਨਪ੍ਰੀਤ ਬਾਦਲ ਦੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਚੋਣ ਲੜੇ ਨੌਜਵਾਨ ਆਗੂ ਲੱਖੇ ਸਧਾਨੇ ਨੂੰ ਵੀ ਨਜਾਇਜ਼ ਅਸਲੇ ਦਾ ਕੇਸ ਪਾ ਕੇ ਅੰਦਰ ਦੇ’ਤਾ, ਪੁਲਸ ਵਾਲਿਆਂ ਨੇ ਉਹਨਾਂ ਨੂੰ ਚੋਰਾਂ ਵਾਂਗੂ ਮੂੰਹ ਬੰਨਕੇ ਮੂਹਰੇ ਬਿਠਾ ਬਿਠਾ ਕੇ ਫੋਟੋਆਂ ਲਵਾਈਆਂ ਨੇ ਅਖਬਾਰਾਂ ‘ਚ, ਮੈਨੂੰ ਤਾਂ ਇਹ ਸਮਝ ਨੀਂ ਆਉਂਦੀ, ਅਜੇ ਕੋਈ ਵੋਟਾਂ ਵੀ ਨਈਂ ਪੈਣ ਵਾਲੀਆਂ, ਫੇਰ ਵਿਰੋਧੀ ਆਗੂਆਂ ਨੂੰ ਫੜਣ ਦੀ ਬਾਦਲ ਸਰਕਾਰ ਦੀ ਅਸਲ ਨੀਤੀ ਕੀ ਐ ” ਸ਼ਿੰਦੇ ਅਤੇ ਬਿੱਕਰ ਵਿਚਕਾਰ ਹੋ ਰਹੀ ਇਹ ਵਾਰਤਾਲਾਪ ਸੁਣਕੇ ਉਹਨਾਂ ਦੇ ਕੋਲ ਬੈਠਾ ਬਾਬਾ ਲਾਭ ਸਿੰਘ ਬੋਲਿਆ ”ਭਾਈ! ਪੁਰਾਣੇ ਸਮੇਂ ਦੀ ਗੱਲ ਐ, ਕਹਿੰਦੈ ਨੇ ਇੱਕ ਹਰਨਾਕੁਸ਼ ਦਾ ਨਾਂ ਦਾ ਰਾਜਾ ਹੋਇਐ, ਉਹ ਨੂੰ ਆਪਣੀ ਤਾਕਤ ‘ਤੇ ਇੰਨਾ ਮਾਣ ਹੋ ਗਿਆ ਕਿ ਉਹ ਰੱਬ ਨੂੰ ਭੁੱਲ ਗਿਆ ਤੇ ਦੁਨੀਆਂ ਨੂੰ ਕਹਿਣ ਲੱਗਿਆ ਕਿ ਹੁਣ ਉਹ ਹੀ ਭਗਵਾਨ ਐ, ਉਹੀ ਪ੍ਰਮਾਤਮਾ ਐ, ਸਾਰੇ ਖਲਕਤ ਉਸਦੇ ਨਾਮ ਦੀ ਅਰਾਧਨਾ ਕਰੇ, ਉਹਨੇ ਸਾਰੀ ਜਨਤਾ ‘ਚ ਢਿੰਡੋਰਾ ਪਿਟਵਾ ਦਿੱਤੈ ਕਿ ਜਲ ਏ ਹਾਰਨਾਕੁਸ਼ , ਥਲ ਏ ਹਰਨਾਕੁਸ਼, ਭਾਵ ਇਸ ਧਰਤੀ ਅਤੇ ਪਾਣੀ ‘ਤੇ ਹੁਣ ਉਸੇ ਦਾ ਹੀ ਰਾਜ ਐ, ਇਸ ਲਈ ਉਸ ਦੇ ਰਾਜ ਵਿਚ ਵਸਣ ਵਾਲਾ ਹਰੇਕ ਆਦਮੀ ਹੁਣ ਪ੍ਰਮਾਤਮਾ ਦੀ ਥਾਂ ਉਸੇ ਦਾ ਨਾਮ ਹੀ ਜਾਪ ਕਰੇ” ਲਾਭ ਸਿੰਘ ਦੀ ਇਸ ਗੱਲ ਨੂੰ ਵਿਚਾਲੇ ਕੱਟਦਿਆਂ ਸ਼ਿੰਦਾ ਬੋਲਿਆ ”ਬਾਬਾ ਜੀ! ਗੱਲ ਤਾਂ ਥੋਡੀ ਪੱਕੀ ਏ, ਬਾਦਲਾਂ ਨੂੰ ਵੀ ਸ਼ਾਇਦ ਇਹੋ ਜਿਹਾ ਵਹਿਮ ਈ ਹੋ ਗਿਐ, ਇਸੇ ਲਈ ਉਨਾਂ ਨੇ ਵੀ ਪੂਰੇ ਪੰਜਾਬ ‘ਚ ਈ ਹੁਕਮ ਲਾਗੂ ਕਰਵਾਤੈ, ਜਿਹੜਾ ਹੁਣ ਬਾਦਲਾਂ ਦੀ ਜੈ ਜੈ ਕਾਰ ਨਈਂ ਕਰਦਾ ਜਾਂ ਤਾਂ ਉਸ ਨੂੰ ਪੈਸੇ ਨਾਲ ਖਰੀਦ ਲਓ, ਜਾਂ ਫਿਰ ਡਰਾ ਧਮਕਾ ਕੇ ਚੁੱਪ ਕਰਵਾ ਦਿਓ, ਜੇਹੜਾ ਫਿਰ ਵੀ ਮਾੜਾ ਮੋਟਾ ਕੁਸਕਦੈ, ਉਹਨੂੰ ਫੜੋ ਤੇ ਉਹਦੇ ਤੇ ਪੰਜ ਸੱਤ ਉਲਟੇ ਪੁਲਟੇ ਕੇਸ ਬਣਾਓ ਤੇ ਜੇਲ ‘ਚ ਤੁੰਨ ਦਿਓ ” ਸ਼ਿੰਦੇ ਦੀ ਇਸ ਗੱਲ ‘ਤੇ ਬਿੱਕਰ ਬੋਲਿਆ ”ਕਾਮਰੇਡਾ! ਇਹ ਗੱਲ ਵੀ ਪੱਕੀ ਐ ਬਈ ਰਾਜੇ ਹਰਨਾਕੁਸ਼ ਦੇ ਜੁਲਮੀ ਰਾਜ ਦਾ ਅੰਤ ਉਹਦੇ ਇੱਕ ਛੋਟੇ ਜੇ ਪੁੱਤਰ ਭਗਤ ਪਰਲਾਦ ਨੇ ਹੀ ਕਰ’ਤਾ ਸੀ , ਫੇਰ ਉਸੇ ਤਰ•ਾਂ ਬਾਦਲਾਂ ਦਾ ਇਹ ਜੁਲਮੀ ਰਾਜ ਵੀ ਬਹੁਤਾ ਚਿਰ ਨਈਂ ਚੱਲਣਾ, ਦੇਖ ਲਿਓ! ਕੋਈ ਨਾ ਕੋਈ ਅਜਿਹਾ ਅੰਧਮੂਲ ਉਠੂ, ਇਹਨਾਂ ਬਾਦਲਾਂ ਦਾ ਰਾਜ ਵੀ ਟਿੱਬੇ ‘ਤੇ ਪਾਈ ਛੰਨ ਵਾਂਗੂ ਤਿਲਾ ਤਿਲਾ ਕਰਕੇ ਉੱਡ ਜਾਣੈ? ਮੁੜਕੇ ਫਿਰ ਇਨਾਂ ਤੋਂ ਲੱਕੜ ਤਿੰਬੜ ਵੀ ਇੱਕਠਾ ਨਈਂ ਹੋਣਾ” ਬਿੱਕਰ ਦੀ ਸਾਰੇ ਹੱਸਣ ਲੱਗ ਪਏ ਤਾਂ ਸ਼ਿੰਦੇ ਨੇ ਆਪਣਾ ਹਾਸਾ ਰੋਕਦਿਆਂ ਕਿਹਾ ”ਅਮਲੀਆ ! ਲੋਕਾਂ ‘ਤੇ ਰਾਜ ਕਦੇ ਡੰਡੇ ਨਾਲ ਜਾਂ ਧੱਕੇ ਨਾਲ ਬਹੁਤਾ ਚਿਰ ਕਾਇਮ ਨਈਂ ਰੱਖੇ ਜਾਦੈ, ਇਸ ਤਰ•ਾਂ ਲੋਕਾਂ ਦੇ ਸੱਚ ਬੋਲਣ ‘ਤੇ, ਸੱਚ ਲਿਖਣ ‘ਤੇ, ਜਨਤਾ ‘ਤੇ ਪਾਬੰਦੀਆਂ ਲਾਉਣ ਵਾਲੇ ਨਾ ਮੁਗਲ ਰਹੇ ਨਾ ÎÂਥੇ ਅੰਗਰੇਜ਼ ਰਿਹੈ, ਤੇ ਨਾ ਈ ਐਮਰਜੈਂਸੀ ਲਾ ਕੇ ਇੰਦਰਾ ਗਾਂਧੀ ਈ ਇਥੇ ਰਾਜ ਕਰ ਸਕੀ ਐ , ਰਾਜ ਤਾਂ ਸਦਾ ਲੋਕਾਂ ਦੇ ਦਿਲ ਜਿੱਤ ਕੇ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਵਾਂਗੂ ਸਾਰੀ ਉਮਰ ਕੀਤਾ ਜਾ ਸਕਦਾ, ਜਿਹਨੇ ਆਪਣੇ ਸਾਰੀ ਉਮਰ ਦੇ ਆਪਣੇ ਰਾਜ ‘ਚ ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ•ਾ ਤੱਕ ਨਈਂ ਦਿੱਤੀ ਸੀ” ਸਿੰਦੇ ਦੀ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਬਾਬਾ ਲਾਭ ਸਿੰਘ ਨੇ ਕਿਹਾ ”ਭਾਈ! ਜਿਵੇਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੰਤ ਉਹਦੇ ਸਲਾਹਕਾਰ ਡੋਗਰਿਆਂ ਨੇ ਕਰਵਾਇਆ ਸੀ, ਮੈਨੂੰ ਵੀ ਲਗਦੈ, ਹੁਣ ਬਾਦਲਾਂ ਦੇ ਸਲਾਹਕਾਰ ਵੀ ਉਹੋ ਜਿਹੇ ਇੱਕ ਦੋ ਨਹੀਂ ਸਗੋ ਅਨੇਕਾਂ ਹੀ ਡੋਗਰੇ ਬਣੇ ਹੋਏ ਨੇ” ਬਾਬਾ ਲਾਭ ਸਿੰਘ ਦੀ ਕਹੀ ਹੋਈ ਇਸ ਅੰਤਲੀ ਗੱਲ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ ।
-ਘੁਣਤਰੀ