ਘੁਣਤਰਾਂ- ਜੀਹਦੀ ਲਾਠੀ, ਉਸੇ ਦੀ ਮੈਸ਼

‘‘ ਓ ਬਾਬਾ ਜੀ! ਅੱਜ ਆਪਾਂ ਵੀ ਬਾਲ ਠਾਕਰੇ ਨੂੰ ਸਰਧਾਂਜ਼ਲੀ ਦੇ ਦੇਈਏ, ਪੂਰਾ ਦੇਸ਼ ਬਾਲ ਠਾਕਰੇ ਨੂੰ ਸਰਧਾਂਜਲੀਆਂ ਭੇਟ ਕਰੀ ਜਾਂਦੈ, ਸਾਰੇ ਟੈਲੀਵਿਜਨਾਂ ’ਤੇ ਅੱਜ ਠਾਕਰੇ ਨੂੰ ਈ ਸਰਧਾ ਦੇ ਫੁੱਲ ਭੇਂਟ ਹੋ ਰਹੇ ਨੇ’’ ਬਿੱਕਰ ਨੇ ਆਉਂਦਿਆਂ ਹੀ ਬਾਬਾ ਲਾਭ ਸਿੰਘ ਨੂੰ ਛੇੜਿਆ। ‘‘ ਆਹੋ ਭਾਈ! ਪੂਰਾ ਦੇਸ਼ ਤਾਂ ਉਹਦੇ ਸੋਗ ’ਚ ਡੁਬਣਾ ਈ ਐ, ਸਿਆਣੇ ਕਹਿੰਦੇ ਨੇ ਬਈ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦੈ, ਤਾਂਹੀ ਤਾਂ ਸ਼ੋਰੋ! ਬਾਲ ਠਾਕਰੇ ਦੀ ਦੇਹ ’ਤੇ ਤਿਰੰਗਾ ਝੰਡਾ ਪਾਇਆ ਗਿਐ ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਦਾ ਅੰਤਿਮ ਸੰਸਕਾਰ ਹੋਇਐ’’ ਬਾਬਾ ਲਾਭ ਸਿੰਘ ਦੀ ਇਸ ਗੱਲ ’ਤੇ ਸ਼ਿੰਦਾ ਬੋਲਿਆ ‘‘ ਬਾਬਾ ਜੀ! ਗੱਲ ਤਾਂ ਇਹ ਐ ਬਈ ਇਥੇ ਤਾਂ ਜੀਹਦੀ ਲਾਠੀ, ਉਸੇ ਦੀ ਮੈਸ਼ (ਮੱਝ) ਵਾਲੀ ਗੱਲ ਹੋਈ ਪਈ ਐ, ਸਾਰੀ ਉਮਰ ਠਾਕਰੇ ਸਾਬ੍ਹਨੇ ਮਰਾਠੀ ਮਾਨੁਸ ਦੀ ਰਾਜਨੀਤੀ ਕੀਤੀ ਐ, ਉਹਨਾਂ ਨੇ ਹੁਕਮ ਕੀਤੇ ਬਈ ਮਹਾਂਰਾਸਟਰ ਵਿੱਚ ਮਰਾਠੀ ਤੋਂ ਬਿਨਾਂ ਕੋਈ ਹੋਰ ਭਾਸ਼ਾ ਨਈਂ ਲਿਖੀ ਹੋਈ ਮਿਲਣੀ ਚਾਹੀਦੀ ਤਾਂ ਪੂਰੀ ਬੰਬੇ (ਮੁੰਬਈ) ਸ਼ਹਿਰ ਸਮੇਤ ਮਹਾਂਰਾਸਟਰ ’ਚ ਸਾਰੇ ਬੋਰਡ ਮਰਾਠੀ ’ਚ ਨਜ਼ਰ ਆਉਣ ਲੱਗੇ, ਜਦੋਂ ਜੀਅ ਕੀਤਾ ਕਹਿ ਦਿੱਤਾ ਬਈ ਬੰਬਈ ’ਚੋਂ ਉਤਰ ਭਾਰਤੀ ਨਿਕਲ ਜਾਣ ਤਾਂ ਠਾਕਰੇ ਦੇ ਲੱਠਮਾਰਾਂ ਨੇ ਬੰਬਈ ਸ਼ਹਿਰ ਦੀਆਂ ਸੜਕਾਂ ’ਤੇ ਘੇਰ ਘੇਰ ਕੇ ਉਤਰ ਭਾਰਤੀਆਂ ਨੂੰ ਕੁਟਿਆ ਤੇ ਪੰਜਾਬੀ ਦੀਆਂ ਟੈਕਸੀਆਂ ਭੰਨ ਸੁੱਟੀਆਂ, ਜਦੋਂ ਮਰਜ਼ੀ ਕਿਸੇ ਫਿਲਮ ਬਾਰੇ ਫਤਵਾ ਜਾਰੀ ਕਰ’ਤਾ ਤੇ ਉਹਦੇ ਚੇਲਿਆਂ ਨੇ ਕਈ ਕਈ ਸਿਨੇਮਾ ਘਰ ਭੰਨ ਦਿੱਤੇ ਜਾਂ ਫੂਕ ਦਿੱਤੇ, ਮਹਾਂਰਾਸਟਰ ਦੀ ਸਰਕਾਰ ਬੇਵੱਸ ਹੋਈ ਸਾਰਾ ਤਮਾਸਾ ਦੇਖਦੀ ਰਹਿੰਦੀ ਸੀ, ਹੁਣ ਵੀ ਮਹਾਂਰਾਸਟਰ ਦੀ ਸਰਕਾਰ ਡਰਦੀ ਈ ਬਿਸਨਪਤੇ ਗਾਈ ਗਈ, ਬਈ ਜੇ ਕਿਤੇ ਬਾਲ ਠਾਕਰੇ ਦੇ ਸੰਸਕਾਰ ’ਚ ਕੋਈ ਕਮੀ ਰਹਿ’ਗੀ ਤਾਂ ਉਹਦੇ ਚੇਲਿਆਂ ਨੇ ਕੋਹਰਾਮ ਮਚਾ ਦੇਣੈ’’ ਸ਼ਿੰਦੇ ਦੀ ਇਸ ਗੱਲ ’ਤੇ ਬਾਬਾ ਲਾਭ ਸਿੰਘ ਬੋਲਿਆ ‘‘ਪੁੱਤਰੋ! ਜੇ ਬਾਲ ਠਾਕਰੇ ਵਾਂਗੂ ਕੋਈ ਸਿੱਖ ਆਗੂ ਰਾਜਨੀਤੀ ਕਰਨ ਲੱਗੇ ਤਾਂ ਸਰਕਾਰ ਓਹਨੂੰ ਝੱਟ ਵੱਖਵਾਦੀ ਅਤੇ ਅੱਤਵਾਦ ਐਲਾਨ ਕਰਦੂੰ, ਜੇ ਕੋਈ ਕਹੇ ਪੰਜਾਬ ’ਚ ਪੰਜਾਬੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਨਾ ਲਿਖੀ ਜਾਵੇ ਤਾਂ ਸਰਕਾਰ ਨੂੰ ਓਹਨੂੰ ਫੜਕੇ ਅੰਦਰ ਦੇਣ ਲੱਗੀ ਨੇ ਬਿੰਦ ਨਈਂ ਲਾਉਣਾ, ਜੇ ਕੋਈ ਆਗੂ ਕਿਤੇ ਇਹ ਕਹਿ ਦੇਵੇ ਬਈ ਪੰਜਾਬ ’ਚ ਭਈਏ ਬਾਹਰ ਕੱਢੋ ਤਾਂ ਸਾਰੇ ਮੁਲਕ ’ਚ ਕੋਹਰਾਮ ਮੱਚ ਜਾਣੈ, ਪਰ ਸਦਕੇ ਜਾਈਏ ਸਾਡੇ ਲੋਕਤੰਤਰ ਦੇ ਜੇਹੜਾ ਬਾਲ ਠਾਕਰੇ ਨੂੰ ਰਾਸਟਰਵਾਦੀ ਮੰਨਦੈ ਤੇ ਜੇ ਕੋਈ ਘੱਟ ਗਿਣਤੀ ਆਗੂ ਬਾਲ ਠਾਕਰੇ ਵਰਗੀ ਰਾਜਨੀਤੀ ਕਰੇ ਤਾਂ ਉਹ ਅੱਤਵਾਦੀ ਤੇ ਵੱਖਵਾਦੀ ’’ ਬਾਬਾ ਲਾਭ ਸਿੰਘ ਦੀ ਇਹ ਗੱਲ ਸੁਣਕੇ ਸ਼ਿੰਦੇ ਕਿਹਾ ‘‘ ਬਾਬਾ ਜੀ! ਇਹੀ ਤਾਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਂਦੇ ਭਾਰਤ ਦਾ ਦੋਹਰਾ ਕਾਨੂੰਨ ਐ, ਜੇ ਹਿੰਦੂ ਆਗੂ ਬਾਲ ਠਾਕਰੇ ਕਰੇ ਤਾਂ ਉਹ ਦੇਸ਼ ਭਗਤੀ, ਕੋਈ ਘੱਟ ਗਿਣਤੀ ਆਗੂ ਉਹੀ ਕੁਝ ਕਰੇ ਤਾਂ ਉਹ ਦੇਸ਼ ਧਰੋਹੀ’’ ਸ਼ਿੰਦੇ ਦੀ ਇਸ ਗੱਲ ਨਾਲ ਸੰਨਾਟਾ ਛਾ ਗਿਆ।

-ਘੁਣਤਰੀ

ਜਗਸੀਰ ਸਿੰਘ ਸੰਧੂ

98764 16009