ਘੁਣਤਰਾਂ- ਬੰਦੇ ਤਾਂ ਤੜਫ਼ੀ ਜਾਂਦੇ ਹੁੰਦੇ ਨੇ ਤੇ ਐਂਬੂਲੈਸ ’ਤੇ ਬਾਦਲ ਸਾਬ• ਹੱਸੀ ਜਾਂਦੇ ਨੇ – ਘੁਣਤਰਾਂ

‘‘ ਆਹ ਹੋਰ ਪੰਗਾ ਪੈ ਗਿਆ ਯਾਰ! ਸੁਣਿਐ ਬਈ ਹੁਣ ਕਾਂਗਰਸੀ ਸਰਕਾਰੀ 108 ਨੰਬਰ ਵਾਲੀਆਂ ਐਂਬੂਲੈਸਾਂ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿਹੁੰ ਦੀਆਂ ਫੋਟੋਆਂ ਵੱਡੇ ਬਾਦਲ ਵਾਲੀਆਂ ਫੋਟੋਆਂ ਦੇ ਬਰਾਬਰ ਲਾਉਂਦੇ ਫਿਰਦੇ ਨੇ, ਤੇ ਬਾਦਲ ਸਰਕਾਰ ਦੀ ਪੁਲਸ ਉਹਨਾਂ ਨੂੰ ਰੋਕਣ ਲਈ ਐਂਬੂਲੈਸਾਂ ਨੂੰ ਘੇਰੀ ਖੜੀ ਐ’’ ਬਿੱਕਰ ਦੀ ਇਹ ਗੱਲ ਸੁਣਕੇ ਬਾਬਾ ਲਾਭ ਸਿੰਘ ਬੋਲਿਆ ‘‘ ਮੈਨੂੰ ਤਾਂ ਲਗਦੈ ਸ਼ੇਰੋ! ਬਈ ਨਾ ਅਕਾਲੀਆਂ ਕੋਲੇ ਕੋਈ ਚੱਜ ਦਾ ਕੰਮ ਐ ਤੇ ਨਾ ਈ ਕਾਂਗਰਸੀਆਂ ਕੋਲੇ ਕੋਈ ਚੱਜ ਦੀ ਸੋਚ ਐ, ਇਹ ਵੀ ਕੋਈ ਗੱਲ ਐ, ਬਈ ਜੇ ਵੱਡੇ ਬਾਦਲ ਦੀ ਫੋਟੋ ਲੱਗੀ ਐ ਤਾਂਹੀਂ ਸਾਡੇ ਮਨਮੋਹਨ ਸਿਹੁੰ ਦੀ ਕਿਉਂ ਨਈਂ ਲਾਈ, ਉਏ ਭਲੇਮਾਨਸੋ! ਕੋਈ ਪੰਜਾਬ ਦੇ ਭਲੇ ਦੀ ਗੱਲ ਕਰੋ, ਐਵੇਂ ਫੋਟੋਆਂ ਪਿਛੇ ਕੁਕੜਾਂ ਵਾਂਗੂੰ ਕਿਉਂ ਲੜੀ ਜਾਂਦੇ ਓ, ਨਾਲੇ ਸਾਰਿਆਂ ਨੂੰ ਚੰਗਾ ਭਲਾ ਪਤੈ ਬਈ ਵੋਟਾਂ ਵੇਲੇ ਚੋਣ ਕਮਿਸ਼ਨ ਨੇ ਇਹ ਸਾਰੀਆਂ ਫੋਟੋਆਂ ਲਹਾ ਈ ਦੇਣੀਆਂ ਨੇ ’’ ਬਾਬਾ ਲਾਭ ਸਿੰਘ ਨੇ ਆਪਣੀ ਬੁਜਰਗ ਉਮਰ ਮੁਤਾਬਿਕ ਸਲਾਹ ਦੇ ਦਿੱਤੀ ਅਤੇ ਬਾਬਾ ਲਾਭ ਸਿੰਘ ਦੀ ਇਸ ਗੱਲ ’ਤੇ ਸ਼ਿੰਦੇ ਨੇ ਟਿੱਪਣੀ ਕੀਤੀ ‘‘ ਬਾਬਾ ਜੀ! ਭਲਾ ਜਦੋਂ ਪੈਸਾ ਕੇਂਦਰ ਸਰਕਾਰ ਦਾ ਲੱਗਿਐ ਤਾਂ ਪ੍ਰਧਾਨ ਮੰਤਰੀ ਦੀ ਫੋਟੋ ਲਾਉਣ ’ਚ ਵੀ ਕੀ ਹਰਜ਼ ਐ, ਇਹ ਤਾਂ ਬਾਦਲ ਸਰਕਾਰ ਦੀ ਵੀ ਬੇਗਾਨੀ ਛਾਹ ’ਤੇ ਮੁੱਛਾਂ ਮੰਨਵਾਉਣ ਵਾਲੀ ਗੱਲ ਐ, ਹੁਣ ਬਾਦਲਕੇ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ ਪੈਸੇ ਤਾਂ ਹਰ ਰੋਜ਼ ਮੰਗੀ ਜਾਂਦੇ ਨੇ, ਪਰ ਪ੍ਰਧਾਨ ਮੰਤਰੀ ਦੀ ਫੋਟੋ ਐਂਬੂਲੈਸਾਂ ’ਤੇ ਲੱਗੀ ਵੀ ਨਈਂ ਜਰਦੇ’’ ਸ਼ਿੰਦੇ ਦੀ ਇਸ ਗੱਲ ’ਤੇ ਬਿੱਕਰ ਬੁੜਕਿਆ ‘‘ਓ ਕਾਮਰੇਡਾ! ਫੋਟੋਆਂ ਭਾਵੇਂ ਬਾਦਲ ਸਾਬ• ਦੀ ਲਾਉਣ ਤੇ ਭਾਵੇਂ ਫੋਟੋਆਂ ਮਨਮੋਹਨ ਸਿਹੁੰ ਦੀ ਲਾਉਣ, ਪਰ ਯਾਰ! ਇਹ ਫੋਟੋਆਂ ਤਾ ਉਹੋ ਜ•ੀਆਂ ਲਾਉਣ ਜੇਹੜੀਆਂ ਘੱਟੋ ਘੱਟ ਐਂਬੂਲੈਸਾਂ ’ਤੇ ਲੱਗੀਆਂ ਹੋਈਆਂ ਮੌਕੇ ਮੁਤਾਬਿਕ ਜੱਚਣ ਵੀ’’ ਬਿੱਕਰ ਦੀ ਇਸ ਗੱਲ ਨਾਲ ਸਾਰਿਆਂ ਦਾ ਧਿਆਨ ਉਸ ਵੱਲ ਹੋ ਗਿਆ ਤਾਂ ਸ਼ਿੰਦੇ ਨੇ ਪੁਛਿਆ ‘‘ ਅਮਲੀਆ! ਆਹ ਕੀ ਬਾਤਾਂ ਜ•ੀਆਂ ਪਾਈ ਜਾਣੈ ਯਾਰ, ਖੋਲ ਦੱਸ ਆਖਰ ਤੂੰ ਕਹਿਣਾ ਕੀ ਚਾਹੁੰਨੈਂ’’ ਸ਼ਿੰਦੇ ਦੇ ਇਸ ਸਵਾਲ ’ਤੇ ਬਿੱਕਰ ਪੈਰਾਂ ਭਾਰ ਹੋ ਗਿਆ ‘‘ ਕਾਮਰੇਡਾ! ਅਸਲ ਗੱਲ ਤਾਂ ਇਹ ਐ ਬਈ ਇਹ 108 ਨੰਬਰ ਵਾਲੀਆਂ ਐਂਬੂਲੈਸਾਂ ਜਾਂ ਤਾਂ ਕਿਸੇ ਐਕਸੀਡੈਂਟ ਵਾਲੀ ਥਾਂ ਮੌਕੇ ’ਤੇ ਪੁਹੰਚਦੀਆਂ ਨੇ, ਜਾਂ ਫੇਰ ਜਦੋਂ ਕੋਈ ਬਹੁਤਾ ਈ ਐਮਰਜੈਂਸੀ ਵਾਲਾ ਕੰਮ ਹੋਵੇ, ਉਥੇ ਇਹ 108 ਨੰਬਰ ਵਾਲੀਆਂ ਐਂਬੂਲੈਸਾਂ ਝੱਟ ਪੁਹੰਚ ਜਾਂਦੀਆਂ ਨੇ, ਹੁਣ ਏਹਨਾਂ 108 ਨੰਬਰ ਐੰਂਬੂਲੈਸਾਂ ’ਤੇ ਜੇਹੜੀਆਂਬਾਦਲ ਸਾਬ• ਦੀਆਂ ਫੋਟੋਆਂ ਲਾਈਆਂ ਹੋਈਆਂ ਨੇ, ਉਹਨਾਂ ਫੋਟੋਆਂ ਵਿੱਚ ਬਾਦਲ ਸਾਬ• ਹੱਸ ਰਹੇ ਨੇ, ਮੂਹਰੇ ਐਕਸੀਡੈਂਟ ਵਾਲੀ ਥਾਂ ’ਤੇ ਬੰਦੇ ਤਾਂ ਤੜਫ਼ੀ ਜਾਂਦੇ ਹੁੰਦੇ ਨੇ ਤੇ ਐਂਬੂਲੈਸ ’ਤੇ ਬਾਦਲ ਸਾਬ• ਹੱਸੀ ਜਾਂਦੇ ਨੇ, ਕਾਮਰੇਡਾ! ਚਾਹੇ ਤਾਂ ਫੋਟੋਆਂ ਵੱਡੇ ਬਾਦਲ ਸਾਬ• ਦੀਆਂ ਹੋਣ ਚਾਹੇ, ਛੋਟੇ ਬਾਦਲ ਸਾਬ• ਫੋਟੋਆਂ ਲਾਉਣ ਤੇ ਆਹ ਕਾਂਗਰਸੀ ਭਰਾ ਪ੍ਰਧਾਨ ਮੰਤਰੀ ਮਨਮੋਹਨ ਸਿਹੁੰ ਦੀਆਂ ਫੋਟੋਆਂ ਲਾ ਲੈਣ, ਪਰ ਲਾਉਣ ਯਾਰ! ਇਹਨਾਂ ਐਂਬੂਲੈਸਾਂ ’ਤੇ ਫੋਟੋਆਂ ਲਾਉਣ ਤਾਂ ਢੰਗ ਦੀਆਂ’’ ਬਿੱਕਰ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ।

ਘੁਣਤਰੀ, ਜਗਸੀਰ ਸਿੰਘ ਸੰਧੂ

98764 16009