ਸੰਤ ਸਮਾਜ ਵਾਲਿਆਂ ਨੇ ਇਹੋ ਜਿਹਾ ਕੀ ਮੰਤਰ ਮਾਰ’ਤਾ

”ਕਾਮਰੇਡਾ! ਯਾਰ ਇਕ ਗੱਲ ਮੇਰੇ ਡਿਮਾਕ (ਦਿਮਾਗ) ‘ਚ ਨਈ ਵੜਦੀ, ਬਈ ਨਾਲੇ ਤਾਂ ਇਹ ਲੋਕ ਕਹੀ ਜਾਂਦੇ ਨੇ, ਬਈ ਬਾਦਲ ਨੇ ਸਿੱਖੀ ਦਾ ਤਾਂ ਜਮਾਂ ਈ ਬੇੜਾ ਗਰਕ ਕਰ’ਤੈ, ਨਾਲੇ ਪਤੰਦਰ ਹਰੇਕ ਵਾਰੀ ਵੋਟਾਂ ‘ਚ ਬਾਦਲ ਨੂੰ ਜਿਤਾ ਦਿੰਦੈ ਨੇ” ਬਿੱਕਰ ਦੀ ਹੈਰਾਨੀ ਨੂੰ ਦੇਖ ਦਿਆਂ ਸ਼ਿੰਦੇ ਨੇ ਜਵਾਬ ਦਿੱਤਾ ”ਅਮਲੀਆ! ਗੱਲ ਤਾਂ ਤੇਰੀ ਵਜ਼ਨਦਾਰ ਐ, ਬਈ ਜਦੋਂ ਬਹੁਤੇ ਲੋਕਾਂ ਦਾ ਮੰਨਣੈ, ਬਈ ਬਾਦਲ ਨੇ ਕਦੇ ਕੋਈ ਸਿੱਖੀ ਦੇ ਭਲੇ ਵਾਲਾ ਕੰਮ ਨਈਂ ਕੀਤਾ, ਤਾਂ ਫੇਰ ਲੋਕਾਂ ਨੇ ਹਰ ਵਾਰੀ ਸਿੱਖੀ ਤੇ ਪੰਜਾਬ ਦੀ ਰਾਖੀ ਦਾ ਫਤਵਾ ਬਾਦਲ ਦੇ ਹੱਕ ‘ਚ ਈ ਕਿਉਂ ਦੇ ਦਿੰਦੇ ਨੇ” ਸ਼ਿੰਦੇ ਦੀ ਗੱਲ ਕੱਟਦਿਆਂ ਬੁੱਢੇ ਕੇ ਪਰਮੀ ਨੇ ਕਿਹਾ ”ਕਾਮਰੇਡਾ ਚਾਚਾ! ਨਾਲੇ ਕਈ ਲੋਕ ਤਾਂ ਇਹ ਵੀ ਕਹੀ ਜਾਂਦੇ ਨੇ ਬਈ ਬਾਦਲਕੇ ਆਹ ਮੋਗੇ ਵਾਲੀ ਸੀਟ ਤਾਂ ਧੱਕੇ ਨਾਲ ਈ ਜਿੱਤ’ਗੇ ” ਪਰਮੀ ਦੇ ਮੂੰਹ ਵੱਲ ਤੱਕ ਕੇ ਮੁਸ਼ਕਰਾਉਂਦਿਆਂ ਸ਼ਿੰਦਾ ਬੋਲਿਆ ”ਓ ਪਰਮੀ ਸ਼ੇਰਾ। ਮੰਨਿਆ ਕਿ ਬਾਦਲਕਿਆਂ ਨੇ ਮੋਗੇ ਵਾਲੀ ਸੀਟ ‘ਤੇ ਸਰਕਾਰ ਹੋਣ ਕਰਕੇ ਧੱਕੇਸ਼ਾਹੀ ਕਰ’ਲੀ ਹੋਊ, ਪਰ ਸੋਚਣ ਵਾਲੀ ਗੱਲ ਐ, ਬਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਪੰਜਾਬ ‘ਚ ਦੂਜੀ ਵਾਰੀ ਸਰਕਾਰ ਬਣਾਉਣੀ ਤੇ ਕਾਂਗਰਸ ਪਾਰਟੀ ਦੇ ਰਾਜ ਵਾਲੀ ਦਿੱਲੀ ‘ਚ ਕੇ ਦਿੱਲੀ ਦੇ ਗੁਰਦੁਆਰਿਆਂ ਦੀ ਚੋਣਾਂ ਤਾਂ ਧੱਕੇ ਨਾਲ ਨਈਂ ਜਿੱਤੀਆਂ ਜਾ ਸਕਦੀਆਂ ” ਸ਼ਿੰਦੇ ਤੇ ਪਰਮੀ ਵਿਚਕਾਰ ਹੁੰਦੀ ਬਹਿਸ ‘ਚ ਬਾਬਾ ਲਾਭ ਸਿੰਘ ਨੇ ਹਿੱਸਾ ਲੈਂਦਿਆਂ ਕਿਹਾ ”ਪੁੱਤਰੋ! ਮੈਂ ਥੋਨੂੰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾਂ, ਬਈ ਸੈਂਟਰ ਵਾਲੇ ਪੰਜਾਬ ਦੀ ਵਾਗਡੋਰ ਬਾਦਲ ਸਾਬ੍ਹ ਦੇ ਹੱਥਾਂ ‘ਚ ਈ ਰੱਖਣਾ ਚਾਹੁੰਦੇ ਨੇ, ਦੂਜਾ ਭਾਈ ਪੰਜਾਬ ਦੇ ਬਹੁਤੇ ਕਾਂਗਰਸ ਲੀਡਰ ਤਾਂ ਕੈਪਟਨ ਦੀ ਕਪਤਾਨੀ ਨੂੰ ਖਤਮ ਕਰਨ ਲਈ ਬਾਦਲਾਂ ਦਾ ਪੱਖ ਈ ਪੂਰੀ ਗਏ ਨੇ, ਇਹਤੋਂ ਬਿਨਾਂ ਭਾਈ! ਪੰਜਾਬ ‘ਚ ਪੰਥਕ ਧਿਰਾਂ ਤੇ ਮਾਨ ਸਾਬ੍ਹ ਦਾ ਅੱਡੋ ਪਾਟੀ ਹੋਣਾ ਵੀ ਵੱਡਾ ਕਾਰਨ ਐ, ਅਸਲੀ ਗੱਲ ਜੇਹੜੀ ਬਾਦਲਕਿਆਂ ਨੂੰ ਵੱਧ ਵੋਟਾਂ ਪੈਣ ਵਾਲੀ ਐ, ਉਹ ਐ ਬਈ ਬਾਦਲ ਨੇ ਸੰਤ ਸਮਾਜ ਨਾਲ ਜੇਹੜਾ ਸਮਝੌਤਾ ਕੀਤੈ, ਉਸੇ ਨੇ ਪਵਾਈਆਂ ਨੇ ਬਾਦਲਕਿਆਂ ਨੂੰ ਸਭ ਤੋਂ ਵੱਧ ਵੋਟਾਂ” ਬਾਬਾ ਲਾਭ ਸਿੰਘ ਦੀ ਗੱਲ ‘ਤੇ ਹੈਰਾਨ ਹੁੰਦਿਆਂ ਬਿੱਕਰ ਨੇ ਪੁੱਛਿਆ ”ਨਾ ਬਾਬਾ ਜੀ! ਸੰਤ ਸਮਾਜ ਵਾਲਿਆਂ ਨੇ ਇਹੋ ਜਿਹਾ ਕੀ ਮੰਤਰ ਮਾਰ’ਤਾ, ਬਈ ਫੂਕ ਮਾਰੀ ਤੇ ਵੋਟਾਂ ਨਾਲ ਡੱਬੇ ਭਰ’ਗੇ” ਬਿੱਕਰ ਦੀ ਇਸ ਗੱਲ ‘ਤੇ ਸਾਰੇ ਹੱਸਣ ਲੱਗੇ ਤਾਂ ਬਾਬਾ ਲਾਭ ਸਿੰਘ ਨੇ ਗੰਭੀਰ ਹੁੰਦਿਆਂ ਕਿਹਾ ”ਪੁੱਤਰੋ! ਅੱਜ-ਕੱਲ੍ਹ ਤਕਰੀਬਨ ਹਰ ਸਿੱਖ ਈ ਗੁਰੂ ਗ਼੍ਰੰਥ ਸਾਹਿਬ ਨਾਲ ਜੁੜਨ ਤੋਂ ਪਹਿਲਾਂ ਕਿਸੇ ਨਾ ਕਿਸੇ ਸਾਧੂ ਸੰਤ ਨਾਲ ਜੁੜਿਆ ਹੋਇਐ, ਕੋਈ ਨਾਨਕਸਰ ਜਾਂਦੈ, ਕੋਈ ਰਾੜਾ ਸਾਹਿਬ ਜਾਂਦੈ, ਕੋਈ ਢੱਡਰੀਆਂ ਵਾਲੇ ਕੋਲ ਜਾਂਦੈ ਤੇ ਕੋਈ ਪਿਹੋਵੇ ਵਾਲੇ ਕੋਲ, ਹੋਰ ਨਈਂ ਤਾਂ ਹਰੇਕ ਪਿੰਡਾਂ ਤੇ ਸ਼ਹਿਰ ‘ਚ ਬਣੇ ਡੇਰਿਆਂ ਨਾਲ ਈ ਜੁੜਿਆ ਹੋਇਐ, ਹੁਣ ਇਹ ਸਾਰੇ ਸਾਧੂ ਸੰਤ ਦੀ ਤਾਰਾਂ ਗਾਹਾਂ ਦੀ ਗਾਹਾਂ ਜੁੜਦੀਆਂ-ਜੁੜਦੀਆਂ ਸੰਤ ਸਮਾਜ ਨਾਲ ਜਾ ਜੁੜਦੀਆਂ ਨੇ ਤੇ ਇਹਨਾਂ ਡੇਰਿਆਂ ਵਾਲੇ ਸੰਤਾਂ ਦੀ ਕਰਾਮਾਤ ਈ ਐ, ਜਿਹੜੀਆਂ ਏਨੀਆਂ ਵੋਟਾਂ ਬਾਦਲਕੇ ਡੱਬਿਆਂ ‘ਚੋਂ ਨਿਕਲਦੀਆਂ ਨੇ” ਬਾਬਾ ਲਾਭ ਸਿੰਘ ਏਨਾ ਆਖ ਘਰ ਨੂੰ ਤੁਰ ਗਿਆ। ਘੁਣਤਰੀ 98764-16009