ਹੁਣ ਫੇਰ ਹਕੂਮਤ ਨੇ ਕੇਹਰ ਸਿੰਘ ਵਾਂਗੂੰ ਨਿਰਦੋਸ਼ ਪ੍ਰੋ: ਭੁੱਲਰ ਨੂੰ ਫਾਹਾ ਦੇ ਦੇਣਾ

”ਭਾਈ! ਸਿੱਖ ਕੌਮ ‘ਤੇ ਬਹੁਤ ਈ ਮਾੜਾ ਵਕਤ ਚੱਲ ਰਿਹੈ, ਕਿਸੇ ਪਾਸੇ ਵੀ ਚਾਨਣ ਦੀ ਕੋਈ ਕਿਰਨ ਨਈਂ ਦਿਸਦੀ, ਉਤੋਂ ਜੇ ਕੋਈ ਸਿੱਖ ਕੌਮ ਨੂੰ ਜਗਾਉਣ ਦੀ ਗੱਲ ਕਰਦੇ ਤਾਂ ਕੋਈ ਨਾ ਕੋਈ ਇਹੋ ਜਿਹਾ ਪੰਗਾ ਪਾਉਂਦੈ ਬਈ ਅਗਲੇ ਦੀ ਸਾਰੀ ਕੀਤੀ ਕਰਾਈ ‘ਤੇ ਮਿੱਟੀ ਪਾ ਦਿੰਦੈ” ਬਾਬਾ ਲਾਭ ਸਿੰਘ ਦੇ ਬੋਲਾਂ ‘ਚ ਕੌਮੀ ਦਰਦ ਝਲਕ ਰਿਹਾ ਸੀ। ” ਬਾਬਾ ਜੀ! ਹੋਰ ਤਾਂ ਹੋਰ ਹੁਣ ਸਿੱਖ ਕੌਮ ਦੇ ਦੋ ਵੱਡੇ ਯੋਧੇ ਵੀ ਆਪਸ ਵਿੱਚ ਸਿੰਗ ਫਸਾਈ ਬੈਠੇ ਨੇ, ਹੁਣ ਦੋਵਾਂ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਐ, ਕੌਮ ਲਈ ਤਾਂ ਦੋਵੇਂ ਈ ਸਤਿਕਾਰ ਵਾਲੇ ਸਿੱਖ ਜਰਨੈਲ ਨੇ, ਪਰ ਦੋਵਾਂ ਵੱਲੋਂ ਇੱਕ ਦੂਜੇ ਵਿਰੁੱਧ ਕੀਤੀ ਜਾ ਰਹੀ ਚਾਂਦਮਾਰੀ ਨੇ ਪੂਰੀ ਕੌਮ ਨੂੰ ਉਝਲਾ ਰੱਖਿਐ” ਬਿੱਕਰ ਦੀ ਇਸ ਗੱਲ ‘ਤੇ ਸ਼ਿੰਦਾ ਬੋਲਿਆ ” ਅਮਲੀਆ! ਗੱਲ ਤਾਂ ਤੇਰੀ ਸਹੀ ਐ, ਮੈਨੂੰ ਤਾਂ ਲਗਦੈ ਏਹਦੇ ਪਿਛੇ ਵੀ ਕੌਮ ‘ਚ ਵੀ ਫੁੱਟ ਪਾਊ ਤਾਕਤਾਂ ਦਾ ਦਿਮਾਗ ਈ ਕੰਮ ਕਰੀ ਜਾਂਦੈ, ਜੇ ਦੋਵੇਂ ਸਿੱਖ ਯੋਧਿਆਂ ‘ਚ ਇਹ ਸਬਦੀ ਜੰਗ ਨਾ ਰੁਕੀ ਤਾਂ ਏਹਦਾ ਕੌਮ ਨੂੰ ਵੱਡਾ ਨੁਕਸਾਨ ਹੋਊ, ਦੋਵਾਂ ਸੂਰਮਿਆਂ ‘ਚ ਚੱਲ ਰਹੇ ਵਿਵਾਦ ਨਾਲ ਸਿੱਖੀ ਦੇ ਦੁਸਮਣਾਂ ਦੇ ਦੀਆਂ ਚਾਲਾਂ ਹੋਰ ਸਫਲ ਹੋਣਗੀਆਂ” ”ਓ ਕਾਮਰੇਡਾ! ਸਿੱਖੀ ਦੇ ਦੁਸਮਣ ਤਾਂ ਕੌਮ ‘ਚ ਫੁੱਟ ਪਾਉਣ ਦਾ ਕੋਈ ਮੌਕਾ ਹੱਥੋਂ ਈਂ ਜਾਣ ਦਿੰਦੇ, ਹੁਣ ਕੌਮ ਨੂੰ ਈ ਆਪਣਾ ਆਪ ਸੰਭਾਲਣਾ ਪੈਣੇ, ਕੌਮ ਦੇ ਹੀਰੇ ਫਾਂਸੀ ਦੇ ਤਖਤਿਆਂ ‘ਤੇ ਖੜੇ ਨੇ, ਕਿਤੇ ਇਹ ਮੈਂ ਸਹੀ ਜਾਂ ਤੂੰ ਸਹੀ ਵਾਲਾ ਰੌਲਾ ਈ ਨਾ ਲੈ ਬੈਠੇ” ਬਿੱਕਰ ਦੀ ਇਸ ਗੱਲ ‘ਤੇ ਬਾਬਾ ਲਾਭ ਸਿੰਘ ਬੋਲਿਆ ” ਭਾਈ! ਅਸਲ ਗੱਲ ਤਾਂ ਇਹ ਐ, ਬਈ ਕਾਨੂੰਨ ਦੇ ਸਾਰੇ ਰਾਹ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ‘ਤੇ ਜਾ ‘ਕੱਠੇ ਹੋਏ ਨੇ, ਲਗ ਇਹ ਰਿਹੈ ਬਈ ਹਕੂਮਤ ਹੁਣ ਨਿਰਦੋਸ਼ ਪ੍ਰੋ: ਭੁੱਲਰ ਨੂੰ ਕਿਸੇ ਵੇਲੇ ਵੀ ਫਾਂਸੀ ਦੇ ਸਕਦੀ ਐ, ਕਿਉਂਕਿ ਰਾਸਟਰਪਤੀ ਨੇ ਪ੍ਰੋ: ਭੁੱਲਰ ਦੀ ਰਹਿਮ ਦੀ ਅਪੀਲ ਵੀ ਖਾਰਜ ਕਰ’ਤੀ ਐ ਤੇ ਸੁਪਰੀਮ ਕੋਰਟ ਨੇ ਵੀ ਆਖਰੀ ਮੌਕਾ ਇਹ ਕਹਿ ਕੇ ਖਤਮ ਕਰ ਦਿੱਤੈ, ਕਿ ਪ੍ਰੋਫੈਸਰ ਭੁੱਲਰ ਦੇ ਮਾਮਲੇ ਬਾਰੇ ਚਾਰ- ਛੇ ਹਫਤਿਆਂ ‘ਚ ਆਖਰੀ ਫੈਸਲਾ ਕਰ ਦਿੱਤਾ ਜਾਣੈ, ਹੁਣ ਤਾਂ ਸ਼ੇਰੋ! ਦੋ ਹਫਤੇ ਲੰਘ ਵੀ ਗਏ ਨੇ, ਤੇ ਬਾਕੀ ਦੋ ਤਿੰਨ ਹਫਤੇ ਈ ਬਚੇ ਨੇ ਸਾਡੇ ਕੋਲ, ਏਸ ਕਰਕੇ ਹੁਣ ਬਾਕੀ ਦੀਆਂ ਗੱਲਾਂ ਛੱਡ ਕੇ ਹੁਣ ਪ੍ਰੋਫੈਸਰ ਭੁੱਲਰ ਦੀ ਫਾਂਸੀ ਨੂੰ ਰੋਕਣ ਲਈ ਕੌਮ ਕੋਈ ਵੱਡਾ ਫੈਸਲਾ ਕਰੇ, ਨਈਂ ਤਾਂ ਹਕੂਮਤ ਨੇ ਸਿੱਖਾਂ ਨੂੰ ਆਪਸ ਵਿੱਚ ਉਲਝਾ ਕੇ, ਹੁਣ ਫੇਰ ਹਕੂਮਤ ਨੇ ਕੇਹਰ ਸਿੰਘ ਵਾਂਗੂੰ ਨਿਰਦੋਸ਼ ਪ੍ਰੋ: ਭੁੱਲਰ ਨੂੰ ਫਾਹਾ ਦੇ ਦੇਣਾ” ਬਾਬਾ ਲਾਭ ਸਿੰਘ ਦੀ ਇਸ ਗੱਲ ਨਾਲ ਸਹਿਮਤ ਹੁੰਦਿਆਂ ਸ਼ਿੰਦੇ ਨੇ ਕਿਹਾ ” ਬਾਬਾ ਜੀ! ਸਹੀ ਕਿਹੈ ਤੁਸੀਂ, ਸਿੱਖ ਕੌਮ ਨੂੰ ਇੱਕ ਪਾਸੇ ਤਾਂ ਸਾਧਾਂ ਨੇ ਲੁਟ ਲੁਟ ਖਾ ਲਿਐ, ਦੂਜੇ ਪਾਸੇ ਸਰਕਾਰਾਂ ਨੇ ਸਿੱਖ ਕੌਮ ਦੀ ਨੌਜਵਾਨੀ ਪਹਿਲਾਂ ਬਰੂਦ ਦੀ ਗੋਲੀਆਂ ਤੇ ਹੁਣ ਨਸ਼ੇ ਦੀਆਂ ਗੋਲੀਆਂ ਨਾਲ ਤਬਾਹ ਕਰ ਦਿੱਤੀ ਐ, ਜੇਹੜੇ ਕੌਮ ਕੋਲ ਹੀਰੇ ਨੇ, ਉਹਨਾਂ ਨੂੰ ਆਪਸ ਵਿੱਚ ਉਲਝਾਕੇ ਫਾਂਸੀਆਂ ਦੇਣ ਨੂੰ ਤੁਲੀ ਖੜੀ ਐ, ਹੁਣ ਤਾਂ ਕੌਮ ਨੂੰ ਆਪਣਿਆਂ ਦੇ ਰੂਪ ਵਿੱਚ ਵਿਚਰਦੇ ਦੁਸ਼ਮਣਾਂ ਦੇ ਅਸਲੀ ਚੇਹਰੇ ਪਛਾਨਣੈ ਬਹੁਤ ਜਰੂਰੀ ਹੋ’ਗੇ ਨੇ ” ਸ਼ਿੰਦੇ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ। ਘੁਣਤਰੀ 98764-16009