ਨਿਕਰਮੀ ਮਾਂ

ਸੁਰਜੀਤ ਕੌਰ ਬੜੀ ਹੱਸਮੁੱਖ ਤੇ ਨਿੱਘੇ ਸੁਭਾਅ ਦੀ ਮਾਲਿਕ ਤੇ ਹਰ ਆਏ ਗਏ ਦੀ ਸੇਵਾ ਕਰਨ ਵਾਲੀ । ਉਹ ਕਦੇ ਵੀ ਕਿਸੇ ਦੀ ਗੱਲ ਦਾ ਬੁਰਾ ਨਾ ਮਨਾਉਂਦੀ। ਜੇ ਕਰ ਕਿਸੇ ਨੇ ਕੁਝ ਚੰਗਾ ਮਾੜਾ ਵੀ ਆਖ ਦੇਣਾ ਤਾਂ ਸੁਰਜੀਤ ਕੌਰ ਚੱਲ ਹਊ ਕਰ ਛੱਡਦੀ। ਉਹ ਕਿਸੇ ਬੇਗਾਨੇ ਦੇ ਦੁੱਖ ਨੂੰ ਵੀ ਆਪਣਾ ਸਮਝ ਲੈਂਦੀ ਤੇ ਅਗਲੇ ਦੀ ਵਿੱਤ ਅਨੁਸਾਰ ਮਦਦ ਵੀ ਜਰੂਰ ਕਰਦੀ। ਪਰ ਕਦੇ ਕਿਸੇ ਨੇ ਉਸਦੇ ਅੰਦਰਲੇ ਦਰਦ ਨੂੰ ਛੇੜ ਕੇ ਨਹੀਂ ਸੀ ਦੇਖਿਆ ਕਿ ਇਸ ਸ਼ਾਂਤ ਚਿੱਤ ਠੰਡੇ ਸੁਭਾਅ ਵਾਲੀ ਦੇ ਅੰਦਰ  ਖੌਰੇ ਕਿੰਨੇ ਤੂਫਾਨ ਚੱਲ ਰਹੇ ਹਨ। ਕਿੰਨੇ ਦਰਦਾਂ ਦੇ ਸੈਲਾਬਾਂ ਨੇ ਜਗ੍ਹਾ ਬਣਾ ਰੱਖੀ ਹੈ। ਦਰਦ ਕਹਾਣੀ ਨੂੰ ਸੁਣ ਕੇ ਕਿਸੇ ਵੀ ਪੱਥਰ ਦਿਲ ਇਨਸਾਨ ਨੂੰ ਰੋਣ ਲਈ ਮਜਬੂਰ ਕਰ ਦੇਵੇ। ਪਰ ਕਦੇ ਵੀ ਕਿਸੇ ਨਾਲ ਸੁਰਜੀਤ ਕੌਰ ਨੇ  ਆਪਣਾ ਦਰਦ ਸਾਂਝਾ ਨਾ ਕੀਤਾ ਤੇ ਨਾ ਹੀ ਉਹ ਕਰਨਾ ਚਾਹੁੰਦੀ । ਕਿਉਂਕਿ ਉਹ ਜਾਣਦੀ ਸੀ ਕਿ ਦਾਤੀ ਨੂੰ ਇੱਕ ਪਾਸੇ ਦੰਦੇ ਹਨ ਤਾਂ  ਦੁਨੀਆਂ  ਦੇ ਦੋਂਵੇ ਪਾਸੇ ਦੰਦੇ ਹਨ। ਜੇ ਕਿਸੇ ਨਾਲ ਆਪਣਾ ਦਰਦ ਸਾਂਝਾ ਕਰਨਾ ਚਾਹੇ ਤਾਂ ਲੋਕ ਉਸਨੂੰ ਹਮਦਰਦੀ ਜਤਾਉਣ ਦੇ ਬਹਾਨੇ ਉਸਦੇ ਅੱਲੇ ਜ਼ਖਮਾਂ ਦੇ ਲੂਣ ਛਿੜਕਣ ਤੋਂ ਸਿਵਾਏ ਕੁਝ ਨਹੀਂ ਕਰਨਗੇ। ਇਸ ਕਰਕੇ  ਸੁਰਜੀਤ ਕੌਰ ਨੇ ਆਪਣੇ ਦਰਦ ਨੂੰ ਕਦੇ ਕਿਸੇ ਕੋਲ ਜ਼ਾਹਰ ਵੀ ਨਾ ਹੋਣ ਦਿੱਤਾ ਤੇ ਨਾ ਹੀ ਉਹ ਆਪਣੇ ਬੀਤੇ ਕੱਲ ਬਾਰੇ ਬਹੁਤਾ ਕਿਸੇ ਨਾਲ ਗੱਲਬਾਤ ਹੀ ਕਰਦੀ। ਵਿਚਾਰੀ ਕਰਦੀ ਵੀ ਕਿਸ ਤਰਾਂ ਸਮੇਂ ਦੇ ਨਾਲ ਨਾਲ ਰੱਬ ਨੇ ਵੀ ਉਸਨੂੰ ਕਿਸੇ ਪਾਸੇ ਜੋਗਾ ਨਹੀਂ ਸੀ ਛੱਡਿਆ ।
ਇਹ ਗੱਲ ਕੋਈ ਦਸ ਕੁ ਸਾਲ ਪਹਿਲਾਂ ਦੀ ਹੈ ਜਦੋਂ ਸੁਰਜੀਤ ਕੌਰ ਦੀ ਉਮਰ ਮਸਾਂ ਵੀਹਾਂ ਕੁ ਸਾਲਾਂ ਦੀ ਸੀ ਤਾਂਂ ਉਸਦੇ ਮਾਪਿਆਂ ਉਸਦਾ ਵਿਆਹ ਕਰ ਦਿੱਤਾ। ਬਹੁਤ ਸਾਰੇ ਚਾਅ ਮਨ ਵਿੱਚ ਲੈ ਕੇ ਸੁਰਜੀਤ ਕੌਰ ਆਪਣੇ ਸਹੁਰੀ ਵਿਆਹੀ ਗਈ। ਘਰ ਵਾਲਾ ਦਿਆਲ ਸਿAੁਂ ਵੀ ਸਾਊ ਮਿਲਿਆ  ਤੇ ਉਸਦਾ ਵਕਤ ਬਹੁਤ ਵਧੀਆ ਲੰਗਣ ਲੱਗਾ। ਵਿਆਹ ਡੇਢ ਕੁ ਸਾਲ ਬਾਅਦ ਸੁਰਜੀਤ ਕੌਰ ਦੇ ਦੋ ਜੌੜੇ ਮੁੰਡਿਆਂ ਨੇ ਜਨਮ ਲਿਆ।  ਬੱਚਿਆਂ ਨਾਲ ਘਰ ਵਿੱਚ ਬੜੀ ਰੌਣਕ ਲੱਗੀ ਰਹਿਣੀ ਤੇ ਸੁਰਜੀਤ ਕੌਰ ਦਾ ਸਾਰਾ ਦਿਨ ਕਿਸ ਤਰਾਂ ਲੰਘਦਾ ਪਤਾ ਹੀ ਨਾ ਚੱਲਦਾ। ਹੌਲੀ ਹੌਲੀ ਬੱਚੇ ਵੱਡੇ ਹੁੰਦੇ ਗਏ ਤੇ ਸੁਰਜੀਤ ਕੌਰ ਦੀਆਂ ਸੱਧਰਾਂ ਵੀ ਵੱਡੀਆਂ ਹੋਣ ਲੱਗੀਆਂ। ਉਹ ਹੁਣ ਆਪਣੇ ਬੱਚਿਆਂ ਨੂੰ ਸਕੂਲ ਪੜਦੇ ਦੇਖਦੀ ਫਿਰ ਕਾਲਜ ਜਾਂਦੇ ਤੱਕਦੀ ਤੇ ਉਸ ਤੋਂ ਬਾਅਦ ਵੱਡੀਆਂ ਨੌਕਰੀਆਂ ਲੱਗੇ ਤੱਕਦੀ ਤੇ ਨਾਲ ਹੀ ਘਰ  ਦੇ ਵਿਹੜੇ ਵਿੱਚ ਦੋ ਨੂੰਹਾਂ ਨੂੰ ਛਮ ਛਮ ਤੁਰਦੀਆਂ ਤੱਕਦੀ ਤਾਂ ਉਸਦੇ ਮੂੰਹੋਂ ਆਪ ਮੁਹਾਰੇ ਨਿੱਕਲ ਜਾਂਦਾ ‘ਚੰਦਰੀਏ ਕਿਤੇ ਆਪ ਹੀ ਨਜ਼ਰਾਂ ਨਾ ਲਾ ਲਈਂ’ ਤੇ ਦੋਹਾਂ ਪੁੱਤਰਾਂ ਉੱਤੋਂ ਲਾਲ ਮਿਰਚਾਂ ਵਾਰ ਕੇ ਚੁੱਲੇ ਵਿੱਚ ਸੁੱਟ ਕੇ ਦੇਖਦੀ, ਜੇ ਮਿਰਚਾਂ ਸੜ ਕੇ ਨਾ ਮਹਿਕਦੀਆਂ ਤਾਂ ਕਈ ਤਰਾਂ ਦੇ ਵਹਿਮਾਂ  ਭਰਮਾਂ ਵਿੱਚ ਰੁੜ ਜਾਂਦੀ। ਆਮ ਹੀ ਪਿੰਡਾ ਵਿੱਚ ਇਹ ਗੱਲ ਪ੍ਰਚੱਲਤ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਨਜ਼ਰ ਵਗੈਰਾ ਲੱਗੀ ਹੋਵੇ ਤਾਂ ਉਸ ਤੋਂ ਵਾਰ  ਕੇ ਸੁੱਟੀਆਂ ਮਿਰਚਾਂ ਸੜਦੇ ਸਮੇਂ ਮਹਿਕਦੀਆਂ ਨਹੀਂ ਤੇ ਜੇਕਰ ਨਜ਼ਰ ਨਹੀਂ ਲੱਗੀ ਤਾ ਮਿਰਚਾਂ ਮਹਿਕ ਪੈਂਦੀਆਂ ਹਨ । ਮਿਰਚਾਂ ਨਾ ਮਹਿਕਣ Ḕਤੇ ਇਸ ਗੱਲ ਦਾ ਝੌਰਾ ਉਹ  ਦਿਲ ਨੂੰ ਲਾ ਬੈਠਦੀ ਅਤੇ ਉਸਦੀ ਸੋਚਾਂ ਲੜੀ ਕਿਤੇ ਦੀ ਕਿਤੇ ਜਾ ਪੁੱਜਦੀ। ਉਸਦਾ ਧਿਆਨ ਤਾਂ ਟੁੱਟਦਾ ਜੇ ਕੋਈ ਉਸਨੂੰ ਆ ਕੇ ਬੁਲਾਉਦਾ।
ਸਮਾਂ ਆਪਣੀ ਤੋਰੇ ਤੁਰਿਆ ਜਾ ਰਿਹਾ ਸੀ ਤੇ ਸੁਰਜੀਤ ਕੌਰ ਦੇ ਦੋਂਵੇ ਬੱਚੇ ਹੁਣ ਪੰਦਰਾਂ ਸਾਲ ਦੇ ਹੋ ਗਏ ਸਨ। ਘਰ ਵਾਲਾ ਵਧੀਆ ਖੇਤੀਬਾੜੀ ਕਰਦਾ ਸੀ ਤੇ ਘਰ ਦਾ ਗੁਜ਼ਾਰਾ ਬਹੁਤ ਆਸਾਨੀ  ਨਾਲ ਤੇ ਚੰਗਾ ਚੱਲਦਾ ਸੀ।  
ਸੁਰਜੀਤ ਕੌਰ ਆਪਣੇ ਘਰ ਵਾਲੇ  ਨੂੰ ਆਖਦੀ ਜੀ ਆਪਾਂ ਨਿਆਣੇ ਬਾਹਰ ਨੀ ਭੇਜਣੇ ਇੱਥੇ ਈ ਪੜਾ ਲਿਖਾ ਕੇ ਕਿਸੇ ਵਧੀਆ ਨੌਕਰੀ ਤੇ ਲਵਾ ਦੇਣੇ ਆ। ਸਾਡੀਆਂ ਅੱਖਾਂ ਸਾਂਹਵੇ ਤਾਂ ਰਹਿਣਗੇ।
ਅੱਗੋ ਘਰ  ਵਾਲਾ ਆਖਦਾ ਤੂੰ ਐਡੀ ਦੂਰ ਤੱਕ ਨਾ ਸੋਚਿਆ ਕਰ ਜਦੋਂ ਟੈਮ ਆਊ ਦੇਖੀ ਜਾਊ। ਨਾਲੇ ਇੱਥੇ ਰਹਿ ਕੇ ਭੁੱਖੇ ਮਰਨਾ ਬਾਹਰ ਜਾਣਗੇ ਕੁਛ ਘਰ ਦਾ ਬਣਜੂ। ਨਹੀਂ ਤਾਂ ਪਿਉ ਵਾਂਗੂੰ ਖੋਰੀ ਖੋਤਣਗੇ। ਜੱਟਾਂ ਦੇ ਮੁੰਡੇ ਨੌਕਰੀ ਨੂਕਰੀ ਘੱਟ ਈ ਕਰਦੇ ਆ । ਲਿਆ ਰੋਟੀ ਫੜਾ ਮੈਂ ਜਾਕੇ ਪਾਣੀ ਦੇਖਣਾ, ਬੱਤੀ ਦਾ ਕੋਈ ਭਰੋਸਾ ਨੀ ਕਦੋਂ ਚਲੇ ਜਾਣੀ ਆ। ਆਪਣੀ ਹਰ ਗੱਲਬਾਤ ਅਤੇ ਘਰੇਲੂ ਕੰਮਾਂ ਕਾਰਾਂ ਨਾਲ ਜੱਟ ਨੂੰ ਸਦਾ ਹੀ ਆਪਣੀ ਖੇਤੀਬਾੜੀ ਤੇ ਉਸਨੂੰ ਸਿੰਜਣ ਦਾ ਫਿਕਰ ਸਤਾਉਂਦਾ ਹੀ ਰਹਿੰਦਾ ਹੈ।  
ਇਸ ਤਰਾਂ ਦੀ ਰੋਜ਼ਾਨਾ ਨੋਕ ਝੋਕ ਤੇ ਬਹਿਸ  ਉਨਾਂ ਵਿੱਚ ਆਮ ਸੀ । ਪਰ ਇੱਕ ਦਿਨ ਤਾਂ ਇਸ ਤਰਾਂ ਦੀ ਬਹਿਸ ਨੇ ਹੋਣੀ ਦਾ ਰੂਪ ਧਾਰ ਲਿਆ ਤੇ ਸੁਰਜੀਤ ਕੌਰ ਲਈ ਉਹ ਦਿਨ ਸਦਾ ਵਾਸਤੇ ਹਉਕੇ ਹੰਝੂ ਤੇ ਦਰਦ ਹੀ ਦਰਦ ਛੱਡ ਗਿਆ। ਹੋਇਆ ਇੰਝ ਕਿ ਸੁਰਜੀਤ ਕੌਰ ਆਪਣੇ ਘਰ ਵਾਲੇ ਦੀ ਰੋਟੀ ਲੈ ਕੇ ਖੇਤੀਂ ਗਈ ਤੇ ਉੱਥੇ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ‘ਜੀ ਮੂੰਹ ਮਿੱਠਾ ਕਰੋ ਆਪਣਾ ਸੋਨੀ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ। ਦੇਖਣਾ ਤੁਸੀਂ ਮੇਰਾ ਸੋਨਾ ਪੜ ਕੇ ਬੜਾ ਵੱਡਾ ਅਫਸਰ ਬਣੂੰ, ਲੋਕਾਂ ਨੇ ਦੇਖ ਦੇਖ ਕੇ ਸੜਿਆ ਕਰਨਾ ਤੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਿਆ ਕਰਨੀਆਂ’।
ਸੁਰਜੀਤ ਕੌਰ ਦੇ ਘਰ ਵਾਲੇ ਦਿਆਲ ਸਿਉਂ ਨੇ ਆਖਿਆ ਤੂੰ ਇੱਕੋ ਗੱਲ ਤੇ ਅੜੀ  ਹੋਈਂ ਏਂ।  ਪਰ ਮੈਂ ਆਪਣੇ ਮੁੰਡਿਆਂ ਨੂੰ ਹੋਰ ਨੀ ਪੜਾਉਣਾ ਤੇ  ਮੇਰਾ ਇਹ ਆਖਰੀ ਫੈਸਲਾ ਈ। ਦੂਜੀ ਗੱਲ ਮੇਰੇ ਨਾਲ ਕਰਨ ਦੀ ਕੋਈ ਲੋੜ ਨੀ।
ਤੁਸੀਂ ਤਾਂ ਐਂਵੇ ਈ ਗੁੱਸੇ ਹੋਈ ਜਾਂਦੇ ਉ, ਜੇ ਨਿਆਣੇ ਪੜਨ ਨੂੰ ਚੰਗੇ ਆ ਤਾਂ ਕੀ ਹਰਜ਼ ਆ ਪੜਾਉਣ ਵਿੱਚ। ਸੁਰਜੀਤ ਕੌਰ ਨੇ ਢਿੱਲੀ ਜਿਹੀ ਹੁੰਦੇ ਹੋਏ ਕਿਹਾ ।
ਹਰਜ ਹੁਰਜ ਦਾ ਮੈਨੂੰ ਨੀ ਪਤਾ ਤੇ ਹੁਣ ਤੂੰ  ਘਰ ਨੂੰ ਤੁਰ ਜਾ ਏਸੇ ਵਿੱਚ ਭਲਾ ਈ ਤੇਰਾ ਵੀ ਤੇ ਮੇਰਾ ਵੀ। ਦਿਆਲ ਸਿਉਂ ਦੇ ਸਿਰ ਤੇ ਜਿਵੇਂ ਕੋਈ ਭੂਤ ਸਵਾਰ ਹੋ ਗਿਆ ਸੀ। ਦਿਆਲ ਸਿੰਘ ਅਸਲੋਂ ਹੀ ਆਪਣੇ ਬੱਚਿਆਂ ਨੂੰ ਬਹੁਤਾ ਪੜਾਉਣ ਦੇ ਹੱਕ ਵਿੱਚ ਨਹੀਂ ਸੀ। ਉਸ ਅਨੁਸਾਰ ਬੱਚੇ ਪੜ ਕੇ ਵਿਗੜ ਜਾਦੇ ਹਨ ਤੇ ਮਾਪਿਆਂ ਦਾ ਵੀ ਸਤਿਕਾਰ ਨਹੀਂ ਕਰਦੇ।
ਸੁਰਜੀਤ ਕੌਰ ਨੇ ਦਿਆਲ ਸਿੰਹੁ ਨੂੰ ਸਮਝਾਉਣ ਦੇ ਤਰੀਕੇ ਨਾਲ ਕਿਹਾ ‘ਕੀ ਤੁਸੀਂ ਵੀ ਐਂਵੇਂ ਬੱਸ…………।  ਗੱਲ ਸੁਰਜੀਤ ਕੌਰ ਦੇ ਮੂੰਹ ਵਿੱਚ ਹੀ ਸੀ ਕਿ ਦਿਆਲ ਸਿੰਹੁ ਨੇ ਹੱਥ ਉਲਾਰ ਕੇ ਤਾੜ ਦੇਣਾ ਇੱਕ ਕਰਾਰਾ ਥੱਪੜ ਸੁਰਜੀਤ ਕੌਰ ਦੀ ਗੱਲ ਤੇ ਧਰ ਦਿੱਤਾ। ਇਸ ਤੋਂ ਪਹਿਲਾਂ ਕਿ ਸੁਰਜੀਤ ਕੌਰ ਕੁਝ ਬੋਲਦੀ ਦਿਆਲ ਸਿੰਹੁ ਨੇ ਆਖਿਆ ‘ਦਫ਼ਾ ਹੋ ਜਾ ਏਥੋਂ ਬੰਦੇ ਦੀ ਧੀ ਬਣ ਕੇ …ਨਈਂ ਤਾਂ ਮੈਥੋਂ ਬੁਰਾ ਕੋਈ ਨੀḔ। ਦਿਆਲ ਸਿਹੁੰ ਨੇ ਸੁਰਜੀਤ ਕੌਰ ਨੂੰ ਖੇਤੋਂ ਚਲੇ ਜਾਣ ਇੱਕ ਤਰਾਂ ਨਾਲ ਆਦੇਸ਼ ਜਾਰੀ ਕਰ ਦਿੱਤਾ ।
ਉਹ ਸੁਰਜੀਤ ਕੌਰ ਨੂੰ ਅਵਾ ਤਵਾ ਜਿਹਾ ਬੋਲੀ ਜਾ ਰਿਹਾ ਸੀ ਤੇ ਸੁਰਜੀਤ ਕੌਰ ਉਸ ਨੂੰ ਡੌਰ ਭੌਰ ਜਿਹੀ ਹੋ ਕੇ ਤੱਕ ਰਹੀ ਸੀ। ਉਸਨੂੰ ਕੁਝ ਵੀ ਸੁਝ ਨਹੀਂ  ਰਿਹਾ ਸੀ। ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਕਿਉਂ  ਉਸ ਨੇ ਸੋਨੀ ਦੇ ਪਾਸ ਹੋਣ ਦੀ ਗੱਲ ਦਿਆਲ ਸਿਉਂ ਨੂੰ ਦੱਸੀ। ਸੁਰਜੀਤ ਕੌਰ ਖੇਤ ਤੋਂ ਘਰ ਨੂੰ ਤੁਰ ਪਈ ਤੇ ਰਾਹ ਵਿੱਚ ਵਿੱਚ ਵੀ ਖੇਤ ਵਿਚਲੀ ਘਟਨਾ ਤੇ ਦਿਆਲ ਸਿਉਂ ਦੇ ਬਾਰੇ ਸੋਚਦੀ ਆ ਰਹੀ ਸੀ। ਘਰ ਆ ਕੇ ਉਹ ਘਰ ਦੇ ਕੰਮ ਲੱਗ ਗਈ  ਪਰ ਉਹ ਬੜੀ ਉਦਾਸ ਜਿਹੀ ਤੇ ਨਿੰਮੋ ਝੂਣੀ ਜਿਹੀ ਹੋ ਗਈ ਸੀ। ਅੱਜ ਤੱਕ ਦਿਆਲ ਸਿੰਹੁ ਨੇ ਉਸਨੂੰ ਝਿੜਕ ਤੱਕ ਨਹੀਂ ਮਾਰੀ ਸੀ ਤੇ ਅੱਜ ਥੱਪੜ ਤੱਕ ਮਾਰ ਦਿੱਤਾ । ਫਿਰ ਵੀ ਸੁਰਜੀਤ ਕੌਰ ਨੇ ਗੱਲ ਨੂੰ ਬਹੁਤਾ ਗੌਲਣ ਦੀ ਬਜਾਏ ਲੌਡੇ ਵੇਲੇ  ਦਿਆਲ ਸਿਉਂ ਲਈ ਚਾਹ ਬਣਾਈ ਤੇ ਸੋਨੀ ਤੇ ਜੀਤੇ ਨੂੰ ਚਾਹ ਦੇ ਕੇ ਖੇਤ ਨੂੰ ਭੇਜਿਆ । ਉਹ ਨਹੀਂ ਸੀ ਜਾਣਦੀ ਕਿ ਆਪਣੇ ਹੱਥੀਂ  ਜਿਗਰ ਦੇ ਟੁਕੜੇ ਸਦਾ ਵਾਸਤੇ ਆਪਣੇ ਤੋਂ ਦੂਰ ਕਰ ਰਹੀ ਹੈ।
ਜਦੋਂ ਸੋਨੀ ਤੇ ਜੀਤਾ ਖੇਤੀਂ ਚਾਹ ਲੈ ਕੇ ਗਏ ਤਾਂ ਦਿਆਲ ਸਿਉਂ ਦਾ ਦੋਵਾਂ ਨੂੰ ਦੇਖ ਕੇ ਇੱਕ ਤਰਾਂ ਨਾਲ ਪਾਰਾ ਹੀ ਚੜ੍ਹ ਗਿਆ। ਸ਼ਾਇਦ ਉਹ ਸਵੇਰ ਦਾ ਹੀ ਭਰਿਆ ਪੀਤਾ ਸੀ। ਉਹ ਦੋ ਤਿੰਨ ਗੰਦੀਆਂ ਗਾਲਾਂ ਕੱਢ ਕੇ ਕਹਿਣ ਲੱਗਾ ਤੁਸੀਂ ਵੀ ਆਪਣੀ ਮਾਂ ਵਾਂਗ ਮੇਰੇ ਦੁਸ਼ਮਣ ਹੀ ਲਗਦੇ ਆਂ। ਉਹ ਤਾਂ ਮੇਰੀ ਕੋਈ ਗੱਲ ਮੰਨਦੀ ਨੀ ਕੱਲ ਨੂੰ ਤੁਸਾਂ ਕਿਹੜੀ ਮੰਨਣੀ ਆ।
          ਸੋਨੀ ਨੇ ਡਰਦੇ ਡਰਦੇ ਪੁਛਿਆ ਭਾਪਾ ਕੀ ਗੱਲ ਹੋਈ?
        ਹੋਇਆ ਤੇਰੀ ਮਾਂ ਦਾ ਸਿਰ ਜੀਹਨੇ ਤੈਨੂੰ ਜੰਮਿਆ। ਦਿਆਲ ਸਿਉਂ ਸੋਨੀ ਨੂੰ  ਇੰਝ ਪਿਆ ਜਿਵੇਂ ਖਾ ਜਾਣਾ ਹੋਵੇ।
ਸੋਨੀ ਵਿਚਾਰਾ ਡਰਿਆ ਡਰਿਆ ਜਿਹਾ ਦੇਖਣ ਲੱਗ ਪਿਆ ਤੇ ਡਰਦੇ ਡਰਦੇ ਨੇ ਹੀ ਚਾਹ ਵਾਲਾ ਡੱਬਾ ਥੱਲੇ ਰੱਖ ਦਿੱਤਾ। ਡੱਬਾ ਰੱਖਣ ਦੀ ਦੇਰ ਸੀ ਕਿ ਦਿਆਲ ਸਿਉਂ ਨੇ ਚਾਹ ਵਾਲੇ ਡੱਬੇ ਦੇ ਜ਼ੋਰ ਨਾਲ ਪੈਰ ਦਾ ਠੁੱਡ ਮਾਰਿਆ ਤੇ ਡੱਬਾ ਰੁੜਦਾ ਹੋਇਆ ਦੂਰ ਜਾ ਪਿਆ। ਦਿਆਲ ਸਿਉਂ ਦੇ ਸਿਰ ਜਿਵੇਂ ਕੁਝ ਆ ਗਿਆ ਸੀ। Aਸਨੇ ਉਸੇ ਵੇਲੇ ਸੋਨੀ ਨੂੰ ਫੜ ਕੇ ਢਾਹ ਲਿਆ ਤੇ ਅੰਨੇਵਾਹ ਕੁੱਟਣ ਲੱਗ ਪਿਆ। ਸੋਨੀ ਆਪਣੇ ਪਿਉ ਦੇ ਤਰਲੇ ਕਰਦਾ ਸੀ,  ‘ਭਾਪਾ ਨਾ ਮਾਰ, ਨਾ ਮਾਰ’।  ਸੋਨੀ ਵਿਚਾਰਾ ਕਿਸੇ ਤਰਾਂ ਛੁੱਟ ਕੇ  ਪਿਉ ਦੀ ਕੁੱਟ ਤੋਂ ਡਰਦਾ ਮਾਰਾ ਪਿਉ ਦੇ ਮੂਹਰੇ ਭੱਜਾ ਜਾ ਰਿਹਾ ਸੀ ਤੇ ਨਾਲੇ ਮੁੜ ਮੁੜ ਪਿੱਛੇ ਦੇਖਦਾ ਸੀ। ਉਸਨੂੰ ਭੱਜੇ ਜਾਦਿਆਂ ਪਤਾ ਹੀ ਨਾ ਲੱਗਾ ਅੱਗੇ ਮੋਟਰ ਵਾਲੀ ਖੂਹੀ ਹੈ। ਸੋਨੀ ਭੱਜਾ ਜਾਂਦਾ ਬੜੇ ਜੋਰ ਨਾਲ ਖੂਹੀ ਵਿੱਚ ਡਿੱਗਾ ਤੇ ਡਿੱਗਦੇ ਸਾਰ ਹੀ ਸੋਨੀ ਦਾ ਸਿਰ ਮੋਟਰ ਵਿੱਚ ਜਾ  ਵੱਜਾ ਜਿਸ ਨਾਲ ਸੋਨੀ ਦਾ ਸਾਰਾ ਸਿਰ ਖੁੱਲ ਗਿਆ ਤੇ ਉਸਦਾ ਦਾ ਸਰੀਰ ਪਲਾਂ ਵਿੱਚ ਹੀ ਠੰਡਾ ਹੋ ਗਿਆ।  
ਮਾਸੂਮ ਜਾਨ ਗਵਾ ਚੁੱਕਾ ਸੀ। ਦਿਆਲ ਸਿੰਘ ਨੇ ਜਦੋਂ ਦੇਖਿਆ ਕਿ ਉਸਨੇ ਗੁੱਸੇ ਦੇ ਮਾਰੇ ਹੋਏ  ਨੇ ਆਪਣੇ ਹੀ ਪੁੱਤ ਦੀ ਜਾਨ ਲੈ ਲਈ ਹੈ। ਦਿਆਲ ਸਿੰਘ ਕਿੰਨਾ ਚਿਰ ਪੱਥਰ ਬਣਿਆ ਸੋਨੀ ਨੂੰ ਦੇਖਦਾ ਰਿਹਾ। ਉਸ ਨੂੰ ਲੋਕ ਕਾਤਲ ਕਾਤਲ ਕਹਿੰਦੇ ਸੁਣਨ ਲੱਗੇ। ਉਹ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉਸ ਕੋਲੋਂ ਆਪਣੇ ਪੁੱਤਰ ਨੂੰ ਹੋਰ ਨਾ ਦੇਖਿਆ ਗਿਆ ਤਾਂ ਉਸ ਨੇ  ਰੱਸੇ ਨਾਲ ਆਪ ਵੀ ਫਾਹਾ ਲੈ ਲਿਆ। ਇਸ ਤਰਾਂ ਕੁਝ ਹੀ ਪਲਾਂ ਵਿੱਚ ਦੋਵੇਂ ਪਿਉ ਪੁੱਤ ਭੰਗ ਦੇ ਭਾੜੇ ਮਾਰੇ ਗਏ। ਜੀਤਾ ਤਾਂ ਉਦੋਂ ਹੀ ਡਰਦਾ ਮਾਰਾ ਘਰ ਨੂੰ ਦੌੜ ਗਿਆ ਸੀ ਜਿਸਨੇ ਮਾਂ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਕਿ ਭਾਪਾ ਜਾਂਦਿਆਂ ਹੀ ਸੋਨੀ ਨੂੰ ਕੁੱਟਣ ਲੱਗ ਪਿਆ ਸੀ। ਹੋਰ ਕੁਝ ਅਜੇ ਜੀਤੇ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਜੀਤਾ ਸੋਨੀ ਦੇ ਕੁੱਟ ਪੈਣ ਸਮੇਂ ਹੀ ਦੌੜ ਗਿਆ ਸੀ।  ਜੀਤਾ ਨਾਲੇ ਮਾਂ ਨੂੰ ਸਭ ਕੁਝ ਦੱਸੀ ਜਾਂਦਾ ਸੀ ਨਾਲੇ ਰੋਈ ਜਾਂਦਾ ਸੀ।
ਸੁਰਜੀਤ ਕੌਰ ਦੇ ਸੱਸ ਸਹੁਰਾ ਵੀ ਉਸਨੂੰ ਬੁਰਾ ਭਲਾ ਆਖ ਰਹੇ ਸਨ। ਪਰ ਸੁਰਜੀਤ ਕੌਰ ਨੇ ਬਿਨਾ ਕਿਸੇ ਦੀ ਸੁਣਿਆ ਆਪਣੇ ਖੇਤਾਂ ਨੂੰ ਸੂæਟ ਵੱਟ ਦਿੱਤੀ । ਉਹ ਦਿਲੋਂ ਅਰਦਾਸਾਂ ਕਰਦੀ ਜਾਂਦੀ ਸੀ ਹੇ ਬਾਬਾ ਵੇਲਾਂ ਵਾਲਿਆਂ ਮੇਰੀ ਵੇਲ ਨੂੰ ਹੱਥ ਦੇ ਕੇ ਰੱਖ ਲਈਂ। ਤੇਰੇ ਦਰ ਤੇ ਨੰਗੀ ਪੈਰੀਂ ਪੰਜੀਰੀ ਲੈ ਆਊਂ, ਪਰ ਸੁਰਜੀਤ ਕੌਰ ਦੀ ਵੇਲ ਤਾਂ ਕੱਟੀ ਜਾ ਚੁੱਕੀ ਸੀ। ਉਸਦਾ ਸੰਸਾਰ ਤਾਂ ਲੁੱਟਿਆ ਜਾ ਚੁੱਕਾ ਸੀ ਪਰ ਉਹ ਅਜੇ ਕੁਝ ਪਲਾਂ ਲਈ ਅਨਜਾਣ ਸੀ।
ਜਦੋਂ ਸੁਰਜੀਤ ਕੌਰ ਨੇ ਖੇਤੀਂ ਜਾ ਕੇ ਡੰਗਰਾਂ ਵਾਲੇ ਅੰਦਰ ਦੇਖਿਆ ਤਾਂ ਉਸਦੀ ਲੇਰ ਨਿੱਕਲ ਗਈ। ਉਹ ਦਿਆਲ ਸਿਹੁੰ ਦੀਆਂ ਲੱਤਾਂ ਨਾਲ ਚੰਬੜ ਗਈ। ਉਸਦੀਆਂ ਭੁੱਬਾਂ ਨੇ ਅਸਮਾਨ ਨੂੰ ਜਾ ਪਹੁੰਚ ਕੀਤੀ ਸੀ। ਅੰਦਰੋ ਨਿੱਕਲ ਕੇ ਉਹ ਹਾਕਲ ਬਾਕਲ ਹੋਈ ਖੂਹੀ ਵੱਲ ਦੌੜੀ ਤਾਂ ਉਸਦਾ ਕਾਲਜਾ ਮੂੰਹ ਨੂੰ ਆ ਗਿਆ। ਉਸਦੀਆਂ ਅੱਖਾਂ ਮੂਹਰੇ ਨੇਰਾ੍ਹ ਹੀ ਨੇਰਾ੍ਹ ਸੀ, ਉਸਦਾ ਸਭ ਕੁਝ ਲੁੱਟ ਹੋ ਗਿਆ ਸੀ। ਤਦ ਤੱਕ ਉਸਦੇ ਸੱਸ ਸਹੁਰਾ  ਤੇ ਹੋਰ ਪਿੰਡ ਵਾਲੇ ਵੀ ਪੁੱਜ ਗਏ। ਜਿਨਾਂ ਵਿੱਚੋਂ ਕਿਸੇ ਨੇ ਪੁਲਿਸ ਨੂੰ  ਵੀ ਫੋਨ ਕਰ ਦਿੱਤਾ ਸੀ।  ਪੁਲਿਸ ਇਸ ਤਰਾਂ  ਦੇ ਮਾਮਲਿਆਂ ਵਿੱਚ ਜਲਦੀ ਪਹੁੰਚ ਜਾਇਆ ਕਰਦੀ ਹੈ। ਪੁਲਿਸ ਵਾਲਿਆਂ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ। ਮਾਮਲੇ ਦੀ ਪੁੱਛ ਗਿੱਛ ਲਈ ਕਾਰਵਾਈ ਆਰੰਭ ਦਿੱਤੀ। ਸੁਰਜੀਤ ਕੌਰ ਦੇ ਸੱਸ ਸਹੁਰਾ ਸਾਰਾ ਦੋਸ਼ ਉਸਨੂੰ ਦੇ ਰਹੇ ਸਨ। ਆਢੋਂ ਗੁਆਢੋਂ ਵੀ ਕਿਸੇ ਨੇ ਮੂੰਹ ਮਾਰ ਦਿੱਤਾ, ਜਿਸ ਕਰਕੇ ਪੁਲਿਸ ਨੇ ਸੁਰਜੀਤ ਕੌਰ ਨੂੰ ਘੇਰੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਸੁਰਜੀਤ ਕੌਰ ਨੂੰ ਭਾਂਵੇ ਪੁਲਿਸ ਨੇ ਗ੍ਰਿਫ਼ਤਾਰ ਤਾਂ ਨਹੀਂ ਕੀਤਾ ਸੀ ਪਰ ਉਸਦੀ ਨਿੱਤ ਥਾਣੇ ਸੱਦ ਕੇ ਖੱਜਲ ਖੁਆਰੀ ਜਰੂਰ ਕੀਤੀ ਜਾਂਦੀ ਸੀ। ਸੁਰਜੀਤ ਕੌਰ ਵਿਚਾਰੀ ਆਪਣੇ ਕਰਮਾ ਨੂੰ ਕੋਸਣ ਤੋਂ ਸਿਵਾਏ ਹੋਰ ਕੁਝ ਨਾ ਕਰ ਸਕਦੀ।
ਉਹ ਜੀਤੇ ਨੂੰ ਆਪਣੇ ਸੀਨੇ ਨਾਲ ਘੁੱਟ ਕੇ ਲਾ ਲੈਂਦੀ ਤੇ ਆਖਦੀ ਰੱਬਾ ਮੇਰਾ ਸਾਰਾ ਕੁਝ ਏਹੀ ਆ। ਇਹਦੇ ਸਿਰ ਤੇ ਮਿਹਰ ਦੀ ਨਜ਼ਰ ਰੱਖੀਂ। ਪਰ ਸੁਰਜੀਤ ਕੌਰ ਦੇ ਸੱਸ ਸਹੁਰੇ ਨੇ ਉਸਦਾ ਦੁੱਖ ਵੰਡਾਉਣ ਦੀ ਬਜਾਏ ਸੁਰਜੀਤ ਕੌਰ ਨੂੰ ਸਹੁਰੇ ਘਰੋਂ ਕੱਢਣ ਦਾ ਸੋਚ ਲਿਆ ਸੀ। ਇਸ ਲਈ ਸਹੁਰੇ ਨੇ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨੂੰ ਵੀ ਗੰਢ ਲਿਆ ਸੀ। ਪੁਲਿਸ ਦਾ ਮੂੰਹ ਵੀ ਭਰ ਦਿੱਤਾ ਗਿਆ ਸੀ।  ਉਢੀਕ ਸੀ ਬੱਸ ਕਿਸੇ ਢੁਕਵੇਂ ਮੌਕੇ ਦੀ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਬਚ ਜਾਵੇ। ਵਿਚਾਰੀ ਦੀ ਕਿਸਮਤ ਮਾੜੀ ਤਾਂ ਸੀ ਹੀ, ਨਾਲ ਸਮਾਂ ਵੀ ਮਾੜਾ ਚੱਲ ਰਿਹਾ ਸੀ। ਹੋਇਆ ਇੰਝ ਕਿ ਕੋਈ ਫੇਰੀ ਵਾਲਾ ਸਬਜ਼ੀ ਵੇਚ ਰਿਹਾ ਸੀ ਜਿਸਨੂੰ ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਿਕ ਮੰਗਣ ਤੇ ਪਾਣੀ ਦਾ ਗਿਲਾਸ ਦੇ ਦਿੱਤਾ।
ਸੱਸ ਨੇ ਸਾਰਾ ਘਰ ਕੀ ਸਾਰਾ ਪਿੰਡ ਸਿਰ ਤੇ ਚੁੱਕ ਲਿਆ ਕਿ ਮੇਰੇ ਪੁੱਤ ਦਾ ਅਜੇ ਸਿਵਾ ਠੰਡਾ ਨੀ ਹੋਇਆ ਤੇ ਇਸ ਕਲਮੂੰਹੀ ਨੂੰ ਮੂੰਹ ਕਾਲਾ ਕਰਨ ਦੀ ਪਈ ਆ । ਸੱਸ ਨੇ ਸੁਰਜੀਤ ਕੌਰ ਨੂੰ ਬਹੁਤ ਬੁਰਾ ਭਲਾ ਆਖਿਆ। ਆਂਢ ਗੁਆਂਢ ਵੀ ਸਾਰਾ ਇਕੱਠਾ ਹੋ ਗਿਆ ਸੀ।
ਸੁਰਜੀਤ ਕੌਰ ਸੱਸ ਦੇ ਤਰਲੇ ਕਰਦੀ ਮਿੰਨਤਾਂ ਕਰਦੀ ਕਿ ਬੀਬੀ ਉਸ ਗਰੀਬ ਨੇ ਪਾਣੀ ਦਾ ਘੁੱਟ ਮੰਗਿਆ ਮੈਂ ਦੇ ਬੈਠੀ ਹਾਂ। ਪਰ ਸੱਸ ਤਾਂ ਮੌਕਾ ਉਡੀਕਦੀ ਸੀ ਜੋ ਮਸਾਂ ਆਇਆ ਸੀ। ਉਹ ਕਿਵੇਂ ਸੁਣਦੀ ਸੁਰਜੀਤ ਕੌਰ ਦੀ ਸਚਾਈ ਨੂੰ। ਸਾਰਾ ਪਿੰਡ ਜੁੜ ਗਿਆ ਸੀ ਸੁਰਜੀਤ ਕੌਰ ਆਪਣੇ ਆਲੇ ਦੁਆਲੇ ਇਕੱਠੇ ਹੋਏ ਲੋਕਾਂ ਦੇ ਤਰਲੇ ਕਰਦੀ ਫਿਰਦੀ ਆਪਣੀ ਸਫਾਈ ਦੇ ਰਹੀ ਸੀ। ਕਦੇ ਉਹ ਸਰਪੰਚ ਕੋਲ ਜਾਂਦੀ, ਕਦੇ ਨੰਬਰਦਾਰ ਕੋਲ ਕਦੇ ਹੋਰ ਪਿੰਡ ਦੇ ਸਿਆਣਿਆਂ ਬੰਦਿਆਂ ਦੇ ਪੈਰ ਫੜਦੀ। ਪਰ ਸਭ ਫਜੂਲ ਸੀ। ਕੁਝ ਜਿੰæਮੇਵਾਰ ਲੋਕ ਉੰਝ ਵਿਕਿਆਂ ਵਰਗੇ ਸਨ ਤੇ ਕੁਝ ਤਮਾਸ਼ਬੀਨ ਲੋਕਾਂ ਲਈ ਸਿਵਾਏ ਤਮਾਸ਼ੇ ਦੇ  ਹੋਰ ਕੁਝ ਨਹੀਂ ਸੀ।
ਅੰਤ ਨੂੰ ਪੰਚਾਇਤ ਨੇ ਸੁਰਜੀਤ ਕੌਰ ਦੇ ਸੱਸ ਸਹੁਰੇ ਨਾਲ ਮਿਲ ਕੇ ਫੈਸਲਾ ਦੇ ਦਿੱਤਾ ਕਿ ਸੁਰਜੀਤ ਕੌਰ ਇੱਕ ਬਦਚਲਨ ਔਰਤ ਹੈ, ਆਪਣੇ ਪਤੀ ਅਤੇ ਪੁੱਤਰ ਨੂੰ ਮਾਰਨ ਵਾਲੀ ਡੈਣ ਹੈ। ਇਸਨੂੰ ਇਸ ਪਿੰਡ ਰਹਿਣ ਦਾ ਕੋਈ ਹੱਕ ਨਹੀਂ, ਇਸਦੇ ਪਿੰਡ ਰਹਿਣ ਨਾਲ ਬਾਕੀ ਲੋਕਾਂ ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸਦੇ ਨਾਲ ਹੀ ਇਹ ਆਪਣੇ ਦੂਜੇ ਪੁੱਤਰ ਜੀਤੇ ਦੀ ਵੀ ਕਿਸੇ ਤਰਾਂ ਦੀ ਹੱਕਦਾਰ ਨਹੀਂ ਹੈ। ਇਹ ਕਿਹਾ ਗਿਆ ਕਿ ਸੁਰਜੀਤ ਕੌਰ ਜੇ ਅਦਾਲਤ ਵਿੱਚ ਵੀ ਜਾਵੇਗੀ ਤਾਂ ਸਾਰਾ ਪਿੰਡ ਇਸ ਦੇ ਉਲਟ ਭੁਗਤੇਗਾ। ਪਿੰਡ ਦੀ ਪਰ੍ਹੇ ਵਿੱਚ ਲੋਕ ਤਰਾਂ ਤਰਾਂ ਦੇ ਤਾਅਨੇ ਮਿਹਣੇ ਕੱਸ ਰਹੇ ਸਨ ਤੇ ਸੁਰਜੀਤ ਕੌਰ ਦਿਆਲ ਸਿਹੁੰ ਨੂੰ ਕਹਿ ਰਹੀ ਸੀ ਵੈਰੀਆ ਕਿਹੜਾ ਵੈਰ ਕੱਢਿਆ ਈ ਇਸ ਨਕਰਮੀ ਤੋਂ। ਮੈਂ ਮਰ ਜਾਂਦੀ ਪਰ ਤੂੰ ਨਾ ਮਰਦਾ । ਹੁਣ ਪਲ ਪਲ ਵਾਸਤੇ ਮਰਨ ਲਈ ਛੱਡ ਗਿਆ ਮੈਨੂੰ। ਸੁਰਜੀਤ ਕੌਰ ਨੂੰ ਦੋਸ਼ ਲਾ ਘਰੋਂ ਕੱਢ ਦਿੱਤਾ ਗਿਆ ਤੇ ਨਾਲ ਹੀ ਉਸਤੋਂ ਜੀਤੇ ਦਾ ਸਾਰਾ ਹੱਕ ਖੋਹ ਕੇ ਖਾਲੀ ਹੱਥ ਕਰ ਦਿੱਤਾ ਸੀ। ਜ਼ਮੀਨ ਜਾਇਦਾਦ ਤਾਂ ਪਹਿਲਾਂ ਹੀ ਉਸਦੇ ਸਹੁਰੇ ਦੇ ਨਾਂ ਹੋਣ ਕਰਕੇ ਉਹ ਕਿਸੇ ਚੀਜ਼ ਦੀ ਹੱਕਦਾਰ ਨਹੀਂ ਸੀ। ਉਸਨੇ ਕਿਸੇ ਤਰਾਂ ਦੇ ਨਿਆਂ ਲਈ ਕਿਸੇ ਵੀ ਦਰ Ḕਤੇ ਜਾਣਾ ਠੀਕ ਨਾ ਸਮਝਿਆ ਤੇ ਇਸ ਸਭ ਕਾਸੇ ਨੂੰ ਆਪਣੀ ਕਿਸਮਤ ਦਾ ਹਿੱਸਾ ਮੰਨ ਕੇ ਚੁੱਪ ਚਾਪ ਪੇਕੀਂ ਤੁਰ ਗਈ।
ਸੁਰਜੀਤ ਕੌਰ ਪੇਕੀਂ ਚਲੇ ਤਾਂ  ਗਈ ਪਰ ਉੱਥੇ ਭਰਜਾਈ ਵੀ ਜ਼ਰਾ ਤਿੱਖੀ ਸੀ ਤੇ ਸੁਰਜੀਤ ਕੌਰ ਨੂੰ ਬਿਨ ਬੁਲਾਈ ਬਲਾ ਸਮਝ ਕੇ ਉਸ ਨਾਲ ਬਹੁਤਾ ਚੰਗਾ ਵਿਹਾਰ ਨਾ ਕਰਦੀ। ਜਿਸ ਗੱਲ ਨੂੰ ਸੁਰਜੀਤ ਕੌਰ ਸਮਝ ਤਾਂ ਗਈ ਪਰ ਮਜਬੂਰੀ ਵੱਸ ਚੁੱਪ ਹੀ ਰਹਿੰਦੀ ਤੇ ਘਰ ਦਾ ਸਾਰਾ ਕੰਮ ਨੀਂਵੀ ਪਾ ਕੇ ਕਰਦੀ ਰਹਿੰਦੀ। ਦਿਨ ਘਰ ਦੇ ਕੰਮਾਂ ਵਿੱਚ ਲੰਘਾ ਲੈਂਦੀ ਪਰ ਰਾਤ ਨੂੰ ਉਸਦੇ ਅੰਦਰਲੇ ਦਰਦ ਉਸਨੂੰ ਆ ਘੇਰਦੇ ਜੋ ਸੁਰਜੀਤ ਕੌਰ ਦੀ ਨੀਂਦ ਨੂੰ ਕਿਧਰੇ ਦੂਰ ਲੈ ਜਾਂਦੇ।  
ਸੁਰਜੀਤ ਕੌਰ ਦਾ ਭਰਾ ਇੱਕ ਸਿਆਣਾ ਤੇ ਸਮਝਦਾਰ ਬੰਦਾ ਸੀ। ਉਸ ਕੋਲੋਂ ਘਰ ਦਾ ਮਾਹੌਲ ਵੀ ਲੁਕਿਆ ਹੋਇਆ ਨਹੀਂ ਸੀ ਨਾ ਹੀ ਉਸਨੂੰ ਸੁਰਜੀਤ ਕੌਰ ਨਾਲ ਕੋਈ ਸ਼ਿਕਾਇਤ ਸੀ। ਇਸੇ ਕਰਕੇ ਉਸਨੇ ਇੱਕ ਦਿਨ ਸੁਰਜੀਤ ਕੌਰ ਨੂੰ ਕੋਲ ਬਿਠਾ ਕੇ ਆਖਿਆ ‘ਸੁਰਜੀਤ ਮੈਂ ਤੇ ਤੂੰ ਭੈਣ ਭਰਾ ਹਾਂ ਪਰ ਇੱਕ ਗੱਲ ਕਰਨੀ ਚਾਹੁੰਦਾ ਹਾਂ ਜੇ ਗੁੱਸਾ ਨਾ ਮਨਾਵੇਂ ਤਾਂ। ਸੁਰਜੀਤ ਕੌਰ ਦੇ ਭਰਾ ਇੰਨੀ ਗੱਲ ਆਖ ਕੇ ਆਪਣੀ ਭੇਣ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਵੀ ਕਰਨ ਲੱਗਾ।
ਸੁਰਜੀਤ ਕੌਰ ਬਿਨਾਂ ਕਿਸੇ ਅਚੰਭੇ ਦੇ ਸ਼ਾਂਤ ਜਿਹੀ ਕਹਿਣ ਲੱਗੀ ‘ਵੀਰਾ ਗੁੱਸਾ ਕਰਨ ਨੂੰ ਰਹਿ ਹੀ ਕੀ ਗਿਆ। ਬਾਕੀ ਤੇਰੇ ਨਾਲ ਤਾਂ ਮੇਰੀ ਨਿੱਕੀ ਹੁੰਦੀ ਦੀ ਸਾਂਝ ਆ। ਤੇਰਾ ਗੁੱਸਾ ਨਾ ਕਦੇ ਕੀਤਾ ਤੇ ਨਾ ਕਰਾਂਗੀ। ਦੱਸ ਮੇਰਾ ਵੀਰ ਕੀ ਕਹਿਣਾ ਚਾਹੁੰਨਾਂ’।
ਬੱਸ ਹੋਰ ਕੁਝ ਨੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੇਰਾ ਕਿਤੇ ਹੋਰ…………।  ਉਸਦਾ ਭਰਾ ਗੱਲ ਪੂਰੀ ਨਾ ਕਰ ਸਕਿਆ ਤੇ ਉਸਦਾ ਗਲਾ ਭਰ ਆਇਆ।
ਸੁਰਜੀਤ ਕੌਰ ਸਾਰਾ ਕੁਝ ਸਮਝਦੀ ਸੀ ਤੇ ਇੰਨਾ ਹੀ ਆਖ ਸਕੀ ‘ਵੀਰਾ ਜਿਵੇਂ ਤੂੰ ਚੰਗਾ ਸਮਝੇਂ । ਮੈਂ ਕੀ ਆਖਣਾ’? ਉੰਝ ਉਹ ਕਹਿਣਾ ਚਾਹੁੰਦੀ ਸੀ ਕਿ ਮੈਂ ਮਰ ਜਾਣਾ ਚਾਹੁੰਨੀਆਂ, ਪਰ ਮਰਿਆ ਨੀ ਜਾਂਦਾ।
ਇਸ ਤਰਾਂ ਸੁਰਜੀਤ ਕੌਰ ਦੇ ਭਰਾ ਨੇ ਉਸਦਾ ਕਿਸੇ ਤਰਾਂ ਕਰਕੇ ਦੂਜਾ ਵਿਆਹ ਕਰ ਦਿੱਤਾ ਤੇ ਸੁਰਜੀਤ ਕੌਰ ਹੋਣੀ ਦਾ ਭਾਣਾ ਮੰਨ ਕੇ ਇੱਕ ਵਾਰ ਫਿਰ ਜ਼ਿੰਦਗੀ ਦੀ ਗੱਡੀ ਅੱਗੇ ਜੁੱਟ ਗਈ। ਪਰ ਉਸਦਾ ਦਿਲ ਟੁੱਟ ਚੁੱਕਾ ਸੀ ਤੇ ਦਿਲ ਵਿਚਲੇ ਸਾਰੇ ਚਾਅ ਮਰ ਚੁੱਕੇ ਸਨ, ਪਰ ਫਿਰ ਵੀ ਉਹ ਜੀਅ ਰਹੀ ਸੀ। ਉਸਨੇ ਇੱਕ ਸਮਝੌਤਾ ਜਿਹਾ ਕਰਕੇ ਆਪਣੇ ਆਪ ਨੂੰ ਸਮਝਾ ਲਿਆ ਸੀ ਤੇ ਬੇਦਰਦ ਸਮਾਜ ਦੀਆਂ ਕੀਤੀਆ ਵਧੀਕੀਆਂ ਨੂੰ ਨਾ ਚਾਹ ਕੇ ਵੀ ਭੁਲਾਉਣ ਦੀ ਇੱਕ ਕੋਸ਼ਿਸ਼ ਕੀਤੀ। ਸੁਰਜੀਤ ਕੌਰ ਆਪਣੇ ਬੀਤੇ ਕੱਲ੍ਹ ਨੂੰ ਚੇਤੇ ਕਰਕੇ ਕਈ ਵਾਰ ਅੰਦਰ ਵੜ ਰੋ ਲੈਂਦੀ ਤੇ ਕਿਸੇ ਨੂੰ ਜ਼ਾਹਰ ਤੱਕ ਨਾ ਹੋਣ ਦਿੰਦੀ। ਸੋਨੀ ਤੇ ਦਿਆਲ ਸਿੰਹੁ ਦੀ ਹੋਣੀ ਨੂੰ ਉਸ ਭਾਣਾ ਮੰਨ ਲਿਆ ਸੀ ਜੀਤੇ ਦਾ ਉਸ ਕੋਲੋਂ ਦੂਰ ਹੋ ਜਾਣਾ ਮਰਿਆ ਨਾਲੋਂ ਵੀ ਜਿਆਦਾ ਤੜਫਾਉਂਦਾ ਸੀ। ਫਿਰ ਵੀ ਉਹ ਆਸਵੰਦ ਸੀ ਕਿ ਜੀਤਾ ਵੱਡਾ ਹੋ ਇੱਕ ਦਿਨ ਮੇਰੇ ਸਾਰੇ ਦੁੱਖਾਂ ਨੂੰ ਵੰਡਾ ਲਵੇਗਾ ਤੇ ਮੈਂ ਆਪਣੇ ਪੁੱਤ ਦੇ ਨਾਲ ਰਹਿ ਸਕਾਂਗੀ। ਇਹੀ ਇੱਕ ਆਸ ਉਸਨੂੰ ਕਿਤੇ ਦੂਰ ਜਗਦੇ ਦੀਵੇ ਵਾਂਗ ਰਾਹ ਦਰਸਾਉਂਦੀ ਲੱਗਦੀ ਸੀ।
ਬੀਤਦੇ ਸਮੇਂ ਨਾਲ ਸੁਰਜੀਤ ਕੌਰ ਦੂਜੇ ਸਹੁਰੇ ਪਰਿਵਾਰ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਸੀ। ਉਸਨੇ ਆਪਣੇ ਦੂਸਰੇ ਘਰ ਵਾਲੇ ਮਹਿੰਦਰ ਸਿੰਘ ਦਾ ਘਰ ਬਾਰ ਸਾਰਾ ਕੁਝ ਸਾਂਭ ਲਿਆ ਸੀ ਤੇ ਹੌਲੀ ਹੌਲੀ ਮਹਿੰਦਰ ਸਿੰਘ ਨੂੰ ਯਕੀਨ ਹੋ ਗਿਆ ਸੀ ਕਿ ਉਸਨੂੰ ਇੱਕ ਸਚਾਰੂ ਤੇ ਸਿਆਣੀ ਤੀਂਵੀ ਮਿਲ ਗਈ। ਸੁਰਜੀਤ ਕੌਰ ਨਾਲੋਂ ਮਹਿੰਦਰ ਸਿੰਘ ਉਮਰ ਵਿੱਚ ਪੰਦਰਾਂ ਕੁ ਸਾਲ ਵੱਡਾ ਸੀ ਇਸ ਕਰਕੇ ਉਸਦੀਆਂ ਧੀਆਂ ਵਿਆਹੁਣ ਯੋਗ ਸਨ ਤੇ ਮੁੰਡਾ ਅਜੇ ਕੁਝ ਨਿਆਣਾ ਸੀ। ਸੁਰਜੀਤ ਕੌਰ ਨੇ ਆਉਣ ਤੋਂ ਕੁਝ ਸਮਾਂ ਬਾਅਦ ਧੀਆਂ ਬਾਰੇ ਸੁਹਿਰਦ ਹੋ ਕੇ ਉਹਨਾਂ ਬਾਰੇ ਕੋਈ ਚੰਗਾ ਘਰ ਬਾਰ ਦੇਖਣ ਬਾਰੇ ਵੀ ਮਹਿੰਦਰ ਸਿੰਘ ਨੂੰ ਕਹਿ ਦਿੱਤਾ । ਸੁਰਜੀਤ ਕੌਰ ਦੋਵਾਂ ਕੁੜੀਆਂ ਤੇ ਮੁੰਡੇ ਦਾ ਬਹੁਤ ਖਿਆਲ ਰੱਖਦੀ। ਸਦਾ ਹੀ ਉਹਨਾਂ ਦੀ ਸਕੀ ਮਾਂ ਵਾਂਗ ਪਿਆਰ ਕਰਦੀ। ਉਸਨੇ ਮਤਰੇਏ ਸ਼ਬਦ ਨੂੰ ਇੱਕ ਤਰਾਂ ਝੂਠਾ ਸਾਬਤ ਕਰ ਦਿੱਤਾ ਸੀ। ਉਸਦੇ ਆਉਣ ਨਾਲ ਮਹਿੰਦਰ ਸਿੰਘ ਦੇ ਘਰ ਦੁਬਾਰਾ ਇੱਕ ਰੌਣਕ ਜਿਹੀ ਲੱਗ ਗਈ। ਆਂਡ ਗੁਆਂਢ ਵੀ ਸੁਰਜੀਤ ਕੌਰ ਨੁੰ ਚੰਗਾ ਸਮਝਣ ਲੱਗ ਪਿਆ ਸੀ। ਗੁਆਂਢਣਾ ਆਨੇ ਬਹਾਨੇ ਸੁਰਜੀਤ ਕੌਰ ਕੋਲ ਆ ਜਾਂਦੀਆਂ। ਉਹ ਕਿਸੇ ਆਈ ਦਾ ਮੱਥੇ ਵੱਟ ਨਾ ਪਾਉਂਦੀ ਸਗੋ ਹਰ ਕਿਸੇ ਨੂੰ ਸਤਿਕਾਰ ਦਿੰਦੀ, ਚਾਹ ਪਾਣੀ ਵੀ ਪਿਲਾਉਂਦੀ। ਪਿੰਡ ਵਿੱਚ ਸੁਰਜੀਤ ਕੌਰ ਦੇ ਚੰਗੇ ਸੁਭਾਅ ਦੀ ਚਰਚਾ ਤੇ ਸੋਭਾ ਸੀ।
ਉਸ ਮਹਿੰਦਰ ਸਿੰਘ ਨੂੰ ਕਿਹਾ ਕਿ ਕੁੜੀਆਂ ਜਵਾਨ ਹੋ ਗਈਆਂ ਨੇ ਆਪਾਂ ਇੱਕ ਦਾ ਵਿਆਹ ਜੇਕਰ ਕਰ ਦੇਈਏ ਤਾਂ ਚੰਗਾ ਹੈ। ਨਾਲੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਕਰਕੇ ਵੀ ਅੱਗੋਂ ਵਿਆਹ ਕਰਨੇ ਕਿਹੜੇ ਸੌਖੇ ਆ। ਕੰਮ ਉਹੋ ਜੋ ਟੈਮ ਨਾਲ ਹੋ ਜਾਏ। ਬਾਕੀ ਮੁੰਡਾ ਅਜੇ ਨਿਆਣਾ ਪੜ ਲਿਖ ਲੈਣ ਦਿਉ।  ਪੜਾਈ ਦੇ ਨਾਂ ਨਾਲ ਉਸਦੇ ਕਾਲਜੇ ਦਾ ਰੁੱਗ ਭਰਿਆ ਗਿਆ ਤੇ ਉਹ ਉੱਠ ਕੇ ਅੰਦਰ ਚਲੇ ਗਈ।
ਮਹਿੰਦਰ ਸਿੰਘ ਨੂੰ ਸੁਰਜੀਤ ਕੌਰ ਦੀ ਸਲਾਹ ਚੰਗੀ ਲੱਗੀ ਤੇ ਉਸਨੇ ਵੱਡੀ ਕੁੜੀ ਦਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਹੀਲੇ ਨਾਲ ਵਸੀਲਾ ਵਾਲੀ ਗੱਲ ਸੱਚੀ ਸਾਬਤ ਹੋਈ ਅਤੇ ਮਹਿੰਦਰ ਸਿੰਘ ਦੀ ਕੁੜੀ ਲਈ ਇੱਕ ਚੰਗਾ ਰਿਸ਼ਤਾ ਲੱਭ ਗਿਆ ਤੇ ਵਿਆਹ ਵੀ ਜਲਦੀ ਦਾ ਹੀ ਰੱਖ ਦਿੱਤਾ। ਸੁਰਜੀਤ ਕੌਰ ਨੇ ਆਪਣੀਆਂ ਸਕੀਆਂ ਧੀਆਂ ਨਾਲੋਂ ਵੱਧ ਚਾਅ ਨਾਲ ਸਾਰੇ ਕਾਰਜ ਕੀਤੇ। ਕੁੜੀ ਨੂੰ ਕਿਸੇ ਗੱਲੋਂ ਵੀ ਉਸਦੀ ਮਾਂ ਚੇਤੇ ਨਾ ਆਉਣ ਦਿੱਤੀ। ਹੱਥ ਰਾਖਵੇਂ ਕੱਪੜੇ, ਮਨ ਪਸੰਦ ਗਹਿਣੇ ਤੇ ਹੋਰ ਸਾਜੋ ਸਮਾਨ ਕੁੜੀ ਦੇ ਦਿਲ ਨੂੰ ਭਾਉਂਦਾ ਦਿੱਤਾ। ਉਹ ਕੁੜੀ ਦੀ ਖੁਸ਼ੀ ਵਿੱਚੋਂ ਆਪਣੀ ਖੁਸ਼ੀ ਦੇਖਦੀ ਸੀ ਨਾਲੇ ਸੋਚਦੀ ਕਿਤੇ ਕਿਸੇ ਗੱਲੋਂ ਦਿਲ ਨਾ ਹੌਲਾ ਕਰ ਬੈਠੇ।
ਇਸੇ ਤਰਾਂ ਸੁਰਜੀਤ ਕੌਰ ਨੇ ਦੂਜੀ ਕੁੜੀ ਦਾ ਸਾਕ ਵੀ ਆਪਣੇ ਹੱਥੀਂ ਕਰਕੇ ਮਹਿੰਦਰ ਸਿੰਘ ਨੂੰ ਅਸਲੋਂ ਹੀ ਬੋਝ ਮੁਕਤ ਕਰ ਦਿੱਤਾ ਸੀ। ਮਹਿੰਦਰ ਸਿੰਘ ਕਈ ਵਾਰ ਸੋਚਦਾ ਇਸ ਦਾ ਮੇਰੇ ਨਾਲ ਕੋਈ ਪੁਰਾਣਾ ਸਾਭ੍ਹ ਕਤਾਬ੍ਹ ਸੀ ਜੋ ਇਸ ਘਰੇ ਆਈ ਹੈ। ਕੁੜੀਆਂ ਦੇ ਵਿਆਹਾਂ ਤੋਂ ਬਾਅਦ ਵੀ ਸੁਰਜੀਤ ਕੌਰ ਉਹਨਾਂ ਕੋਲ ਹਰ ਦਿਨ ਤਿਉਹਾਰ ਤੇ ਜਾਂਦੀ ਰਹਿੰਦੀ ਤੇ ਸਦਾ ਕੁਝ ਨਾ ਕੁਝ ਬਣਾ ਕੇ ਲੈ ਜਾਂਦੀ।  ਸੱਚ ਹੀ ਉਸਨੇ ਉਹਨਾਂ ਦੀ ਮਾਂ ਬਣ ਕੇ ਉਹਨਾਂ ਨੂੰ ਸੱਚਾ ਪਿਆਰ ਦਿੱਤਾ ਸੀ।  
ਮਹਿੰਦਰ ਸਿੰਘ ਦਾ ਮੁੰਡਾ ਹੁਣ ਸ਼ਹਿਰ ਪੜਨ ਜਾਣ ਲੱਗਾ ਸੀ ਤੇ ਸੁਰਜੀਤ ਕੌਰ ਉਸਦਾ ਗੱਲ ਗੱਲ ਤੇ ਫਿਕਰ ਕਰਦੀ । ਉਸਨੂੰ ਪਿਆਰ ਨਾਲ ਨਸੀਹਤਾਂ ਦਿੰਦੀ, ਸਮਝਾਉਂਦੀ ਤੇ ਵਾਰ ਵਾਰ ਮੂੰਹ ਚੁੰਮ ਕੇ ਪੜਨ ਲਈ ਤੋਰਦੀ। ਉਹ ਬੜੀ ਖੁਸ਼ ਹੁੰਦੀ ਸੀ ਜਦੋਂ ਸੁਖਬੀਰ ਨੂੰ ਪੜਨ ਤੋਰਦੀ। ਕਦੇ ਵੀ ਆਪਣੇ ਬੀਤੇ ਕੱਲ੍ਹ ਨੂੰ ਚੇਤੇ ਕਰਕੇ ਸੁਖਬੀਰ ਵੱਲ ਦੇਖ ਕੇ ਉਹ ਝੂਰਦੀ ਨਹੀਂ ਸੀ।
ਪਰ ਸੁਰਜੀਤ ਕੌਰ ਜਿਵੇਂ ਆਪਣੇ ਲਈ ਖੁਸ਼ੀਆਂ ਬਹੁਤ ਥੋੜੀਆਂ ਤੇ ਦੁੱਖ ਜਿਆਦਾ ਲਿਖਾ ਕੇ ਲਿਆਈ ਲੱਗਦੀ ਸੀ। ਵਿਚਾਰੀ ਨੇ ਅਜੇ ਆਪਣੇ ਅੱਲ੍ਹੇ ਜ਼ਖਮਾਂ ਤੋਂ ਖਰੀਂਡ ਵੀ ਨਹੀਂ ਪੂੰਝਿਆ ਸੀ ਕਿ ਹੋਣੀ ਨੇ ਇੱਕ ਹੋਰ ਭਾਣਾ ਵਰਤਾ ਦਿੱਤਾ। ਸੁਖਬੀਰ ਸਕੂਲੋਂ ਆ ਰਿਹਾ ਸੀ ਤਾਂ ਕਿਸੇ ਕਾਰ ਵਾਲੇ ਨੇ ਉਸਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਸੱਟ ਤਾਂ ਥੋੜੀ ਸੀ ਪਰ ਕਾਰ ਵਾਲਾ ਭੱਜ ਗਿਆ ਤੇ ਕਿਸੇ ਰਾਹਗੀਰ ਨੇ ਸੁਖਬੀਰ ਨੂੰ ਚੁੱਕ ਕੇ ਹਸਪਤਾਲ ਨਾ ਪਹੁੰਚਾਇਆ। ਵਿਚਾਰਾ  ਜੁਆਕ ਈ ਸੀ ਤੇ ਡਿੱਗਾ ਰਿਹਾ ਅਤੇ ਖੂਨ ਵੱਗਦਾ ਰਿਹਾ। ਜਿਸ ਨਾਲ ਸੁਖਬੀਰ ਹੌਲੀ ਹੌæਲੀ ਮੌਤ ਵੱਲ ਵਧਣ ਲੱਗਾ। ਜਦੋਂ ਤੱਕ ਸੁਖਬੀਰ ਹਸਪਤਾਲ ਪਹੁੰਚਾਇਆ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਸੁਖਬੀਰ ਨੇ  ਮਹਿੰਦਰ ਸਿੰਘ ਤੇ ਸੁਰਜੀਤ ਕੌਰ ਦੇ ਪੁੱਜਣ ਤੋਂ ਪਹਿਲਾਂ ਅੱਖਾਂ ਮੀਟ ਲਈਆਂ ਤੇ ਉਹਨਾਂ ਦੀ ਜਿੰæਦਗੀ ਨੂੰ ਹਨੇਰਾ ਕਰ ਦਿੱਤਾ। ਸੁਰਜੀਤ ਕੌਰ ਅੱਜ ਫਿਰ ਰੱਬ ਕੋਲੋਂ ਪੁੱਤ ਦੀ ਜਿੰæਦਗੀ ਲਈ ਭੀਖ ਮੰਗ ਰਹੀ ਸੀ। ਉਸ ਦੇ ਹੱਥ  ਵਾਰ ਵਾਰ ਉਤਾਂਹ ਨੂੰ ਆਪ ਮੁਹਾਰੇ ਉੱਠ ਉੱਠ ਜਾਂਦੇ ਸਨ। ਉਸਤੇ ਇਹ ਦਿਨ ਕਦੇ ਪਹਿਲਾਂ ਵੀ ਆਇਆ ਸੀ ਤੇ ਅੱਜ ਦੁਬਾਰਾ ਆਏ ਦਿਨ ਨੇ ਸੁਰਜੀਤ ਕੌਰ ਨੂੰ ਹਿਲਾ ਦਿੱਤਾ ਸੀ। ਸੁਖਬੀਰ ਨੂੰ ਦੇਖਦੇ ਸਾਰ ਹੀ ਸੁਰਜੀਤ ਕੌਰ Ḕਤੇ ਬਿਜਲੀ ਡਿੱਗ ਪਈ । ਉਹ ਕੰਧਾਂ ਨਾਲ ਟੱਕਰਾਂ ਮਾਰ ਰਹੀ ਸੀ ਤੇ ਆਖ ਰਹੀ ਮੈਂ ਮਾਂ ਨਹੀਂ ਡੈਣ ਹਾਂ ਡੈਣ। ਉਹ ਰੱਬਾ ਇਹ ਕਿਹੜਾ ਲੇਖਾ ਜੋ ਮੇਰੇ ਨਾਲ ਪੂਰਾ ਕਰਨ ਲੱਗਾ ਤੂੰ। ਤੂੰ ਤੇ ਬੜਾ ਵੱਡਾ ਹੈਂ ਪਰ ਤੇਰੇ ਕੋਲੋਂ ਮੇਰੀ ਇੱਕ ਖੁਸ਼ੀ ਵੀ ਜਰੀ ਨਾ ਗਈ। ਵਾਹ ਉ ਕਿਸਮਤ ਦਿਆ ਬਲੀਆ! ਵਾਹ। ਇੰਨਾ ਕਹਿ ਕੇ ਸੁਰਜੀਤ ਕੌਰ ਧੜੰਮ ਕਰਕੇ ਧਰਤੀ ਤੇ ਡਿੱਗ ਪਈ।
ਮਹਿੰਦਰ ਸਿੰਘ ਲਈ ਜਿੱਥੇ ਸੁਖਬੀਰ ਦਾ ਤੁਰ ਜਾਣਾ ਅਕਹਿ ਸੀ ਉੱਥੇ ਸੁਰਜੀਤ ਕੌਰ ਦੀ ਦਿਨੋ ਦਿਨ ਨਿੱਘਰੀ ਜਾਂਦੀ ਹਾਲਤ ਨੇ ਹੋਰ ਵੀ ਚਿੰਤੁਤ ਕਰ ਦਿੱਤਾ। ਉਸ ਨੇ ਆਪਣੇ ਦਿਲ ਤੇ ਪੱਥਰ ਤਾਂ ਰੱਖ ਲਿਆ ਸੀ ਪਰ ਬਹੁਤ ਵਾਰ ਸੁਖਬੀਰ ਦੀਆਂ ਯਾਦਾਂ ਉਸਨੂੰ ਰੁਆ ਜਾਂਦੀਆਂ। ਪਰ ਉਸ ਨੇ ਕਦੇ ਵੀ ਸੁਰਜੀਤ ਕੌਰ ਨੂੰ ਦਿਲਾਸੇ ਦੇਣੇ ਨਾ ਛੱਡੇ। ਉਹ ਸੁਰਜੀਤ ਕੌਰ ਦੇ ਦਰਦ ਨੂੰ ਜਾਣਦਾ ਵੀ ਸੀ ਤੇ ਸਮਝਦਾ ਵੀ ਸੀ। ਇਸ ਲਈ ਉਹ ਬਹੁਤਾ ਸਮਾਂ ਸੁਰਜੀਤ ਕੌਰ ਕੋਲ ਹੀ ਗੁਜ਼ਾਰਦਾ। ਉਹ ਸੋਚਦਾ ਪੁੱਤ ਦਾ ਏਨਾ ਸਾਥ ਸੀ ਸੋ ਨਿਭ ਗਿਆ। ਨਾਲੇ ਉਹ ਸੁਰਜੀਤ ਕੌਰ ਵੱਲ ਦੇਖ ਕੇ ਆਪਣੇ ਆਪ ਨੂੰ ਆਖਦਾ ਇਹ ਤਾਂ ਮਾਂ ਹੈ ਜਿਸਦਾ ਇੱਕ ਪੁੱਤ ਪਹਿਲਾਂ  ਰੱਬ ਨੇ ਖੋਹ ਲਿਆ, ਦੂਜਾ ਜਿਊਂਦੇ ਜੀ ਇਸ ਤੋਂ ਖੋਹ ਲਿਆ। ਤੇ ਜੇ ਇਸਨੇ ਸੁਖਬੀਰ ਨੂੰ ਆਪਣਾ ਪੁੱਤਰ ਬਣਾ ਲਿਆ ਤਾਂ ਰੱਬ ਨੇ ਉਹ ਵੀ ਖੋਹ ਲਿਆ। ਇਸ ਤਰਾਂ ਮਹਿੰਦਰ ਸਿੰਘ ਆਪਣੇ ਆਪ ਨੂੰ ਸੰਭਾਲ ਲੈਂਦਾ।
ਸਮਾਂ ਬੀਤਣ ਨਾਲ ਸੁਰਜੀਤ ਕੌਰ ਸੰਭਲ ਤਾਂ ਗਈ ਪਰ ਆਪਣੇ ਅੰਦਰਲੇ ਦਰਦ ਨੂੰ ਘਟਾ ਨਾ ਸਕੀ। ਉਸਨੇ ਮਹਿੰਦਰ ਸਿੰਘ ਦੇ ਕਹਿਣ ਮੁਤਾਬਿਕ ਰੱਬ ਦਾ ਭਾਣਾ ਮੰਨ ਤਾਂ ਲਿਆ ਪਰ ਬਹੁਤ ਵਾਰ ਉਹ ਪੱਥਰ ਬਣ ਜਾਂਦੀ। ਉਹ ਜ਼ਮਾਨੇ ਨਾਲ ਦੁਬਾਰਾ ਘੁਲ ਮਿਲ ਗਈ ਤੇ ਹੌਲੀ ਹੌਲੀ ਆਮ ਵਰਗੀ ਹੁੰਦੀ ਗਈ। ਉਸਨੇ ਪਹਿਲਾਂ ਵਾਂਗਰ ਖੁਦ ਨੂੰ ਢਾਲ ਲਿਆ। ਉਹ ਮਹਿੰਦਰ ਸਿੰਘ ਦਾ ਖਿਆਲ ਪਹਿਲਾਂ ਨਾਲੋਂ ਵੀ ਵੱਧ ਰੱਖਦੀ। ਉਹ ਮਹਿੰਦਰ ਸਿੰਘ ਨੂੰ ਬੜੀ ਵਾਰ ਆਖਦੀ ਕਿ ਸੁਖਬੀਰ ਦੀ ਮੌਤ ਦਾ ਕਾਰਨ ਮੈਂ ਹਾਂ। ਮੈਂ ਹੀ ਚੰਦਰੀ ਇਸ ਘਰ ਵਿੱਚ ਆਈ ਤੇ ਤੇਰੀਆਂ ਖੁਸ਼ੀਆਂ ਨੂੰ ਅੱਗ ਲਾਈ ਹੈ।
ਪਰ ਮਹਿੰਦਰ ਸਿੰਘ ਆਖਦਾ ‘ਸੁਰਜੀਤ ਕੌਰੇ ਸੁਖਬੀਰ ਦੀ ਸਾਡੇ ਨਾਲ ਇੰਨੀ ਸਾਂਝ ਸੀ। ਤੇਰਾ ਕੀ ਕਸੂਰ ਆ? ਉਹ ਦਿਲੋਂ ਸੁਰਜੀਤ ਕੌਰ ਨੂੰ ਹੌਂਸਲਾ ਵੀ ਦਿੰਦਾ ਤੇ ਨਾਲ ਇਹ ਵੀ ਸਮਝਾਉਣ ਦਾ ਯਤਨ ਕਰਦਾ ਕਿ “ਰੱਬ ਦੀਆਂ ਲਿਖੀਆਂ ਨੁੰ ਕੌਣ ਮੇਟੇ”
ਨਹੀਂ ਜੀ ਮੇਰੀ ਖੋਟੀ ਕਿਸਮਤ ਤੁਹਾਨੂੰ ਵੀ ਲੈ ਡੁਬੀ। ਮੈਂ ਹੀ ਨਿਕਰਮੀ ਮਾਂ ਹਾਂ। ਜਿਸਨੂੰ ਪੁੱਤਰ ਮੋਹ ਤੋਂ ਵਾਂਝੀ ਹੋਣ ਦਾ ਸਰਾਪ ਰੱਬ ਨੇ ਦਿੱਤਾ ਲੱਗਦਾ।  ਰੱਬ ਮੇਰੇ ਵਰਗੀ ਕਿਸਮਤ ਕਿਸੇ ਵੈਰੀ ਦੀ ਵੀ ਨਾ ਲਿਖੇ। ਕਿਸੇ ਮਾਂ ਦਾ  ਪੁੱਤਰ ਉਸ ਤੋਂ ਦੂਰ ਨਾ ਹੋਵੇ । ਕੋਈ ਮਾਂ ਮੇਰੇ ਵਰਗੀ ਨਿਕਰਮੀ ਮਾਂ ਨਾ ਹੋਵੇ। ਸੁਰਜੀਤ ਕੌਰ ਬੜਾ ਉਦਾਸ ਜਿਹਾ ਹੋ ਕੇ ਜਵਾਬ ਮਹਿੰਦਰ ਸਿੰਘ ਨੂੰ ਜਵਾਬ ਦਿੰਦੀ। ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ, ਆਪਣੀ ਮਾਂ ਵਾਲੀ ਮਮਤਾ ਨੂੰ ਕੋਸਦੀ ਰਹਿੰਦੀ ਜਿਸਦੇ ਭਾਗਾਂ ਵਿੱਚ ਰੱਬ ਨੇ ਪੁੱਤਰ ਪਿਆਰ ਸ਼ਾਇਦ ਨਹੀਂ ਲਿਖਿਆ ਸੀ।   ਉਹ ਸਦਾ ਹੀ ਇੱਕ ਦੋਸ਼ੀ ਵਾਂਗ ਅੰਦਰੇ ਅੰਦਰੇ ਖੁਰਦੀ ਰਹਿੰਦੀ। ਜਿਵੇਂ ਉਸ ਨੇ ਖੁਦ ਦਾ ਗੁਨਾਹ ਮੰਨ ਲਿਆ ਹੋਵੇ। ਬਹੁਤ ਵਾਰ ਆਪਣੀ ਕੁੱਖ ਨੂੰ ਅਤੇ ਆਪਣੀ ਕਿਸਮਤ ਨੂੰ ਕੋਸਦਿਆਂ ਉਸਦਾ ਸਮਾਂ ਲੰਘਦਾ ਤੇ ਉਹ ਆਪਣੇ ਦੁੱਖ ਨੂੰ ਛੁਪਾ ਕੇ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੀ। ਕਦੇ ਕਿਸੇ ਨੂੰ ਸੁਖੀ ਦੇਖ ਕੇ ਝੂਰਦੀ ਨਹੀਂ ਸੀ।
– ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ