ਪੰਜਾਬੀ ਕਹਾਣੀ – ਨਰੋਈ ਜੜ੍ਹ

ਸੋਹਣਾ ਕਾਰੋਬਾਰ ਤੇ ਚਾਰ ਬੰਦਿਆਂ ਵਿੱਚ ਉਸਦੀ ਬਣੀ ਹੋਈ ਸੀ, ਪਰ ਔਲਾਦ ਪੱਖੋਂ ਰੱਬ ਨੇ ਉਸਦੀ ਅਜੇ ਤੱਕ ਸੁਣੀ ਨਹੀਂ ਸੀ। ਵਿਆਹ ਹੋਇਆਂ ਵੀ ਲਗਭਗ ਵੀਹ ਸਾਲ ਹੋ ਗਏ ਸਨ। ਉਸ ਨੇ ਹਰ ਤਰ੍ਹਾਂ ਦਾ ਦੇਸੀ ਤੇ ਅੰਗਰੇਜ਼ੀ ਇਲਾਜ ਵੀ ਕਰਵਾ ਕੇ ਦੇਖ ਲਿਆ ਸੀ। ਉਹ ਬੇਸ਼ੱਕ ਸਿਆਣਿਆਂ ਦੇ ਜਾਣ ਤੋਂ ਬਹੁਤ ਖਿੱਝਦਾ ਸੀ, ਪਰ ਕਈ ਵਾਰ ਆਪਣੀ ਘਰ ਵਾਲੀ ਦੇ ਜੋæਰ ਦੇਣ ‘ਤੇ ਅਣਮੰਨੇ ਮਨ ਨਾਲ ਚਲੇ ਜਾਂਦਾ। ਉੱਥੇ ਵੀ ਉਸਦਾ ਮਨ ਨਾ ਟਿਕਦਾ, ਪਰ ਬੱਝੇ ਮਨ ਨਾਲ ਬੈਠਾ ਰਹਿੰਦਾ ਅਤੇ ਸਿਆਣੇ ਦੀਆਂ ਗੱਲਾਂ ਨੂੰ ਕੁਝ ਸੁਣਾ ਅਣਸੁਣਾ ਜਿਹਾ ਕਰਕੇ ਘਰ ਨੂੰ ਪਰਤ ਆਉਂਦਾ। ਜਦੋਂ ਕੁਝ ਮਹੀਨੇ ਬੀਤ ਜਾਣੇ ਤਾਂ ਉਸਦੀ ਘਰ ਵਾਲੀ ਨੇ ਕਿਸੇ ਹੋਰ ਸਿਆਣੇ ਦੀ ਗੱਲ ਕਰਨੀ ਤਾਂ ਉਹ ਚੁੱਪ ਕਰ ਰਹਿੰਦਾ ਅਤੇ ਸੋਚਦਾ ਕਿ ਹੁਣ ਇੱਥੇ ਵੀ ਜਾਣਾ ਹੀ ਪਵੇਗਾ। ਕਦੇ ਕਦੇ ਉਸਦੀ ਘਰ ਵਾਲੀ ਉਹਨੂੰ ਆਖਦੀ ਕਿ ਜੀ ਆਪਾਂ ਕਿਸੇ ਦੇ ਨਿਆਣੇ ਨੂੰ ਹੀ ਗੋਦ ਲੈ ਲਈਏ, ਘੱਟੋ ਘੱਟ ਸਾਡੇ ਮਰਿਆਂ ਨੂੰ ਮੋਢਾ ਤਾਂ ਕੋਈ ਦੇਣ ਵਾਲਾ ਹੋਊਗਾ, ਜਾਂ ਉਹ ਆਖਦੀ ਕਿ ਤੁਸੀਂ ਮੈਨੂੰ ਛੱਡ ਕੇ ਆਪਣਾ ਦੂਜਾ ਵਿਆਹ ਕਰ ਲਓ ਤੇ ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਮਾਣੋ, ਪਰ ਉਹ ਆਪਣੀ ਘਰ ਵਾਲੀ ਨੂੰ ਬੜੇ ਠਰੰਮੇ ਨਾਲ ਸਮਝਾਉਣ ਦੇ ਤਰੀਕੇ ਨਾਲ ਆਖਦਾ ਭਲੀਏ ਲੋਕੇ ਜੇ ਰੱਬ ਨੇ ਸਾਡੇ ਕਰਮਾਂ ਵਿੱਚ ਕੋਈ ਧੀ ਪੁੱਤਰ ਨਹੀਂ ਲਿਖਿਆ ਤਾਂ ਸਾਡਾ ਗੋਦ ਲੈਣ ਦਾ ਵੀ ਕੋਈ ਮਤਲਬ ਨਹੀਂ ਬਣਦਾ, ਬਾਕੀ ਰਹੀ ਗੱਲ ਦੂਜੇ ਵਿਆਹ ਦੀ ਇਸ ਉਮਰੇ ਚੰਗਾ ਲੱਗਦਾ ਵਿਆਹ ਕਰਵਾਉਂਦਾ, ਅਖੇ ਬੁੱਢੀ ਘੋੜੀ ਲਾਲ ਲਗਾਮ। ਉਸਦੀ ਘਰ ਵਾਲੀ ਆਖਦੀ ਹੇ ਰੱਬਾ ਇਸ ਬੰਦੇ ਨੂੰ ਸੁਮੱਤ ਬਖਸ਼ਦੇ ਜਾਂ ਸਾਡੇ ਵਿਹੜੇ ਵਿੱਚ ਵੀ ਕਿਸੇ ਬਾਲ ਨੂੰ ਖੇਡਣ ਲਾ ਦੇ ਤੇ ਉਸਦੇ ਹੱਥ ਆਪਣੇ ਆਪ ਹੀ ਉੱਪਰ ਵੱਲ ਨੂੰ ਉੱਠ ਜਾਂਦੇ। ਉਹ ਵੀ ਆਪਣੀ ਘਰ ਵਾਲੀ ਵੱਲ ਦੇਖ ਕੇ ਵਾਖਰੂ ਵਾਖਰੂ (ਵਾਹਿਗੁਰੂ ਵਾਹਿਗੁਰੂ) ਕਰਨ ਲੱਗ ਪੈਂਦਾ। ਉਹ ਆਪਣੇ ਕੰਮ ਵਿੱਚ ਜਿਆਦਾ ਰੁੱਝ ਜਾਣਾ ਚਾਹੁੰਦਾ ਸੀ ਤਾਂ ਕਿ ਉਸਨੂੰ ਇਹ ਖਿਆਲ ਨਾ ਰਹੇ ਕਿ ਉਹ ਬੇ ਔਲਾਦ ਹੈ, ਪਰ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਧਿਆਨ ਸੁੱਤੇ ਹੀ ਇਸ ਪਾਸੇ ਚਲਾ ਜਾਂਦਾ। ਉਹ ਕਈ ਵਾਰ ਸੋਚਦਾ ਕਿ ਇੰਨਾ ਸਾਰਾ ਕੁਝ ਜੋ ਬੜੀ ਮਿਹਨਤ ਨਾਲ ਬਣਾਇਆ ਹੈ ਇੱਕ ਦਿਨ ਕਿਸ ਦਾ ਹੋਵੇਗਾ। ਉਸਦੀ ਸੋਚਾਂ ਦੀ ਲੜੀ ਉਨਾ ਚਿਰ ਨਾ ਟੁੱਟਦੀ ਜਿੰਨਾ ਚਿਰ ਉਸਨੂੰ ਕੋਈ ਆ ਕੇ ਬੁਲਾ ਨਾ ਲੈਂਦਾ।
ਸਮਾਂ ਬੀਤਦਾ ਜਾ ਰਿਹਾ ਸੀ ਅਤੇ ਫਕੀਰ ਸਿੰਘ ਦੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਪਈਆਂ ਸਨ। ਘਰਵਾਲੀ ਮਿੰਦਰ ਕੌਰ ਵੀ ਸਮੇਂ ਤੋਂ ਪਹਿਲਾਂ ਬੁੱਢੀ ਲੱਗਣ ਲੱਗ ਪਈ ਸੀ। ਉਹ ਹੁਣ ਫਕੀਰ ਸਿੰਘ ਨੂੰ ਬਹੁਤ ਘੱਟ ਆਖਦੀ ਸੀ ਕਿ ਆਪਾਂ ਬੱਚਾ ਗੋਦ ਲੈ ਲਈਏ, ਕਿਉਂਕਿ ਉਹ ਸੋਚਦੀ ਜਿਸ ਬੰਦੇ ਨੇ ਸਾਰੀ ਉਮਰ ਇਸ ਬਾਰੇ ਨਾ ਸੋਚਿਆ ਅਤੇ ਨਾ ਸੋਚਣ ਦਿੱਤਾ ਹੁਣ ਆਖਣ ਦਾ ਕੀ ਫਾਇਦਾ, ਪਰ ਉਸਦੀ ਸੱਧਰ ਅਜੇ ਵੀ ਕਿਸੇ ਬਾਲ ਵੱਲ ਦੇਖ ਕੇ ਸੁਤੇ ਹੀ ਜਾਗ ਪੈਂਦੀ ਸੀ। ਉੱਧਰ ਫਕੀਰ ਸਿੰਘ ਕਦੇ ਕਦੇ ਸੋਚਦਾ ਕਿ ਹੇ ਰੱਬਾ ਜੇ ਮੈਂ ਮਿੰਦੋ ਦਾ ਕਿਹਾ ਮੰਨਿਆ ਹੁੰਦਾ ਤਾਂ ਅੱਜ ਨੂੰ ਸਾਨੂੰ ਵੀ ਕੋਈ ਮਾਂ ਬਾਪ ਕਹਿਣ ਵਾਲਾ ਹੋਣਾ ਸੀ, ਪਰ ਨਾਲ ਹੀ ਆਪਣੇ ਮਨ ਨੂੰ ਤਸੱਲੀ ਦੇਂਦਾ ਕਿ ਜੇ ਕਰਮਾਂ ‘ਚ ਹੁੰਦਾ ਤਾਂ ਰੱਬ ਨਾ ਦਿੰਦਾ। ਉਹ ਇਸੇ ਅੰਦਰੂਨੀ ਬਹਿਸ ਵਿੱਚ ਉਲਝਦਾ ਹੋਇਆ ਘਰ ਜਾ ਪਹੁੰਚਦਾ ਤਾਂ ਉਸਦੀ ਲੜੀ ਟੁੱਟਦੀ। ਅੱਗੋਂ ਮਿੰਦਰ ਕੌਰ ਉਸਨੂੰ ਪ੍ਰੇਸ਼ਾਨ ਜਿਹਾ ਦੇਖ ਕੇ ਉਸਦੇ ਚਿਹਰੇ ਨੂੰ ਬੜੇ ਗਹੁ ਨਾਲ ਘੋਖਦੀ ਜਿਵੇਂ ਉਹ ਫਕੀਰ ਸਿੰਘ ਨੂੰ ਬਿਨਾ ਪੁੱਛੇ ਹੀ ਸਭ ਜਾਨਣਾ ਚਾਹੁੰਦੀ ਹੋਵੇ, ਪਰ ਜਦੋਂ ਕੁਝ ਨਾ ਸਮਝ ਸਕਦੀ ਤਾਂ ਆਖਦੀ ਜੀ ਤੁਸੀਂ ਇੰਨਾ ਨਾ ਸੋਚਿਆ ਕਰੋ ਰੱਬ ਦੇ ਘਰ ਕੋਈ ਘਾਟਾ ਨਹੀਂ, ਉਹ ਪਤਾ ਨਹੀਂ ਕਿਸੇ ਨੂੰ ਕਦੋਂ ਕੁਝ ਦੇ ਦੇਵੇ, ਤਾਂ ਫਕੀਰ ਸਿੰਘ ਆਖਦਾ ਹੁਣ ਆਸ ਨਾ ਰੱਖ ਮਿੰਦੋ ਸਮਾਂ ਬੀਤ ਗਿਆ ਲੱਗਦਾ ਨਾਲੇ ਹਰ ਚੀਜ਼ ਦਾ ਸਮਾਂ ਹੁੰਦਾ ਤੇ ਸਾਡੇ ਕੋਲੋਂ ਇਹ ਸਮਾਂ ਬੜੀ ਦੂਰ ਜਾ ਚੁੱਕਾ। ਜੇ ਮੈਂ ਤੇਰੀ ਗੱਲ ਮੰਨ ਲੈਂਦਾ ਤਾਂ ਕਿਸੇ ਨੂੰ ਗੋਦ ਹੀ ਲਿਆ ਹੁੰਦਾ ਤਾਂ ਸਾਡਾ ਵਿਹੜਾ ਵੀ ਅੱਜ ਭਰਿਆ ਭਰਿਆ ਲੱਗਣਾ ਸੀ। ਮਿੰਦਰ ਕੌਰ ਆਖਦੀ ਚਲੋ ਕੋਈ ਨੀ ਦੇਖੋ ਤਾਂ ਸਾਰੇ ਆਪਣੇ ਈ ਆ। ਕੀ ਹੋਇਆ ਜੇ ਢਿੱਡੋਂ ਨਹੀਂ ਜੰਮਿਆ ਪਰ ਆਹ ਬਾਕੀ ਪਰਿਵਾਰ ਦੇ ਜੀਅ ਵੀ ਆਪਣਾ ਈ ਖੂਨ ਆ। ਉਸਦਾ ਇਸ਼ਾਰਾ ਫਕੀਰ ਸਿੰਘ ਦੇ ਦੋ ਭਰਾਵਾਂ ਦੇ ਨਿਆਣਿਆਂ ਵੱਲ ਹੁੰਦਾ, ਪਰ ਇੰਨੀ ਗੱਲ ਕਹਿਣ ਲੱਗਿਆਂ ਅੰਦਰੋਂ ਉਹ ਹਿੱਲ ਜਾਂਦੀ ਸੀ। ਉਸਨੂੰ ਆਪਣੇ ਔਰਤ ਕਹਾਉਣ ‘ਤੇ ਵੀ ਨਫਰਤ ਹੋਣ ਲੱਗਦੀ ਸੀ। ਉਹ ਸਾਰਾ ਦੋਸ਼ ਆਪਣਾ ਮੰਨਦੀ ਅਤੇ ਫਕੀਰ ਸਿੰਘ ਨੂੰ ਆਖਦੀ ਤੁਸੀਂ ਮੇਰੇ ਹੀ ਲੜ ਲੱਗੇ ਰਹੇ ਕਿਸੇ ਹੋਰ ਨਾਲ ਵੀ ਤਾਂ ਜ਼ਿੰਦਗੀ ਵਸਾ ਸਕਦੇ ਸੀ। ਘੱਟੋ ਘੱਟ ਤੁਸੀਂ ਤਾਂ ਬਾਪ ਬਣ ਜਾਂਦੇ ਮੈਂ ਆਪੇ ਤੁਹਾਡੇ ਵੱਲ ਦੇਖ ਕੇ ਦਿਨ ਕੱਟ ਲੈਣੇ ਸੀ ਮੇਰਾ ਕੀ ਆ? Aਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਤਾਂ ਕਿੰਨਾ ਕਿੰਨਾ ਚਿਰ ਇੰਝ ਹੀ ਲੰਘ ਜਾਂਦਾ। ਫਿਰ ਮਿੰਦਰ ਕੌਰ ਉੱਠਦੇ ਹੋਏ ਆਖਦੀ ਮੇਰੀ ਵੀ ਬੁੱਧੀ ਮਾਰੀ ਗਈ ਬਾਹਰੋਂ ਆਏ ਬੰਦੇ ਨੂੰ ਪਾਣੀ ਨੀ ਧਾਣੀ ਨੀ ਬਹਿਗੀ ਆਪਣਾ ਈ ਰੋਣਾ ਲੈ ਕੇ। ਤਾਂ ਫਕੀਰ ਸਿੰਘ ਆਖਦਾ ਨਹੀਂ ਮੈਨੂੰ ਪਿਆਸ ਨੀ ਹੈਗੀ, ਰੋਟੀ ਬਣਾ ਤੇ ਖਾਈਏ। ਜੀਊਂਦੀ ਜਾਨ ਨੂੰ ਢਿੱਡ ਨੂੰ ਝੁੱਲਕਾ ਤਾਂ ਦੇਣਾ ਈ ਪੈਣਾ। ਮਿੰਦਰ ਕੌਰ ਰੋਟੀ ਬਣਾਉਣ ਦੇ ਆਹਰ ਵਿੱਚ ਲੱਗ ਜਾਂਦੀ ਤੇ ਫਕੀਰ ਸਿੰਘ ਬਾਥਰੂਮ ਵਿੱਚ ਹੱਥ ਮੂੰਹ ਧੋਣ ਜਾ ਵੜਦਾ। ਉਹ ਰੋਟੀ ਖਾਂਦੇ ਸਮੇਂ ਜਾਂ ਸੌਣ ਸਮੇਂ ਵੀ ਔਲਾਦ ਬਾਰੇ ਹੀ ਸੋਚਦਾ ਰਹਿੰਦਾ ਸੀ। ਫਕੀਰ ਸਿੰਘ ਜਿੰਨਾ ਹੁਣ ਸੋਚਦਾ ਏਨਾ ਪਹਿਲਾਂ ਕਦੇ ਨਹੀਂ ਸੀ ਸੋਚਦਾ। ਸ਼ਾਇਦ ਹੁਣ ਉਸਨੂੰ ਇਹ ਯਕੀਨ ਹੋ ਗਿਆ ਸੀ ਕਿ ਅਸੀਂ ਬੇਔਲਾਦ ਹੀ ਮਰ ਜਾਵਾਂਗੇ, ਪਰ ਉਸਦਾ ਵਿਸ਼ਵਾਸ ਰੱਬ ਤੋਂ ਕਦੇ ਨਹੀਂ ਸੀ ਉੱਠਿਆ ਅਤੇ ਉਹ ਗਾਹੇ ਬਗਾਹੇ ਗੁਰਦਵਾਰੇ ਵੀ ਜਾ ਆਉਂਦਾ ਸੀ ਅਤੇ ਅਰਦਾਸ ਵੀ ਕਰਦਾ ਸੀ ਕਿ ਪ੍ਰਮਾਤਮਾ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਸਾਨੂੰ ਨਿਮਾਣਿਆਂ ਨੂੰ ਵੀ ਇੱਕ ਦਾਤ ਬਖਸ਼ ਦੇ।
ਇੱਕ ਦਿਨ ਫਕੀਰ ਸਿੰਘ ਅਜੇ ਆਪਣੇ ਕੰਮ ਕਾਰਨ ਫੈਕਟਰੀ ਹੀ ਸੀ ਤਾਂ ਉਸਨੂੰ ਸੁਨੇਹਾ ਮਿਲਿਆ ਕਿ ਮਿੰਦਰ ਕੌਰ ਢਿੱਲੀ ਹੋ ਗਈ ਆ ਜਲਦੀ ਨਾਲ ਘਰ ਨੂੰ ਆਉ। ਉਸਨੇ ਕਾਹਲੀ ਕਾਹਲੀ ਗੱਡੀ ਕੱਢੀ ਅਤੇ ਘਰ ਵੱਲ ਹੋ ਤੁਰਿਆ ਤੇ ਜਦੋਂ ਘਰ ਪੁੱਜਾ ਤਾਂ ਸੱਚ ਹੀ ਮਿੰਦਰ ਕੌਰ ਬੇਸੁਰਤ ਹੋਈ ਜਾ ਰਹੀ ਸੀ ਤੇ ਫਕੀਰ ਸਿੰਘ ਨੇ ਗੁਆਂਢੀ ਮੁੰਡੇ ਦੀ ਸਹਾਇਤਾ ਨਾਲ ਮਿੰਦਰ ਕੌਰ ਨੂੰ ਗੱਡੀ ਵਿੱਚ ਪਾਇਆ ਅਤੇ ਹਸਪਤਾਲ ਨੂੰ ਚੱਲ ਪਿਆ। ਹਸਪਤਾਲ ਜਾ ਕੇ ਉਸਨੇ ਮਿੰਦਰ ਕੌਰ ਨੂੰ ਡਾਕਟਰ ਕੋਲ ਜਦੋਂ ਚੈੱਕ ਅੱਪ ਕਰਾਇਆ ਤਾਂ ਡਾਕਟਰ ਨੇ ਸਾਰਾ ਕੁਝ ਦੇਖਣ ਤੋ ਬਾਅਦ ਕਿਹਾ ਕਿ ਕੁਝ ਨਹੀਂ ਸਿਰਫ ਮਾਨਸਿਕ ਪ੍ਰੇਸ਼ਾਨੀ ਹੈ, ਪਰ ਤੁਸੀਂ ਇਨਾਂ ਨੂੰ ਇੱਕ ਦੋ ਦਿਨ ਦਾਖਲ ਕਰਾ ਦਿਉ ਤਾਂ ਕਿ ਅਸੀਂ ਹੋਰ ਕੁਝ ਟੈਸਟ ਕਰ ਲਈਏ ਅਤੇ ਇਨਾਂ ਨੂੰ ਵੀ ਰੈਸਟ ਮਿਲ ਜਾਵੇਗੀ। ਫਕੀਰ ਸਿੰਘ ਨੇ ਡਾਕਟਰ ਦੀ ਸਲਾਹ ਅਨੁਸਾਰ ਮਿੰਦਰ ਕੌਰ ਨੂੰ ਦਾਖਲ ਕਰਾ ਦਿੱਤਾ ਅਤੇ ਆਪ ਮਿੰਦਰ ਕੌਰ ਦੇ ਬੈੱਡ ਕੋਲ ਹੀ ਕੁਰਸੀ ਤੇ ਬੈਠ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਉਸਦਾ ਸਿਰ ਪਲੋਸਣ ਲੱਗ ਪਿਆ। ਮਿੰਦਰ ਕੌਰ ਨੂੰ ਆ ਕੇ ਨਰਸ ਨੇ ਗੁਲੂਕੋਜ਼ ਲਗਾ ਦਿੱਤਾ ਜਿਸ ਨਾਲ ਜਲਦੀ ਹੀ ਉਸਦੀ ਅੱਖ ਲੱਗ ਗਈ। ਫਕੀਰ ਸਿੰਘ ਸੋਚਣ ਲੱਗਾ ਸ਼ਾਇਦ ਇਸ ਵਿੱਚ ਕੋਈ ਨੀਂਦ ਵਾਲੀ ਗੋਲੀ ਹੋਵੇਗੀ ਜਿਸ ਨਾਲ ਇਹ ਸੌਂ ਗਈ ਹੈ। ਫਕੀਰ ਸਿੰਘ ਕੁਝ ਸੋਚ ਕੇ ਬਾਹਰ ਨਿੱਕਲ ਗਿਆ ਅਤੇ ਇੱਕ ਫਲਾਂ ਵਾਲੀ ਰੇੜੀ ਤੋਂ ਕੁਝ ਸੇਬ ਤੇ ਹੋਰ ਫ਼æਲ ਲੈ ਆਇਆ। ਫਕੀਰ ਸਿੰਘ ਦੁਬਾਰਾ ਬੈਠ ਗਿਆ ਅਤੇ ਕੰਧ ਵੱਲ ਮੂੰਹ ਕਰਕੇ ਕੁਝ ਸੋਚਣ ਲੱਗ ਪਿਆ। ਡਾਕਟਰ ਜਾਣ ਤੋਂ ਪਹਿਲਾਂ ਇੱਕ ਵਾਰ ਮਿੰਦਰ ਕੌਰ ਨੂੰ ਦੇਖਣ ਆਇਆ ਤਾਂ ਡਾਕਟਰ ਦੀ ਆਹਟ ਨਾਲ ਫਕੀਰ ਸਿੰਘ ਦਾ ਧਿਆਨ ਟੁੱਟਿਆ। ਡਾਕਟਰ ਨੇ ਇੱਕ ਵਾਰ ਫਿਰ ਦੱਸਿਆ ਕਿ ਬੀਬੀ ਜੀ ਠੀਕ ਹਨ ਸਿਰਫ਼ ਪ੍ਰੇਸ਼ਾਨੀ ਕਾਰਨ ਹੀ ਇਨਾਂ ਦਾ ਬਲੱਡ ਪ੍ਰੈਸ਼ਰ ਘਟਿਆ ਹੈ। ਤਾਂ ਫਕੀਰ ਸਿੰਘ ਨੇ ਕਿਹਾ ਕਿ, ਡਾਕਟਰ ਸਾਬ੍ਹ ਬੱਸ ਇੱਕੋ ਹੀ ਫਿਕਰ ਜੋ ਇਸਨੂੰ ਵੀ ਤੇ ਮੈਨੂੰ ਵੀ ਖਾਈ ਜਾ ਰਿਹਾ ਹੈ ਉਹ ਹੈ ਸਾਡੀ ਸੱਠ ਨੂੰ ਢੁੱਕ ਚੁੱਕੀ ਉਮਰ ਤੇ ਘਰ  ਨਿੱਕਾ ਨਿਆਣਾ ਹੈ ਕੋਈ ਨੀ। ਨਾਲ ਹੀ ਫਕੀਰ ਸਿੰਘ ਦਾ ਹਉਕਾ ਜਿਹਾ ਨਿੱਕਲ ਗਿਆ। ਡਾਕਟਰ ਨੇ ਬੱਸ ਇੰਨਾ ਹੀ ਕਿਹਾ ਕਿ ਔਲਾਦ ਨਾ ਹੋਣ ਕਰਕੇ ਆਪਣੀ ਸਿਹਤ ਨੂੰ ਖਰਾਬ ਨਾ ਕਰੋ ਸਭ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਡਾਕਟਰ ਚਲਾ ਗਿਆ। ਫਕੀਰ ਸਿੰਘ ਨੇ ਦੁਪਿਹਰ ਦਾ ਕੁਝ ਨਹੀਂ ਸੀ ਖਾਧਾ ਹੁਣ ਵੀ ਉਹਦਾ ਖਾਣ ਨੂੰ ਜੀਅ ਨਾ ਕੀਤਾ ਅਤੇ ਉਸਨੇ ਲਿਆਂਦੇ ਫਲ ਵੀ ਨਾ ਛੇੜੇ। ਉਸਦੀ ਬੈਠੇ ਦੀ ਕਦੇ ਅੱਖ ਲੱਗ ਜਾਂਦੀ ਕਦੇ ਖੁੱਲ ਜਾਂਦੀ ਇਸੇ ਤਰ੍ਹਾਂ ਸਾਰੀ ਰਾਤ ਉਸਨੇ ਕੁਰਸੀ ‘ਤੇ ਬਹਿ ਕੇ ਗੁਜ਼ਾਰ ਦਿੱਤੀ। ਉਹ ਆਪਣੇ ਆਪ ਨੂੰ ਮਿੰਦਰ ਕੌਰ ਦਾ ਦੋਸ਼ੀ ਮੰਨ ਰਿਹਾ ਸੀ ਤੇ ਅੰਦਰੋ ਅੰਦਰੀ ਖੁਦ ਨੂੰ ਕੋਸ ਰਿਹਾ ਸੀ। ਦੂਜੇ ਦਿਨ ਡਾਕਟਰ ਨੇ ਦੁਪਿਹਰ ਨੂੰ ਮਿੰਦਰ ਕੌਰ ਨੂੰ ਛੁੱਟੀ ਦੇ ਦਿੱਤੀ ਅਤੇ ਫਕੀਰ ਸਿੰਘ ਉਸਨੂੰ ਲੈ ਕੇ ਘਰ ਆ ਗਿਆ। ਫਕੀਰ ਸਿੰਘ ਨੇ ਮਨ ਬਣਾ ਲਿਆ ਸੀ ਕਿ ਮਿੰਦਰ ਕੌਰ ਨਾਲ ਸਲਾਹ ਕਰਕੇ ਹੁਣ ਬੱਚਾ ਗੋਦ ਲੈ ਹੀ ਲੈਣਾ ਹੈ। ਇਹ ਗੱਲ ਉਹ ਮਿੰਦਰ ਕੌਰ ਨੂੰ ਦੱਸ ਕੇ ਖੁਸ਼ ਕਰਨਾ ਚਾਹੁੰਦਾ ਸੀ ਕਿ ਆਪਾਂ ਇੱਕ ਬੱਚਾ ਗੋਦ ਲੈ ਲਈਏ ਅਤੇ ਮਿੰਦਰ ਕੌਰ ਦੀ ਬੜੇ ਚਿਰਾਂ ਦੀ ਇਸ ਖਾਹਿਸ਼ ਨੂੰ ਉਹ ਜਲਦ ਤੋਂ ਜਲਦ ਪੂਰਾ ਕਰਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰਨਾ ਚਾਹੁੰਦਾ ਸੀ।
ਮਿੰਦਰ ਕੌਰ ਇੱਕ ਦਿਨ ਹੀ ਮੰਜੇ ‘ਤੇ ਰਹੀ ਫਿਰ ਠੀਕ ਹੋ ਗਈ ਤੇ ਘਰ ਦੇ ਆਹਰ ਪਾਹਰ ਵਿੱਚ ਰੁੱਝ ਗਈ। ਬੇਸ਼ੱਕ ਫਕੀਰ ਸਿੰਘ ਨੇ ਬਹੁਤ ਵਾਰ ਕਿਹਾ ਸੀ ਕਿ ਭਲੀਏ ਲੋਕੇ ਕੋਈ ਨੌਕਰਾਨੀ ਰੱਖ ਲੈ ਤੇ ਔਖੀ ਨਾ ਹੋਇਆ ਕਰ, ਕਿਹੜਾ ਘਾਟਾ ਕਿਸੇ ਚੀਜ਼ ਦਾ ਦਿੱਤਾ ਰੱਬ ਦਾ ਸਾਰਾ ਕੁਝ ਤਾਂ ਹੈ। ਅੱਗੋਂ ਮਿੰਦਰ ਕੌਰ ਰੱਬ ਨੂੰ ਉਲਾ੍ਹਮੇ ਜਿਹੇ ਨਾਲ ਆਖਦੀ ਜੇ ਇਸ ਘਰ ਵਿੱਚ ਸਾਰਾ ਕੁਝ ਹੁੰਦਾ ਤਾਂ ਮਿੰਦੋ ਨਾ ਸੀ ਬੁੱਢੀ ਹੁੰਦੀ ਹੋਰ ਸੌ ਸਾਲ, ਪਰ ਕੀ ਕਰੀਏ ਰੱਬ ਨੇ ਕਮੀ ਡਾਹਢੀ ਜਿਹੀ ਰੱਖੀ ਐ ਸਰਦਾਰ ਜੀ। ਦੂਜੀ ਗੱਲ ਜਦੋਂ ਤੱਕ ਤੁਹਾਨੂੰ ਆਪਣੇ ਹੱਥੀਂ ਰੋਟੀ ਨਾ ਖਵਾ ਲਵਾਂ ਮੈਨੂੰ ਟਿਕਾ ਜਿਹਾ ਨੀ ਆਉਂਦਾ। ਫਕੀਰ ਸਿੰਘ ਅੱਗੋਂ ਆਖਦਾ ਉ ਬਾਬਾ ਸਫਾਈ ਲਈ ਰੱਖ ਲਾ ਕਿਸੇ ਨੂੰ, ਕਿ ਮੇਰੇ ਖਾਣੇ ਦੇ ਨਾਲ ਨਾਲ ਸਫਾਈ ਤੋਂ ਬਿਨਾ ਵੀ ਟਿਕਾ ਨੀ ਆਉਂਦਾ। ਬਾਹਲੀਆਂ ਗੱਲਾਂ ਨਾ ਬਣਾਉ ਮੈਂ ਨੀ ਰੱਖਣਾ ਕਿਸੇ ਨੂੰ ਵੀ ਸਫਾਈ ਸਫੂਈ ਕਰਨ ਲਈ ਤੇ ਨਾ ਹੀ ਰੋਟੀ ਟੁੱਕ ਵਾਸਤੇ, ਮਿੰਦਰ ਕੌਰ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ, ਤਾਂ ਫਕੀਰ ਸਿੰਘ ਚੁੱਪ ਕਰ ਗਿਆ। ਇਸ ਤਰ੍ਹਾਂ ਦੀ ਨੋਕ ਝੋਕ ਉਨ੍ਹਾਂ ਦੋਵਾਂ ਜੀਆਂ ਵਿੱਚ ਆਮ ਜਿਹੀ ਗੱਲ ਸੀ।
ਕੁਝ ਦਿਨਾਂ ਬਾਅਦ ਫਕੀਰ ਸਿੰਘ ਨੇ ਆਪਣੇ ਦਿਲ ਦੀ ਗੱਲ ਮਿੰਦਰ ਕੌਰ ਨੂੰ ਦੱਸਦੇ ਹੋਏ ਕਿਹਾ ਕਿ, ਆਪਾਂ ਹੁਣ ਕੋਈ ਬੱਚਾ ਗੋਦ ਲੈ ਹੀ ਲੈਣਾ ਹੈ। ਤੂੰ ਤਿਆਰੀ ਕਰ ਤੇ ਆਪਾਂ ਕਿਸੇ ਹੋਰ ਸਿਆਣੇ ਬੰਦੇ ਦੀ ਸਲਾਹ ਲੈ ਕੇ ਇਸ ਕਾਰਜ ਨੂੰ ਸਿਰੇ ਚਾੜ੍ਹੀਏ। ਮਿੰਦਰ ਕੌਰ ਨੇ ਫਕੀਰ ਸਿੰਘ ਦੇ ਮੂੰਹੋਂ ਜਦੋਂ ਇਹ ਸ਼ਬਦ ਸੁਣੇ ਤਾਂ ਉਸਦੇ ਹੱਥਾਂ ਵਿੱਚ ਫੜਿਆ ਪਾਣੀ ਦਾ ਗਲਾਸ ਨਿੱਕਲ ਕੇ ਔਹ ਗਿਆ ਤੇ ਉਹ ਅਵਾਕ ਹੀ ਫਕੀਰ ਸਿੰਘ ਵੱਲ ਤੱਕ ਰਹੀ ਸੀ। ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਤੇ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਉਸਦੇ ਕੰਨਾਂ ਵਿੱਚ ਕਿਸੇ ਨੇ ਠੰਡੀ ਹਵਾ ਦਾ ਇੱਕ ਫੁਹਾਰਾ ਜਿਹਾ ਛੱਡ ਦਿੱਤਾ ਹੋਵੇ। ਉਸ ਨੂੰ ਬਾਹੋਂ ਝੰਜੋੜਦੇ ਹੋਏ ਫਕੀਰ ਸਿੰਘ ਨੇ ਪੁਛਿਆ ਕੀ ਗੱਲ ਹੋਈ ਮਿੰਦੋ ਯਕੀਨ ਨੀ ਆਇਆ ਮੇਰੀ ਗੱਲ ‘ਤੇ? ਮੈਂ ਸੱਚ ਆਖਦਾ ਹਾਂ ਸਗੋਂ ਮੈਨੂੰ ਤੇਰੇ ਤੋਂ ਮਾਫੀæ ਮੰਗਣੀ ਚਾਹੀਦੀ ਆ ਕਿ ਮੈਂ ਤੇਰੀ ਇਸ ਗੱਲ ਨੂੰ ਕਦੇ ਮੰਨਿਆ ਨਹੀਂ। ਚਲੋ ਜੋ ਹੋਇਆ ਸੋ ਹੋਇਆ, ਹੁਣ ਸਵੇਰੇ ਜਲਦੀ ਉੱਠ ਕੇ ਮੈਂ ਕਿਤੇ ਨੀ ਜਾਣਾ ਆਪਾਂ ਕਿਤੋਂ ਬੱਚੇ ਬਾਰੇ ਪਤਾ ਕਰੀਏ ਤੇ ਇਸ ਘਰ ਨੂੰ ਚਹਿਕਣ ਲਾਉਣ ਬਾਰੇ ਸੋਚੀਏ, ਤਾਂ ਮਿੰਦਰ ਕੌਰ ਨੇ ਕਿਹਾ ਕਿ, ਮੈਂ ਟੀ ਵੀ ਤੇ ਦੇਖਿਆ ਸੀ ਇੱਕ ਡਰਾਮੇ ਵਿੱਚ ਕਿ ਇੱਕ ਆਪਣੇ ਵਰਗਾ ਹੀ ਜੋੜਾ ਸੀ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਉਨ੍ਹਾਂ ਨੇ ਪਤਾ ਕੀ ਕੀਤਾ ਲੋਕਾਂ ਦੇ ਲਾਵਾਰਸ ਬੱਚੇ ਅਪਣਾ ਕੇ ਇੱਕ ਆਸ਼ਰਮ ਖੋਲ ਲਿਆ ਤੇ ਹੌਲੀ ਹੌਲੀ ਉਨਾਂ ਕੋਲ ਬਹੁਤ ਸਾਰੇ ਬੱਚੇ ਹੋ ਗਏ। ਆਪਾਂ ਵੀ ਕੁਝ ਇਸ ਤਰ੍ਹਾਂ ਦਾ ਹੀ ਕਰੀਏ ਤਾਂ ਕਿ ਸਮਾਜ ਵਿੱਚ ਜੋ ਬਹੁਤ ਸਾਰੇ ਬੱਚਿਆਂ ਨੂੰ ਮਾਂ ਪਿA ਨੀ ਮਿਲ ਸਕਿਆ ਉਨ੍ਹਾਂ ਨੂੰ ਮਾਂ ਪਿA ਮਿਲ ਜਾਊ ਤੇ ਸਾਨੂੰ ਬਹੁਤ ਸਾਰੇ ਬੱਚੇ ਮਿਲ ਜਾਣਗੇ। ਫਕੀਰ ਸਿੰਘ ਸਿੰਘ ਬੜੇ ਗਹੁ ਨਾਲ ਮਿੰਦਰ ਕੌਰ ਵਿੱਚ ਤੱਕ ਰਿਹਾ ਸੀ ਕਿ ਆਹ ਅਨਪੜ੍ਹ ਜ਼ਨਾਨੀ ਦੀ ਸੋਚ ਕਿੰਨੀ ਵੱਡੀ ਆ। ਮੈਂ ਤਾਂ ਆਪਣੇ ਬਾਰੇ ਸੋਚ ਰਿਹਾ ਸੀ ਤੇ ਇਹ ਕਿੰਨਿਆਂ ਬਾਰੇ ਸੋਚ ਰਹੀ ਆ। ਉਸਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਮਿੰਦ੍ਹੋ ਜਿਵੇਂ ਤੂੰ ਕਹੇਂਗੀ ਉਂਝ ਹੀ ਕਰਾਂਗਾ। ਬਿਨਾਂ ਹੁੰਗਾਰਾ ਦਿੱਤੇ ਮਿੰਦਰ ਕੌਰ ਪਰ ਇੱਕ ਆਸ ਦੀ ਕਿਰਨ ਲੈ ਕੇ ਰੋਟੀ ਵਾਲੇ ਭਾਂਡੇ ਆਦਿ ਸਾਂਭਣ ਲੱਗ ਗਈ। ਫਕੀਰ ਸਿੰਘ ਆਪਣੇ ਬੈੱਡ ‘ਤੇ ਜਾ ਕੇ ਲੰਮਾ ਪੈ ਗਿਆ ਅਤੇ ਉਹ ਆਪਣੇ ਆਪ ਨੂੰ ਬਹੁਤ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਸੀ।
ਉਸਦੀ ਦੀ ਬੈੱਡ ‘ਤੇ ਪੈਂਦਿਆਂ ਸਾਰ ਹੀ ਅੱਖ ਲੱਗ ਗਈ ਸੀ। ਉਹ ਸਾਰੀ ਰਾਤ ਸੁਪਨਿਆਂ ਦੇ ਸਾਗਰ ਵਿੱਚ ਗੋਤੇ ਲਾਉਂਦਾ ਰਿਹਾ ਸੀ। ਉਹ ਇੰਝ ਮਹਿਸੂਸ ਕਰਦਾ ਸੀ ਕਿ ਉਨ੍ਹਾਂ ਦੇ ਘਰ ਦੀ ਸੁੱਕੀ ਪਈ ਬਗੀਚੀ ਵਿੱਚ ਦੁਬਾਰਾ ਬਹਾਰ ਆ ਗਈ ਹੋਵੇ। ਹਰ ਫੁੱਲ ਹਰ ਬੂਟਾ ਇਹ ਕਹਿ ਰਿਹਾ ਹੋਵੇ ਕਿ ਅਸੀਂ ਜਿਊਂਦੇ ਹੋ ਗਏ, ਅਸੀਂ ਵੀ ਧੀਆਂ ਪੁੱਤਰਾਂ ਵਾਲੇ ਹੋ ਗਏ। ਉਸ ਨੂੰ ਇੰਝ ਲੱਗਦਾ ਸੀ ਕਿ ਉਹ ਬਹੁਤ ਸਾਰੇ ਬੂਟਿਆਂ ਨੂੰ ਪਾਣੀ ਪਾ ਰਿਹਾ ਅਤੇ ਇਨਾਂ ਬੂਟਿਆਂ ਦੀ ਛਾਂਵੇ ਸਾਰੀ ਦੁਨੀਆਂ ਬੈਠੇਗੀ ਅਤੇ ਇਹ ਬੂਟੇ ਹਰ ਇੱਕ ਨੂੰ ਠੰਡੀ ਛਾਂ ਦੇ ਕੇ ਵੀ ਅਹਿਸਾਨ ਨਹੀਂ ਜਤਾਉਣਗੇ, ਇਸੇ ਤਰ੍ਹਾਂ ਹੀ ਉਸਦੇ ਧੀਆਂ ਪੁੱਤਰ ਵੀ ਲੋਕਾਂ ਦੀ ਸੇਵਾ ਕਰਨਗੇ। ਉਹ ਆਪਣੇ ਆਪ ਨੂੰ ਇੱਕ ਵੱਡਾ ਰੁੱਖ ਸਮਝ ਰਿਹਾ ਸੀ ਤੇ ਮਿੰਦਰ ਕੌਰ ਉਸਨੂੰ ਇਸ ਰੁੱਖ ਦੀ ਨਰੋਈ ਜੜ੍ਹ ਲੱਗ ਰਹੀ ਸੀ। ਜੋ ਇਸ ਸਾਰੇ ਬਾਗ ਨੂੰ ਧਰਤੀ ਥੱਲਿਉਂ ਪਾਣੀ ਚੂਸ ਚੂਸ ਕੇ ਪਾ ਰਹੀ ਹੋਵੇ। ਜਿਵੇਂ ਦੁਬਾਰਾ ਘਰ ਦੇ ਬਨੇਰੇ ‘ਤੇ ਪੰਛੀ ਟਹਿਕਣ ਲੱਗ ਪਏ ਹੋਣ ਤੇ ਚਿੜੀਆਂ ਦੀ ਚੀਂ ਚੀਂ ਮਨ ਨੂੰ ਭਾਉਣ ਲੱਗ ਪਈ ਸੀ। ਉਸਨੂੰ ਬਨੇਰੇ ‘ਤੇ ਕਾਂ ਵੀ ਬਹੁਤ ਸੋਹਣੇ ਲੱਗਦੇ ਸਨ ਜੋ ਉਸਦੇ ਬੱਚਿਆਂ ਦੇ ਹੱਥੋਂ ਰੋਟੀ ਦੀਆਂ ਬੁਰਕੀਆਂ ਖੋਹਣ ਨੂੰ ਉਤਾਵਲੇ ਨੇ। ਉਹ ਸੁਪਨੇ ਵਿੱਚ ਹੀ ਆਪਣੇ ਪੁੱਤਰਾਂ ਨੂੰ ਘੋੜੀ ਚੜਦੇ ਦੇਖਦਾ ਸੀ ਅਤੇ ਉਨਾਂ ਉੱਪਰ ਦੀ ਪੈਸਿਆਂ ਦਾ ਮੀਂਹ ਵਰਸਾ ਰਿਹਾ ਸੀ। ਆਪਣੀਆਂ ਧੀਆਂ ਦੇ ਡੋਲੇ ਉਹ ਬੜੀ ਖੁਸ਼ੀ ਨਾਲ ਆਪਣੇ ਹੱਥੀਂ ਤੋਰ ਰਿਹਾ ਸੀ। ਉਹ ਜਦੋਂ ਆਪਣੀਆਂ ਧੀਆਂ ਦੇ ਡੋਲੇ ਤੋਰਦਾ ਸੀ ਤਾਂ ਆਪਣੇ ਆਪ ਨੂੰ ਸਭ ਤੋਂ ਵੱਡਾ ਦਾਨੀ ਮਹਿਸੂਸ ਕਰਦਾ ਸੀ। ਸੁਪਨੇ ਵਿੱਚ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਨਾਂ ਦਾ ਘਰ ਧੀਆਂ ਪੁੱਤਰਾਂ ਨਾਲ ਭਰ ਗਿਆ ਹੋਵੇ। ਉਹ ਇੱਕ ਬੱਚੇ ਨੂੰ ਤਰਸਦੇ ਸੀ, ਪਰ ਹੁਣ ਬਹੁਤ ਸਾਰੇ ਬੱਚਿਆਂ ਦੇ ਮਾਂ ਪਿਉ ਬਣ ਗਏ ਸਨ।  
– ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”