ਬਾਬਾ ਬੋਹੜ!

ਮੈਂ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਛੇਵੀਂ ਵਿੱਚ ਨਾਲ ਦੇ ਪਿੰਡ ਹਾਈ ਸਕੂਲ ਵਿੱਚ ਦਾਖਲਾ ਲਿਆ ਸੀ, ਕਿੳਂੁਕਿ ਸਾਡਾ ਪਿੰਡ ਛੋਟਾ ਹੋਣ ਕਰਕੇ ਸਕੂਲ ਪੰਜਵੀਂ ਤੱਕ ਹੀ ਹੈ। ਸੋ ਅਸੀਂ ਆਪਣੇ ਪਿੰਡੋਂ ਡੇਢ ਕੁ ਕਿਲੋਮੀਟਰ ਦੀ ਦੂਰੀ ਤੁਰ ਕੇ ਹੀ ਸਕੂਲ ਚਲੇ ਜਾਂਦੇ ਸਾਂ। ਜਿਨ੍ਹਾਂ ਪਰਿਵਾਰਾਂ ਦੀ ਮਾਲੀ ਹਾਲਤ ਵਧੀਆ ਹੁੰਦੀ ਸੀ ਉਹਨਾਂ ਦੇ ਬੱਚੇ ਸਾਈਕਲਾਂ ’ਤੇ ਸਕੂਲ ਜਾਂਦੇ ਸਨ ਤੇ ਸਾਡੇ ਵਰਗੇ ਪੈਦਲ ਯਾਤਰਾ ਹੀ ਕਰਦੇ ਸਨ। ਅਸੀਂ ਦੋਵੇਂ ਭੈਣ ਭਰਾ ਤੇ ਸਾਡੇ ਨਾਲ ਮੇਰੇ ਚਾਚੇ ਦਾ ਮੁੰਡਾ ਸਕੂਲ ਜਾਂਦਾ ਹੁੰਦਾ ਸੀ। ਛੇਵੀਂ ਵਿੱਚ ਸਾਡਾ ਦਾਖਲਾ ਮੇਰੇ ਚਾਚੀ ਜੀ ਕਰਵਾ ਕੇ ਆਏ ਸਨ। ਅਸੀਂ ਇੱਕ ਦਮ ਨਵੇਂ ਮਾਹੌਲ ਵਿੱਚ ਚਲੇ ਗਏ ਸਾਂ। ਪਹਿਲਾਂ ਪ੍ਰਾਇਮਰੀ ਸਕੂਲ ਟਾਟਾਂ ’ਤੇ ਬਹਿ ਕੇ ਪੜ੍ਹਦੇ ਸਾਂ ਤੇ ਹੁਣ ਸਾਨੂੰ ਡੈਸਕ ਮਿਲ ਗਏ ਸਨ, ਖੇਡਣ ਲਈ ਖੁੱਲੀ ਡੁੱਲੀ ਗਰਾਂਊਡ ਸੀ ਤੇ ਹਰ 45 ਮਿੰਟ ਬਾਅਦ ਪੀਰੀਅਡ ਬਦਲ ਜਾਂਦਾ ਸੀ ਨਾਲ ਹੀ ਅਧਿਆਪਕ ਵੀ ਬਦਲ ਜਾਂਦਾ ਸੀ। ਅਸੀਂ ਦੁਪਿਹਰ ਦੀ ਰੋਟੀ ਨਾਲ ਹੀ ਲੈ ਕੇ ਜਾਂਦੇ ਸਾਂ ਕਿੳਂੁਕਿ ਘਰ ਆ ਕੇ ਰੋਟੀ ਖਾਣ ਨੂੰ ਸਮਾਂ ਲੱਗਦਾ ਸੀ। ਅਸੀਂ ਰੋਟੀ ਖਾ ਕੇ ਜਲਦੀ ਜਲਦੀ ਬਾਹਰ ਖੇਡਣ ਚਲੇ ਜਾਂਦੇ ਸਾਂ। ਜਦੋਂ ਅਸੀਂ ਬਾਹਰ ਖੇਡਣ ਜਾਣਾ ਤਾਂ ਸਕੂਲ ਦੇ ਗੇਟ ਲਾਗੇ ਇੱਕ ਮਧਰਾ ਜਿਹੇ ਕੱਦ ਵਾਲਾ ਇੱਕ ਸੱਤਰ ਕੁ ਸਾਲ ਦਾ ਅੰਮ੍ਰਿਤਧਾਰੀ  ਬਜੁ਼ਰਗ ਹੱਥ ਵਿੱਚ ਖੂੰਡਾ ਫੜ ਕੇ ਖੜਾ ਹੁੰਦਾ, ਜਿਸ ਦਾ ਨਾਂ ਸਾਧਾ ਸਿੰਘ ਸੀ। ਉਸ ਨੇ ਲੰਬਾ ਚੋਲਾ ਪਹਿਨਿਆ ਹੁੰਦਾ ਸੀ ਤੇੜ ਕਛਿਹਿਰਾ ਤੇ ਪੈਰੀਂ ਧੌੜੀਦਾਰ ਜੁੱਤੀ ਪਹਿਨੀ ਹੁੰਦੀ ਸੀ। ਉਸਦੀ ਦਾੜੀ ਲੰਬੀ ਤੇ ਸਿਰ ’ਤੇ ਗੋਲ ਪਰਨਾ ਬੰਨਿਆ ਹੁੰਦਾ ਸੀ ਤੇ ਲੰਬੇ ਚੋਲੇ ਦੇ ਥੱਲੇ ਛੋਟੀ ਕਿਰਪਾਨ ਪਹਿਨੀ ਹੁੰਦੀ ਸੀ। ਉਹ ਬਹੁਤ ਗੜਕੇ ਨਾਲ ਬੋਲਦਾ ਹੁੰਦਾ ਸੀ ਤੇ ਆਮ ਹੀ ਸਕੂਲ ਦੇ ਨਿਆਣਿਆਂ ਨੂੰ ਕਿਸੇ ਨਾ ਕਿਸੇ ਗੱਲੋਂ ਮਿੱਠੀ ਮਿੱਠੀ ਝਿੜਕ ਮਾਰਦਾ ਰਹਿੰਦਾ ਸੀ। ਉਸਦੇ ਆਪਣੇ ਕੋਈ ਧੀ ਪੁੱਤਰ ਨਹੀਂ ਸੀ ਪਰ ਉਹ ਬੱਚਿਆਂ ਨੂੰ ਪਿਆਰ ਬਹੁਤ ਕਰਦਾ ਸੀ। ਉਸਨੇ ਕਈ ਵਾਰ ਆਪਣੀਆਂ ਹੱਡ ਬੀਤੀਆਂ ਵੀ ਬੱਚਿਆਂ ਦੇ ਨਾਲ ਸਾਂਝੀਆਂ ਕਰਨੀਆਂ ਤਾਂ ਗੱਲ ਇੰਝ ਸੁਨਾਉਣੀ ਕਿ ਸਾਡੇ ਹਸਾ ਹਸਾ ਢਿੱਡੀਂ ਪੀੜਾਂ ਪਾ ਦੇਣੀਆਂ। ਉਸਨੇ ਫੌਜ ਦੀ ਨੌਕਰੀ ਵੀ ਕੀਤੀ ਸੀ ਜਿਸ ਕਰਕੇ ਉਹ ਡਸਿਪਲਨ ਵੀ ਪੂਰਾ ਰੱਖਦਾ ਸੀ, ਹਰ ਸਮੇਂ ਚੁਸਤ ਫੁਰਤ ਰਹਿਣਾ ਉਸਦੀ ਫਿ਼ਤਰਤ ਸੀ। ਉਸਨੇ ਕਈ ਵਾਰ ਕਿਸੇ ਬੱਚੇ ਨੂੰ ਗਲਤੀ ਕਰਦੇ ਦੇਖ ਕੇ ਦੂਰੋਂ ਹੀ ਵਾਜ ਮਾਰਨੀ “ਉਏ ਬੰਦਾ ਬਣਜਾ।” ਤਾਂ ਉਸ ਬੱਚੇ ਨੇ ਉਸੇ ਵਕਤ ਹੀ ਕੰਨ ਲਵੇਟਕੇ ੳੁੱਥੋਂ ਰਫੂ ਚੱਕਰ ਹੋ ਜਾਣਾ। ਮੈਂ ਅਜੇ ਛੋਟਾ ਹੀ ਸਾਂ ਪਰ ਮੈਨੂੰ ਉਸ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਸਨ ਤੇ ਮੈਂ ਕਈ ਵਾਰ ਜਦੋਂ ਉਸ ਨੂੰ ਨਾ ਦੇਖਣਾ ਤਾਂ ਮੇਰਾ ਮਨ ਬੈਚੇਨ ਜਿਹਾ ਹੋ ਜਾਂਦਾ ਸੀ ਤੇ ਮੇਰੀਆਂ ਨਜ਼ਰਾਂ ਕਿਸੇ ਅਜੀਬ ਜਿਹੀ ਭਾਲ ਵਿੱਚ ਭੱਜੀਆਂ ਫਿਰਦੀਆਂ ਸਨ। ਇੱਕ ਦਿਨ ਉਹਨੇ ਇੱਕ ਬੱਚੇ ਨੂੰ ਸਕੂਲ ਵਿੱਚੋਂ ਚੋਰੀ ਭੱਜਦੇ ਨੂੰ ਫੜ ਲਿਆ ਤੇ ਬਾਂਹ ਫੜਕੇ ਸਕੂਲ ਲੈ ਆਇਆ ਤੇ ਸਾਡੀ ਕਲਾਸ ਵਿੱਚ ਮਾਸਟਰ ਜੀ ਨੂੰ ਕਹਿਣ ਲੱਗਾ ਆਹ ਸਾਂਭੋ ਆਪਣੇ ਰੰਗਰੂਟ ਨੂੰ ਜਿਹੜਾ ਭਗੌੜਾ ਹੋ ਰਿਹਾ ਸੀ ਤੇ ਅੱਗੋਂ ਮਾਸਟਰ ਜੀ ਵੀ ਮਜ਼ਾਕੀਆ ਸੁਭਾਅ ਦੇ ਸਨ ਅਤੇ ਕਹਿਣ ਲੱਗੇ “ਹਮ ਇਸੇ ਅਭੀ ਔਰ ਇਸੀ ਵਕਤ ਕੋਰਟ ਮਾਰਸ਼ਲ ਕਰਤੇ ਹੈਂ।” ਮਾਸਟਰ ਜੀ ਨੇ ਉਸ ਦੇ ਕੰਨ ਫੜਾ ਕੇ ਮੁਰਗਾ ਬਣਾ ਦਿੱਤਾ ਤੇ ਆਪਣੀ ਕੁਰਸੀ ਛੱਡ ਕੇ ਸਾਧਾ ਸਿੰਘ ਨੂੰ ਬਹਿਣ ਦਾ ਇਸ਼ਾਰਾ ਕੀਤਾ। ਸਾਧਾ ਸਿੰਘ ਕਹਿਣ ਲੱਗਾ ਮਾਸਟਰ ਜੀ ਇਹ ਤੁਹਾਡੇ ਲਈ ਹੈ ਅਤੇ ਮੇਰੇ ਵਰਗੇ ਅਨਪੜ੍ਹ ਗਵਾਰ ਤਾਂ ਖੜੇ ਹੀ ਠੀਕ ਹਨ ਤਾਂ ਮਾਸਟਰ ਜੀ ਨੇ ਕਿਹਾ ਨਹੀਂ ਬਜ਼ੁਰਗੋ ਤੁਸੀਂ ਸਾਡੇ ਆਦਰਯੋਗ ਹੋ ਅਸੀਂ ਤੁਹਾਡੇ ਬੱਚਿਆਂ ਸਮਾਨ ਹਾਂ, ਤਾਂ ਸਾਧਾ ਸਿੰਘ ਕਹਿਣ ਲੱਗਾ ਮਾਸਟਰ ਜੀ ਮੈਂ ਫਿਰ ਬੈਠਾਂਗਾ ਜੇਕਰ ਆਪ ਵੀ ਬੈਠੋਗੇ ਤਾਂ ਮਾਸਟਰ ਜੀ ਨੇ ਇੱਕ ਬੱਚੇ ਨੂੰ ਹੁਕਮ ਕੀਤਾ ਕਿ ਜਾਹ ਇੱਕ ਹੋਰ ਕੁਰਸੀ ਲੈ ਕੇ ਆ। ਸਾਧਾ ਸਿੰਘ ਨੂੰ ਮਾਸਟਰ ਜੀ ਨੇ ਬੇਨਤੀ ਕੀਤੀ ਕਿ ਕੋਈ ਆਪਣੀ ਹੱਡਬੀਤੀ ਸਾਡੇ ਨਾਲ ਸਾਂਝੀ ਕਰੋ ਜੋ ਕਿ ਆਪ ਜੀ ਨੂੰ ਯਾਦ ਹੋਵੇ ਤਾਂ ਸਾਧਾ ਸਿੰਘ ਨੇ ਹੱਸ ਕੇ ਕਿਹਾ ਅੱਜ ਮੈਂ ਤੁਹਾਨੂੰ ਇਹ ਦੱਸੂੰਂ ਕਿ ਮੈਂ ਚੋਰੀ ਕਿੱਦਾਂ ਕਰਦਾ ਸੀ। ਨਾਲ ਹੀ ਕਹਿਣ ਲੱਗਾ ਕਿ ਮਾਸਟਰ ਜੀ ਇਹਦਾ ਕੋਰਟ ਮਾਰਸ਼ਲ ਤਾਂ ਬੰਦ ਕਰੋ ਪਹਿਲਾਂ, ਨਹੀਂ ਤਾਂ ਇਹਦੇ ਮਾਂ ਪਿਉ ਨੇ ਸ਼ਾਮ ਨੂੰ ਮੇਰੀ “ਅਈ ਦੀ ਤਈ” ਫੇਰ ਦੇਣੀ ਆ, ਤਾਂ ਮਾਸਟਰ ਜੀ ਨੇ ਉਸ ਭੱਜਣ ਵਾਲੇ ਬੱਚੇ ਨੂੰ ਕਿਹਾ ਚੱਲ ੳੁੱਠ ਤੇ ਬਜ਼ੁਰਗਾਂ ਤੋਂ ਮਾਫੀ ਮੰਗ ਤਾਂ ਸਾਧਾ ਸਿੰਘ ਕਹਿਣ ਲੱਗਾ “ਕੋਈ ਨੀ ਕੋਈ ਨੀ” ਜਾ ਕੇ ਬਹਿਜਾ ਤੇ ਪੜ੍ਹਿਆ ਕਰ ਕੋਈ ਚੱਜ ਦੀ ਨੌਕਰੀ ਮਿਲਜੂ ਨਹੀਂ ਧੱਕੇ ਖਾਂਦਾ ਫਿਰੇਂਗਾ। ਫਿਰ ਸਾਧਾ ਸਿੰਘ ਨੇ ਗੱਲ ਸੁਰੂ ਕੀਤੀ ਕਿ ਮੈਂ ਕਦੇ ਕਦੇ ਚੋਰੀ ਕਰ ਲੈਂਦਾ ਸਾਂ ਪਰ ਚੋਰੀ ਕਰਦਾ ਤਾਂ ਸੀ ਜੇ ਮੇਰਾ ਨਾ ਸਰਦਾ ਹੋਵੇ ਜਿਵੇਂ ਚੋਰੀ ਪੱਠੇ ਵੱਢ ਲੈਣੇ, ਕਿਸੇ ਦੇ ਕੁੱਪ ਵਿੱਚੋਂ ਤੂੜੀ ਦੀ ਪੰਡ ਚੁੱਕ ਲੈਣੀ, ਮੂੰਗਫਲੀ ਦਾ ਗੂਣਾ ਜਾਂ ਭੋਹ (ਪੱਤੀ) ਆਦਿ ਦੀ ਚੋਰੀ ਹੀ ਕਰਦਾ ਸਾਂ। ਕਦੇ ਵੀ ਕਿਸੇ ਦਾ ਹੋਰ ਕੋਈ ਨੁਕਸਾਨ ਨਹੀਂ ਕੀਤਾ ਸੀ। ਸੋ ਮੈਂ ਆਪਣੇ ਲਾਗਲੇ ਪਿੰਡ ਜੋ ਕਿ ਸਾਰਾ ਹੀ ਕੰਬੋਜ ਬਰਾਦਰੀ ਦਾ ਹੈ, ਉਸ ਪਿੰਡ ਦੇ ਖੇਤਾਂ ਵਿੱਚ ਜਾਣਾ ਜਿੱਥੇ ਇੱਕ ਜਿ਼ਮੀਦਾਰ ਦੇ ਚਾਰ ਪੰਜ ਕੁੱਪ ਬੰਨੇ ਹੁੰਦੇ ਸੀ ਤੇ ਮੈਂ ਹਰ ਹਫਤੇ ਇੱਕ ਦਰਮਿਆਨੀ ਜਿਹੀ ਤੂੜੀ ਦੀ ਪੰਡ ਬੰਨਣੀ ਤੇ ਰਾਤ ਦੇ ਪਿਛਲੇ ਪਹਿਰ ਘਰ ਆ ਵੜਨਾ। ਇਹ ਕੰਮ ਕੋਈ ਮਹੀਨਾ ਕੁ ਚੱਲਿਆ ਤਾਂ ਇੱਕ ਰਾਤ ਮੈਂ ਪਹਿਲਾਂ ਦੀ ਤਰਾਂ ਗਿਆ ਤੇ ਪੱਲੀ ਵਿਛਾ ਕੇ ਆਪ ਕੁੱਪ ਵਿੱਚ ਜਾ ਵੜਿਆ। ਮੈਂ ਆਪਣੇ ਹੱਥ ਵਿੱਚ ਇੱਕ ਡੇਢ ਕੁ ਫੁੱਟ ਦਾ ਡੰਡਾ ਜਰੂਰ ਰੱਖਦਾ ਸਾਂ, ਜਦੋਂ ਅਜੇ ਮੈਂ ਕੁੱਪ ਵਿੱਚੋਂ ਇੱਕੋ ਮਗਰਾ ਤੂੜੀ ਦਾ ਬਾਹਰ ਪੱਲੀ ’ਤੇ ਸੁੱਟਿਆ ਤਾਂ ਬਾਹਰੋਂ ਇੱਕ ਵਾਜ ਆਈ “ਬਾਹਰ ਆ ਜਾ ਕੌਣ ਆ ਬਈ ਮੈਂ ਤੈਨੂੰ ਦੇਖ ਲਿਆ ਹੁਣ ਨੀ ਛੱਡਦਾ।” ਗੱਲ ਕਰਦੇ ਕਰਦੇ ਸਾਧਾ ਸਿੰਘ ਦਾ ਹਾਸਾ ਨਿਕਲ ਗਿਆ ਤੇ ਕਹਿਣ ਲੱਗਾ ਮੈਂ ਕੁੱਪ ਦੇ ਵਿੱਚ ਹੀ ਇੱਕ ਪਾਸੇ ਨੂੰ ਹੋ ਕੇ ਲੁਕਣ ਦੀ ਕੋਸਿ਼ਸ਼ ਕੀਤੀ ਤਾਂ ਉਸ ਕੁੱਪ ਦੇ ਮਾਲਕ ਨੇ ਫਿਰ ਵਾਜ ਮਾਰੀ। ਮੈਂ ਫਿਰ ਵੀ ਬਾਹਰ ਨਾ ਨਿਕਲਿਆ ਤਾਂ ਉਸ ਨੇ ਖਿਝ ਕੇ ਕਿਹਾ ਮੈਂ ਤੈਨੂੰ ਬਾਹਰ ਕੱਢਦਾਂ ਕਿਹੜਾ ਤੂੰ? ਮੈਂ ਜਦੋਂ ਫਿਰ ਵੀ ਬਾਹਰ ਨਾ ਨਿਕਲਿਆ ਤਾਂ ਉਸ ਨੇ ਕੁੱਪ ਵਿੱਚ ਝਾਤੀ ਮਾਰਨ ਲਈ ਡਰਦੇ ਡਰਦੇ ਆਪਣਾ ਸਿਰ ਅਗਾਂਹ ਨੂੰ ਕੀਤਾ ਤਾਂ ਮੈਂ ਆਪਣੇ ਹੱਥ ਵਾਲਾ ਡੰਡਾ ਜੋਰ ਦੀ ਉਹਦੇ ਸਿਰ ਵਿੱਚ ਮਾਰਿਆ ਤਾਂ ਉਹਦੀ ਲੇਰ ਜਿਹੀ ਨਿੱਕਲ ਗਈ, ਮਾਰਤਾ ਈ ਉਏ ਕਹਿ ਕੇ ਪਿੱਛੇ ਨੂੰ ਡਿੱਗ ਪਿਆ। ਸਾਧਾ ਸਿੰਘ ਨਾਲੇ ਹੱਸੀ ਜਾਵੇ ਨਾਲੇ ਹੱਥ ਵਾਲੇ ਖੂੰਡੇ ਨੂੰ ਮਲੀ ਜਾਵੇ। ਉਸ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਮੈਂ ਕੁੱਪ ਵਿੱਚੋਂ ਬਾਹਰ ਨਿੱਕਲਿਆ ਤੇ ਪੱਲੀ ਚੱਕੀ ਤੇ ਕਾਹਲੀ ਕਾਹਲੀ ਉਸ ਵੱਲ ਦੇਖਿਆ ਕਿ ਕਿਤੇ ਸੱਟ ਬਾਹਲੀ ਤਾਂ ਨੀ ਲੱਗੀ। ਬੱਸ ਫਿਰ ਸੂ਼ਟ ਵੱਟਤੀ ਪਿੰਡ ਵੱਲ ਨੂੰ। ਪਿੱਛੇ ਮੁੜ ਕੇ ਨੀ ਦੇਖਿਆ ਕਿ ਕੋਈ ਆੳਂੁਦਾ ਕਿ ਨਹੀਂ। ਘਰ ਆ ਕੇ ਕੰਨ ਲਵੇਟੇ ਤੇ ਚੁੱਪ ਕਰਕੇ ਸੌਂ ਗਿਆ। ਦੂਜੇ ਦਿਨ ਉਸ ਪਿੰਡ ਦੀ ਪੰਚਾਇਤ ਸਾਡੇ ਪਿੰਡ ਆ ਗਈ। ਕੱਚਾ ਪੈਹਾ (ਰਸਤਾ) ਹੋਣ ਕਾਰਨ ਮੇਰੀ ਪੈੜ ਸਿੱਧੀ ਇੱਥੇ ਆੳਂੁਦੀ ਸੀ ਪਰ ਸੜਕ ’ਤੇ ਆ ਕੇ ਅੱਗੇ ਪੈੜ ਦੇ ਨਿਸ਼ਾਨ ਨਾ ਲੱਭੇ। ਪੰਚਾਇਤ ਨੇ ਆ ਕੇ ਸਾਡੇ ਪਿੰਡ ਦੀ ਪੰਚਾਇਤ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ, ਅਸੀਂ ਹੋਰ ਕੁਝ ਨਹੀਂ ਜੇ ਕਹਿਣਾ ਸਾਨੂੰ ਬੱਸ ਉਸ ਬੰਦੇ ਨਾਲ ਮਿਲਾ ਦਿਉ। ਅਸੀਂ ਉਸ ਨੂੰ ਵੀ ਕੁਝ ਨਹੀਂ ਕਹਿਣਾ ਸਿਰਫ਼ ਇੱਕ ਵਾਰ ਦੇਖਣਾ ਚਾਹੁੰਦੇ ਹਾਂ ਕਿ ਕੌਣ ਹੈ ਜੋ ਇੰਨੇ ਦਿਲ ਨਾਲ ਚੋਰੀ ਕਰਦਾ ਸੀ ਤੇ ਫੜੇ ਜਾਣ ’ਤੇ ਵੀ ਸਾਡੇ ਬੰਦੇ ਦੇ ਸਿਰ ’ਚ ਸੋਟਾ ਮਾਰ ਕੇ ਭੱਜ ਗਿਆ। ਸਾਧਾ ਸਿੰਘ ਥੋੜਾ ਜਿਹਾ ਭਾਵੁਕ ਹੋ ਕੇ ਕਹਿਣ ਲੱਗਾ ਮੇਰੇ ਮਨ ਨੇ ਮੈਨੂੰ ਲਾਹਨਤ ਪਾਈ ਕਿ ਉਹ ਮਨਾਂ ਜੇ ਇਹ ਮਰ ਜਾਂਦਾ ਤਾਂ ਫਿਰ ਕੀਹਨੂੰ ਲੇਖਾ ਦੇਣਾ ਸੀ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਮੂਹਰੇ ਹੋ ਕੇ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਕਿਹਾ ਕਿ, ਮੈਂ ਗੁਨਾਹਗਾਰ ਹਾਂ ਜੋ ਵੀ ਸਜ਼ਾ ਦਿਉਗੇ ਮੈਂ ਭੁਗਤਣ ਲਈ ਤਿਆਰ ਹਾਂ। ਅੱਗੇ ਤੋਂ ਮੈਂ ਐਸੇ ਕੰਮ ਤੋਂ ਤੌਬਾ ਕਰਦਾ ਹਾਂ। ਮੈਂ ਉਸ ਬੰਦੇ ਕੋਲੋਂ ਵੀ ਮਾਫੀ਼ ਮੰਗੀ ਅਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕੀਤਾ ਪਰ ਉਹਨਾਂ ਨੇ ਕਿਹਾ ਕਿ, ਅਸੀਂ ਪਹਿਲਾਂ ਹੀ ਕਿਹਾ ਸੀ ਕਹਿਣਾ ਕੁਝ ਨਹੀਂ ਮੈਂ ਦੁਬਾਰਾ ਉਹਨਾਂ ਦੇ ਵੱਡੇ ਦਿਲ ਦਾ ਸ਼ੁਕਰੀਆ ਅਦਾ ਕੀਤਾ ਅਤੇ ਸਾਰਿਆਂ ਨੂੰ ਆਪਣੇ ਘਰ ਜਾਣ ਲਈ ਬੇਨਤੀ ਕਿ ਮੈਂ ਆਪਣੇ ਆਪ ਨੂੰ ਫਿਰ ਮਾਫ਼ ਕੀਤਾ ਸਮਝਾਂਗਾ ਜੇਕਰ ਤੁਸੀਂ ਇੱਕ ਕੱਪ ਚਾਹ ਪਾਣੀ ਦਾ ਪੀ ਕੇ ਜਾਉਗੇ ਤਾਂ ਉਹ ਸਾਰੇ ਮੇਰੇ ਘਰ ਚਾਹ ਪੀਕੇ ਗਏ। ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਦੇ ਵੀ ਚੋਰੀ ਨਹੀਂ ਕੀਤੀ। ਫਿਰ ਸਾਧਾ ਸਿੰਘ ਨੇ ਮਾਸਟਰ ਜੀ ਨੂੰ ਫਤਿਹ ਬੁਲਾਈ ਤੇ ਸਾਰੇ ਬੱਚਿਆਂ ਨੂੰ ਜਿਆਦਾ ਪੜ੍ਹਨ ਦਾ ਕਹਿ ਕੇ ਚਲਾ ਗਿਆ।
ਫਿਰ ਸਾਡੇ ਪੇਪਰ ਜੋ ਕਿ ਅੱਠਵੀਂ ਦੇ ਬੋਰਡ ਦੇ ਹੁੰਦੇ ਸਨ ਸੁ਼ਰੂ ਹੋ ਗਏ ਸੋ ਅਸੀਂ ਪੇਪਰ ਦੇਣ ਸ਼ੇਖੂਪੁਰ ਦੇ ਸਕੂਲ ਜਾਂਦੇ ਸਾਂ। ਜਿਸ ਕਰਕੇ ਸਾਡੇ ਸਕੂਲ ਜਾ ਨਹੀਂ ਸੀ ਹੁੰਦਾ ਪਰ ਮੈਂ  ਹਰ ਸਮੇਂ ਸਾਧਾ ਸਿੰਘ ਨੂੰ ਦੇਖਣ ਲਈ ਇੱਧਰ ੳੁੱਧਰ ਝਾਕਦਾ ਰਹਿੰਦਾ। ਜਦੋਂ ਅਸੀਂ ਅੱਠਵੀਂ ਦੇ ਇਮਤਿਹਾਨ ਪਾਸ ਕਰਕੇ ਦੁਬਾਰਾ ਸਕੂਲ ਗਏ ਤਾਂ ਮੈਂ ਵਿੱਚੋ ਵਿੱਚ ਬੜਾ ਖ਼ੁਸ਼ ਸਾਂ ਕਿੳਂੁਕਿ ਅੱਜ ਸਾਧਾ ਸਿੰਘ ਨੂੰ ਦੇਖਣਾ ਸੀ। ਸਾਧਾ ਸਿੰਘ ਪਹਿਲਾਂ ਦੀ ਤਰਾਂ ਹੀ ਸਕੂਲ ਦੇ ਆਸ ਪਾਸ ਟਹਿਲਦਾ ਰਹਿੰਦਾ। ਜਦੋਂ ਸੌਣ ਦੀਆਂ ਝੜੀਆਂ ਸੁ਼ਰੂ ਹੋ ਰਹੀਆਂ ਸੀ ਤਾਂ ਸਾਧਾ ਸਿੰਘ ਨੇ ਆਏ ਦਿਨ ਕੋਈ ਨਾ ਕੋਈ ਬੂਟਾ ਪਿੱਪਲ ਜਾਂ ਬੋਹੜ ਦਾ ਲੈ ਆਉਣਾ ਤੇ ਜਿਸ ਵਿੱਚੋਂ ਉਸਨੇ ਤਿੰਨ ਚਾਰ ਬੂਟੇ ਸਕੂਲ ਦੀ ਗਰਾਂੳਂੂਡ ਵਿੱਚ ਲਗਵਾ ਦਿੱਤੇ। ਇੱਕ ਬੂਟਾ ਉੱਥੇ ਲਗਵਾਇਆ ਜਿੱਥੋਂ ਸਵਾਰੀਆਂ ਬੱਸੇ ਚੜਦੀਆਂ ਸਨ। ਇੱਕ ਬੂਟਾ ਸੁਸਾਇਟੀ ਦੇ ਡੀਪੂ ਲਾਗੇ ਲਵਾਇਆ। ਉਸਨੇ ਕੁਝ ਬੂਟੇ ਪਿੰਡ ਦੀਆਂ ਹੋਰ ਸਾਂਝੀਆਂ ਥਾਵਾਂ ’ਤੇ ਵੀ ਲਵਾਏ। ਉਹ ਇਹ ਬੂਟੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆੳਂੁਦਾ ਸੀ ਤੇ ਲਵਾਉਣ ਲਈ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਟੋਆ ਪੁਟਵਾ ਲੈਂਦਾ ਸੀ। ਉਸਨੇ ਇਨਾਂ ਬੂਟਿਆਂ ਦੀਆਂ ਜੜਾਂ ਵਿੱਚ ਇੱਟਾਂ ਰੋੜੇ ਵੀ ਚੰਗੀ ਤਰਾਂ ਪਵਾਏ ਸਨ ਉਸ ਅਨੁਸਾਰ ਇੰਝ ਕਰਨ ਨਾਲ ਨੇਰ੍ਹੀ ਆਉਣ ’ਤੇ ਇਹ ਬੂਟੇ ਕਦੇ ਵੀ ਉਖੜਨਗੇ ਨਹੀਂ। ਸਾਧਾ ਸਿੰਘ ਨੇ ਬੂਟਿਆਂ ਨੂੰ ਬੜੀ ਰੀਝ ਨਾਲ ਲਵਾਇਆ ਅਤੇ  ਬਿਨਾਂ ਨਾਗ੍ਹਾ ਪਾਏ ਸਾਰੇ ਬੂਟਿਆਂ ਨੂੰ ਪਾਣੀ ਪਾਉਣਾ ਉਸਦਾ ਨਿੱਤ ਦਾ ਕਰਮ ਸੀ। ਉਹ ਰੋਜ਼ ਹੀ ਇਨਾਂ ਬੂਟਿਆਂ ਨੂੰ ਬੜੇ ਗਹੁ ਨਾਲ ਤੱਕਦਾ ਹੁੰਦਾ ਸੀ ਤੇ ਇੰਝ ਲੱਗਦਾ ਸੀ ਜਿਵੇਂ ਹਰ ਰੋਜ਼ ਇਨਾਂ ਬੂਟਿਆਂ ਨੂੰ ਵਧਦੇ ਫੁੱਲਦੇ ਦੇਖਦਾ ਹੋਵੇ ਕਿ ਕਿਸ ਕਿਸ ਬੂਟੇ ਨੂੰ ਨਵੀਂ ਕਰੂੰਬਲ ਨਿਕਲੀ ਹੈ। ਇੱਕ ਵਾਰ ਜਦੋਂ ਉਹ ਇੱਕ ਬੋਹੜ ਦੇ ਬੂਟੇ ਕੋਲ ਖੜਾ ਸੀ ਤਾਂ ਮੈਂ ਉਸ ਕੋਲ ਜਾ ਕੇ ਖੜਾ ਹੋ ਗਿਆ। ਉਸ ਨੂੰ ਮੂੰਹ ਵਿੱਚ ਕੁਝ ਬੋਲਦੇ ਸੁਣਿਆ ਪਰ ਮੈਨੂੰ ਸਮਝ ਕੁਝ ਨਾ ਲੱਗੀ। ਫਿਰ ਉਸਨੇ ਮੈਨੂੰ ਕਿਹਾ ਅੱਜ ਪੜ੍ਹਨ ਦਾ ਇਰਾਦਾ ਨੀ ਤਾਂ ਮੈਂ ਕਿਹਾ ਕਿ ਬਾਬਾ ਜੀ ਸਾਡੇ ਅੱਜ ਦੋ ਪੀਰੀਅਡ ਵਿਹਲੇ ਹਨ ਤਾਂ ਉਸ ਨੇ ਮੈਨੂੰ ਕਿਹਾ ਚੱਲ ਅੱਜ ਆਪਾਂ ਸਾਰੇ ਬੂਟਿਆਂ ਨੂੰ ਪਾਣੀ ਪਾੳਂੁਦੇ ਆਂ ਤਾਂ ਮੈਂ ਭੱਜ ਕੇ ਬਾਲਟੀ ਲੈਣ ਚਲਾ ਗਿਆ ਜੋ ਉਸ ਨੇ ਸਕੂਲ ਦੀ ਕੰਟੀਨ ’ਤੇ ਰੱਖੀ ਹੁੰਦੀ ਸੀ। ਫਿਰ ਮੈਂ ਨਲਕਾ ਗੇੜ੍ਹਨ ਲੱਗ ਪਿਆ ਸਾਂ ਤੇ ਉਹ ਬਾਲਟੀ ਨਾਲ ਪਾਣੀ ਪਾੳਂੁਦਾ ਰਿਹਾ। ਪਾਣੀ ਪਾਉਣ ਤੋਂ ਬਾਅਦ ਉਹਨੇ ਮੈਨੂੰ ਆਪਣੇ ਗਲ ਨਾਲ ਘੁੱਟ ਕੇ ਲਾਇਆ ਤੇ ਉਸਦਾ ਦਿਲ ਭਾਰਾ ਜਿਹਾ ਹੋ ਗਿਆ ਤੇ ਕਹਿਣ ਲੱਗਾ ਪੁੱਤ ਇਹ ਬੂਟੇ ਮੇਰੇ ਧੀ ਪੁੱਤ ਹਨ, ਮੈਂ ਆਪਣੇ ਜਿਊਂਦੇ ਜੀਅ ਇਨਾਂ ਨੂੰ ਵੱਡੇ ਹੋਏ ਦੇਖਣਾ ਚਾਹੁੰਦਾ ਹਾਂ। ਫਿਰ ਉਸਨੇ ਮੈਨੂੰ ਕੰਟੀਨ ਤੋਂ ਬ੍ਰੈਡ ਅਤੇ ਇੱਕ ਚਾਹ ਦਾ ਕੱਪ ਲੈ ਕੇ ਦਿੱਤਾ। ਦਸਵੀਂ ਦਾ ਇਮਤਿਹਾਨ ਦੇਣ ਤੱਕ ਮੈਂ ਸਾਧਾ ਸਿੰਘ ਨੂੰ ਉਹਨਾਂ ਬੂਟਿਆਂ ਦੇ ਆਲੇ ਦੁਆਲੇ ਘੁੰਮਦੇ ਦੇਖਦਾ ਰਹਿੰਦਾ ਸਾਂ। ਫਿਰ ਮੈਂ ਸ਼ਹਿਰ ਪੜ੍ਹਨ ਜਾ ਲੱਗਾ ਅਤੇ ਮੇਰਾ ਸਕੂਲ ਜਾਣ ਆਉਣ ਬਿੱਲਕੁਲ ਬੰਦ ਹੋ ਗਿਆ ਪਰ ਕਦੇ ਕਦੇ ਲੰਘਦੇ ਵੜ੍ਹਦੇ ਮੈਂ ਸਾਧਾ ਸਿੰਘ ਨੂੰ ਮਿਲਦਾ ਤਾਂ ਉਸ ਵਿੱਚੋਂ ਮੈਨੂੰ ਪਹਿਲਾਂ ਵਰਗੀ ਖੁਸ਼ਬੋ ਹੀ ਆਉਂਦੀ ਪਰ ਹੁਣ ਸਾਧਾ ਸਿੰਘ ਪਹਿਲਾਂ ਵਾਂਗ ਚੁਸਤ ਫੁਰਤ ਨਹੀਂ ਸੀ। ਨਿਗ੍ਹਾ ਵੀ ਕਾਫੀ ਕਮਜੋ਼ਰ ਹੋ ਗਈ ਸੀ ਅਤੇ ਥੋੜਾ ਸਰੀਰ ਵੀ ਬੁਢਾਪੇ ਦਾ ਭੰਨਿਆ ਨਜ਼ਰ ਆੳਂੁਦਾ ਸੀ ਪਰ ਸਾਧਾ ਸਿੰਘ ਕਿਸੇ ਨਾ ਕਿਸੇ ਬੂਟੇ ਦੇ ਆਸ ਪਾਸ ਘੁੰਮਦਾ ਜ਼ਰੂਰ ਰਹਿੰਦਾ ਸੀ। ਬਾਅਦ ਵਿੱਚ ਮੈਂ ਜਦੋਂ ਬਾਹਰ ਆ ਗਿਆ ਸਾਂ ਤਾਂ ਸਾਧਾ ਸਿੰਘ ਬਾਰੇ ਸੋਚਦਾ ਜਰੂਰ ਸਾਂ ਕਿ ਉਸਦੇ ਲਾਏ ਬੂਟੇ ਕਿੱਡੇ ਕਿੱਡੇ ਹੋਏ ਹੋਣਗੇ। ਦਿਲ ਵਿੱਚ ਕਈ ਵਾਰ ਬੜੇ ਖਿਆਲ ਆਉਣੇ ਕਿ ਸਾਧਾ ਸਿੰਘ ਦੇ ਲਾਏ ਬੂਟੇ ਕਿਸੇ ਨੇ ਵੱਢ ਤਾਂ ਨਹੀਂ ਦਿੱਤੇ ਹੋਣਗੇ ਕਿੳਂੁਕਿ ਅੱਜ ਪੰਜਾਬ ਵਿੱਚ ਰੁੱਖਾਂ ਤੇ ਧੀਆਂ ਦਾ ਖਾਤਮਾ ਬੜੇ ਜੋਰ ਤੇ ਦਿਲ ਨਾਲ ਕੀਤਾ ਜਾ ਰਿਹਾ ਹੈ। ਜਦੋਂ ਪਹਿਲੀ ਵਾਰ ਇੰਡੀਆ ਗਿਆ ਤਾਂ ਸਕੂਲ ਵੀ ਗਿਆ ਸਾਂ, ਸਕੂਲ ਵੜਦੇ ਸਮੇਂ ਹੀ ਮੈਂ ਗੇਟ ’ਤੇ ਰੁਕ ਗਿਆ ਕਿੳਂੁਕਿ ਮੇਰੀ ਨਜ਼ਰ ਸਕੂਲ ਦੀ ਗਰਾਊਂਡ ਵਿੱਚ ਲੱਗੇ ਉਨਾਂ ਬੂਟਿਆਂ ’ਤੇ ਜਾ ਪਈ ਜੋ ਹੁਣ ਦਰਖ਼ਤ ਬਣ ਚੁੱਕੇ ਸਨ। ਸਾਧਾ ਸਿੰਘ ਦੇ ਲਾਏ ਰੁੱਖਾਂ ਨੂੰ ਦੇਖ ਕੇ ਮੇਰੇ ਦਿਲ ਨੂੰ ਬੜਾ ਸਕੂਨ ਮਿਲਿਆ ਕਿ ਰੱਬ ਦਾ ਅਤੇ ਪਿੰਡ ਵਾਸੀਆਂ ਦਾ ਮੈਂ ਦਿਲ ਦੇ ਵਿੱਚੇ ਵਿੱਚੇ ਸੁ਼ਕਰੀਆ ਅਦਾ ਕੀਤਾ ਪਰ ਕਿਤੇ ਵੀ ਸਾਧਾ ਸਿੰਘ ਨਜ਼ਰੀਂ ਨਾ ਪਿਆ। ਮੈਂ ਖੜੋ ਕੇ ਸੋਚਣ ਲੱਗ ਪਿਆ ਤਾਂ ਇੱਕ ਮੇਰਾ ਪੁਰਾਣਾ ਜਮਾਤੀ ਮੈਨੂੰ ਦੇਖ ਕੇ ਰੁਕ ਗਿਆ। ਹਾਲ ਚਾਲ ਪੁੱਛਣ ਤੋਂ ਬਾਅਦ ਮੈਂ ਉਸ ਨੂੰ ਸਾਧਾ ਸਿੰਘ ਬਾਰੇ ਪੁਛਿਆ ਤਾਂ ਉਸ ਨੇ ਦੱਸਿਆ ਕਿ ਸਾਧਾ ਸਿੰਘ ਇੱਕ ਦਿਨ ਔਹ ਖੂੰਜੇ ਵਾਲੇ ਬੋਹੜ ਨੂੰ ਪਾਣੀ ਪਾ ਰਿਹਾ ਸੀ ਤਾਂ ਡਿੱਗ ਪਿਆ, ਡਿੱਗਦੇ ਸਾਰ ਉਸਦੀ ਜਾਨ ਨਿੱਕਲ ਗਈ ਸੀ। ਮੈਂ ਸੁਣ ਕੇ ਇੱਕਦਮ ਸੁੰਨ ਜਿਹਾ ਹੋ ਗਿਆ। ਉਸਨੇ ਮੈਨੂੰ ਸਾਸਰੀ ਕਾਲ ਬੁਲਾਈ ਤੇ ਚਲਾ ਗਿਆ। ਮੈਂ ਸਕੂਲ ਵੜਨ ਦੀ ਬਜਾਏ ਉਸ ਬੋਹੜ ਦੇ ਦਰਖ਼ਤ ਕੋਲ ਚਲਾ ਗਿਆ। ਮੈਨੂੰ ਇੰਝ ਮਹਿਸੂਸ ਹੋਇਆ ਕਿ ਬੋਹੜ ਦੇ ਇਸ ਦਰਖ਼ਤ ਤੋਂ ਕੋਈ ਮੈਨੂੰ ਕੁਝ ਕਹਿ ਰਿਹਾ ਹੈ। ਮੈਂ ਹੋਰ ਲਾਗੇ ਚਲਾ ਗਿਆ ਤੇ ਉਸ ਦਰਖ਼ਤ ਨੂੰ ਪਲੋਸਣ ਲੱਗ ਪਿਆ। ਮੈਨੂੰ ਇੰਝ ਲੱਗਾ ਜਿਵੇਂ ਸਾਧਾ ਸਿੰਘ ਕਹਿ ਰਿਹਾ ਹੋਵੇ ਕਿ ਇਹ ਦਰਖ਼ਤ ਮੇਰੇ ਧੀ ਪੁੱਤ ਹਨ ਤੇ ਮੇਰੇ ਮਰਨ ਬਾਅਦ ਮੇਰੀ ਕੁਲ ਦੀ ਨਿਸ਼ਾਨੀ ਹਨ। ਜਿਨਾਂ ਦੀ ਛਾਂਵੇਂ ਸਾਰੀ ਦੁਨੀਆਂ ਦੇ ਬੱਚੇ ਬੈਠਿਆ ਕਰਨਗੇ। ਮੈਂ ਵੀ ਆਪਣੇ ਆਪ ਨੂੰ ਸਾਧਾ ਸਿੰਘ ਦੇ ਇੱਕ ਦਿਲ ਦੇ ਟੁਕੜੇ ਦੀ ਛਾਂਵੇਂ ਖੜੋ ਕੇ ਇੰਝ ਮਹਿਸੂਸ ਕਰ ਰਿਹਾ ਸਾਂ ਜਿਵੇਂ ਮੈਂ ਬੋਹੜ ਦੀ ਛਾਂਵੇਂ ਨਹੀਂ ਸਗੋਂ ਸਾਧਾ ਸਿੰਘ “ਬਾਬਾ ਬੋਹੜ” ਦੀ ਛਾਂਵੇਂ ਖੜੋਤਾ ਹੋਵਾਂ। ਜਿਸ ਵਿੱਚ ਕਈ ਪੀੜ੍ਹੀਆਂ ਸਮਾਈਆਂ ਹੁੰਦੀਆਂ ਹਨ।

ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ” (ਇਟਲੀ)