ਇਮੀਗ੍ਰਾਂਟ, ਇਟਾਲੀਅਨ ਕਾਨੂੰਨ ਦੇ ਜਾਣਕਾਰ : ਇਕ ਖੋਜ

42% ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਬਾਰੇ ਕਾਨੂੰਨ ਦੇ ਜਾਣਕਾਰ ਹਨ

italyਰੋਮ, (ਵਰਿੰਦਰ ਕੌਰ ਧਾਲੀਵਾਲ) – ਹਾਲ ਹੀ ਵਿਚ ਕੀਤੀ ਗਈ ਇਕ ਖੋਜ ਦੌਰਾਨ ਇਹ ਖੁਲਾਸਾ ਹੋਇਆ ਕਿ ਇਟਲੀ ਵਿਚ ਰਹਿਣ ਵਾਲੇ ਅੱਧ ਤੋਂ ਥੋੜੇ ਜਿਆਦਾ ਕਾਨੂੰਨੀ ਅਤੇ ਗੈਰਕਾਨੂੰਨੀ ਪ੍ਰਵਾਸੀ ਨਾਗਰਿਕ ਆਮ ਇਟਾਲੀਅਨ ਕਾਨੂੰਨ ਦੇ ਜਾਣਕਾਰ ਹਨ ਅਤੇ ਇਸ ਨੂੰ ਸਮਝਦੇ ਹਨ। ੲਹ ਖੋਜ ਪ੍ਰੋਮੋਤੋਰੀ ਦੇਲਾ ਲੀਬੇਰਤਾ ਵੱਲੋਂ ਕੀਤੀ ਗਈ, ਜੋ ਕਿ ਪੀ ਡੀ ਐਲ ਪਾਰਟੀ ਦਾ ਹਿੱਸਾ ਹੈ। ਖੋਜ ਉਪਰੰਤ ਜਾਰੀ ਕੀਤੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਕਿ 62% ਪ੍ਰਵਾਸੀ ਪਰਿਵਾਰ ਨੂੰ ਇਕੱਠਾ ਕਰਨ ਸਬੰਧੀ ਕਾਨੂੰਨ ਬਾਰੇ ਸਮਝ ਰੱਖਦੇ ਹਨ, 42% ਇਟਲੀਅਨ ਨਾਗਰਿਕਤਾ ਪ੍ਰਾਪਤ ਕਰਨ ਬਾਰੇ ਕਾਨੂੰਨ ਦੇ ਜਾਣਕਾਰ ਹਨ ਅਤੇ 41% ਪ੍ਰਵਾਸੀ ਇਟਾਲੀਅਨ ਕਾਨੂੰਨ ਦੀ ਸਰਾਹਨਾ ਕਰਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਪ੍ਰਵਾਸੀ ਇਟਾਲੀਅਨ ਭਾਸ਼ਾ ਅਤੇ ਸੱਭਿਅਤਾ ਦਾ ਘੱਟ ਜਾਂ ਨਾਮਾਤਰ ਗਿਆਨ ਰੱਖਦੇ ਹਨ। ਸਿਰਫ 10% ਪ੍ਰਵਾਸੀਆਂ ਨੇ ਸਵੀਕਾਰ ਕੀਤਾ ਕਿ ਉਹ ਚੰਗੀ ਇਟਾਲੀਅਨ ਭਾਸ਼ਾ ਦਾ ਗਿਆਨ ਰੱਖਦੇ ਹਨ ਅਤੇ 54% ਮੰਨਦੇ ਹਨ ਕਿ ਉਨ੍ਹਾਂ ਨੂੰ ਗੁਜਾਰੇ ਲਾਇਕ ਭਾਸ਼ਾ ਦੀ ਸਮਝ ਹੈ। ਸਿਰਫ 6% ਪ੍ਰਵਾਸੀ  ਇਟਾਲੀਅਨ ਸੱਭਿਅਤਾ ਦੀ ਸਮਝ ਰੱਖਦੇ ਹਨ ਅਤੇ 40% ਨੂੰ ਗੁਜਾਰੇ ਲਾਇਕ ਸਮਝ ਹੈ। ਪਿਛਲੇ ਕਈ ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਤਕਰੀਬਨ 48% ਪ੍ਰਵਾਸੀ ਇਟਾਲੀਅਨ ਸਮਾਜ ਵਿਚ ਰਚ ਮਿੱਚ ਚੁੱਕੇ ਹਨ। ਕਈ ਸਾਲਾਂ ਤੋਂ ਇਟਲੀ ਵਿਚ ਰਹਿ ਰਹੇ 75% ਪ੍ਰਵਾਸੀ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਹਨ। ਜਿਨ੍ਹਾਂ ਵਿਚੋਂ 51% ਵੋਟ ਦਾ ਅਧਿਕਾਰ ਰਾਖਵਾਂ ਕਰਨਾ ਚਾਹੁੰਦੇ ਹਨ। ਖੋਜ ਅਨੁਸਾਰ 57% ਪ੍ਰਵਾਸੀਆਂ ਦੀ ਇਟਾਲੀਅਨ ਨਾਗਰਿਕਾਂ ਨਾਲ ਚੰਗੀ ਸਾਂਝ ਹੈ। 47% ਪ੍ਰਵਾਸੀਆਂ ਨੇ ਕਬੂਲ ਕੀਤਾ ਕਿ, ਉਨ੍ਹਾਂ ਦੀ ਇਟਾਲੀਅਨ ਨਾਗਰਿਕਾਂ ਨਾਲ ਸਾਂਝ ਕੰਮ ਤੋਂ ਇਲਾਵਾ ਸਮਾਜਿਕ ਤੌਰ ’ਤੇ ਵੀ ਬਣੀ ਹੋਈ ਹੈ। ਖੋਜ ਤੋਂ ਪ੍ਰਾਪਤ ਹੋਏ ਹੈਰਾਨੀਜਨਕ ਅੰਕੜਿਆਂ ਦੇ ਅਧਾਰ ’ਤੇ 57% ਅਧਿਕਾਰੀਆਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਨੂੰ ਇਟਾਲੀਅਨ ਨਾਗਰਿਕਤਾ ਪ੍ਰਦਾਨ ਕਰਵਾਉਣ ਤੋਂ ਪਹਿਲਾਂ ਭਾਸ਼ਾ ਦਾ ਗਿਆਨ, ਇਤਿਹਾਸ, ਸੱਭਿਆਚਾਰ, ਸੰਸਕ੍ਰਿਤੀ ਅਤੇ ਇਟਾਲੀਅਨ ਸੰਵਿਧਾਨ ਸਬੰਧੀ ਜਾਣਕਾਰੀ ਅਤੇ ਕੋਰਸ ਪਾਸ ਕਰਨਾ ਲਾਜ਼ਮੀ ਕਰਨਾ ਚਾਹੀਦਾ ਹੈ। ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਾਗਰਿਕਤਾ ਲਈ ਤੈਅ ਕੀਤੀ ਸਮਾਂ ਸੀਮਾ 10 ਸਾਲ ਤੋਂ ਘਟਾ ਕੇ 5 ਸਾਲ ਨਹੀਂ ਕਰਨੀ ਚਾਹੀਦੀ।