ਔਰਤਾਂ ਤੇ ਬੱਚਿਆਂ ਦੀ ਮਦਦ ਨਾਲ ਨਿਪਾਲ ਦੇ ਰਸਤੇ ਆਈ ਸੀ ਆਰ.ਡੀ.ਐਕਸ.

ਪੁਲਵਾਮਾ ਹਮਲਾ

blastimg• ਮਸੂਦ ਅਜ਼ਹਰ ਦੇ ਭਰਾ ਨੇ ਦਿੱਤੀ ਸੀ ਫ਼ਿਦਾਈਨ ਨੂੰ ਸਿਖਲਾਈ • ਬਿਹਾਰ ‘ਚ ਸਰਗਰਮ ਹਨ ਆਈ.ਐਸ.ਆਈ. ਏਜੰਟ 
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਇਸਤੇਮਾਲ ਕੀਤੇ ਗਏ ਆਰ.ਡੀ.ਐਕਸ. ਨੂੰ ਔਰਤਾਂ ਅਤੇ ਬੱਚਿਆਂ ਦੀ ਮਦਦ ਨਾਲ ਨਿਪਾਲ ਦੇ ਰਸਤੇ ਭਾਰਤ ਲਿਆਂਦਾ ਗਿਆ ਸੀ | ਖ਼ੁਫ਼ੀਆ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਇਹ ਵਿਸਫੋਟਕ ਸਮੱਗਰੀ ਕੁਝ ਮਹੀਨਿਆਂ ਵਿਚ ਭਾਰਤ ਲਿਆਂਦੀ ਗਈ ਸੀ ਅਤੇ ਇਸ ਨੂੰ ਸਥਾਨਕ ਪੱਧਰ ‘ਤੇ ਧਮਾਕੇ ਲਈ ਤਿਆਰ ਕੀਤਾ ਗਿਆ ਸੀ | ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਸਫੋਟਕ ਸਮੱਗਰੀ ਨੂੰ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਬੰਬ ਦੇ ਰੂਪ ‘ਚ ਤਿਆਰ ਕੀਤਾ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿਚ ਵਰਤੀ ਗਈ ਆਰ.ਡੀ.ਐਕਸ. ਏ-5 ਗਰੇਡ ਕੈਟਾਗਰੀ ਦੀ ਸੀ ਅਤੇ ਉਸ ਨੂੰ ਥੋੜ੍ਹੇ-ਥੋੜ੍ਹੇ ਹਿੱਸਿਆਂ ਵਿਚ ਭਾਰਤ ਲਿਆਂਦਾ ਗਿਆ ਸੀ | ਇਸ ਵਿਸ਼ੇਸ਼ ਕੰਮ ਲਈ ਔਰਤਾਂ ਅਤੇ ਬੱਚਿਆਂ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਪੁਲਵਾਮਾ ਹਮਲੇ ਲਈ ਇੱਕਠਾ ਕੀਤਾ ਗਿਆ ਸੀ |
ਇਬਰਾਹਿਮ ਅਜ਼ਹਰ ਨੇ ਦਿੱਤੀ ਸੀ ਫ਼ਿਦਾਈਨ ਨੂੰ ਸਿਖਲਾਈ
ਦੱਸਿਆ ਜਾ ਰਿਹਾ ਹੈ ਕਿ ਪੁਲਵਾਮਾ ਹਮਲੇ ਵਿਚ ਲਗਪਗ 300 ਕਿਲੋ ਆਰ.ਡੀ.ਐਕਸ. ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਤਿੰਨ ਡਰੰਮਾਂ ਵਿਚ ਲਿਆ ਕੇ ਬੇਹੱਦ ਜਾਨਲੇਵਾ ਬਣਾਉਣ ਲਈ ਮੇਖਾਂ ਅਤੇ ਲੋਹੇ ਦੇ ਟੁਕੜਿਆਂ ਸਮੇਤ ਅਮੋਨੀਅਮ ਨਾਈਟਰੇਟ ਨਾਲ ਮਿਲਾਇਆ ਗਿਆ ਸੀ | ਇਸ ਤੋਂ ਬਾਅਦ ਇਨ੍ਹਾਂ ਡਰੰਮਾਂ ਨੂੰ ਇਕ ਵਾਹਨ ਵਿਚ ਫਿਟ ਕਰ ਦਿੱਤਾ ਗਿਆ, ਜਿਸ ਨੂੰ ਇਕ ਫਿਦਾਈਨ ਵਲੋਂ ਚਲਾਕੀ ਨਾਲ ਜੰਮੂ-ਕਸ਼ਮੀਰ ਹਾਈਵੇਅ ‘ਤੇ ਲਿਆਂਦਾ ਗਿਆ | ਇਸ ਹਮਲੇ ਨੂੰ ਅੰਜ਼ਾਮ ਦੇ ਵਾਲੇ ਫਿਦਾਈਨ ਨੂੰ ਵਿਸ਼ੇਸ਼ ਤੌਰ ‘ਤੇ ਸਿਖਲਾਈ ਦਿੱਤੀ ਗਈ ਅਤੇ ਇਸ ਚੋਣ ਹਮਲੇ ਦੇ ਮੁੱਖ ਸਾਜਿਸ਼ਕਾਰਾਂ ਕਾਮਰਾਨ ਅਤੇ ਅਬਦੁੱਲ ਰਾਸ਼ੀਦ ਵਲੋਂ ਕੀਤੀ ਗਈ ਸੀ | ਕਾਮਰਾਨ ਨੂੰ 18 ਫਰਵਰੀ ਨੂੰ ਭਾਰਤੀ ਜਵਾਨਾਂ ਨੇ ਮਾਰ ਮੁਕਾਇਆ ਸੀ | ਫਿਦਾਈਨ ਨੂੰ ਸਿਖਲਾਈ ਅਤੇ ਇਸ ਸਾਰੇ ਕੰਮ ਦੀ ਨਿਗਰਾਨੀ ਇਬਰਾਹਿਮ ਅਜ਼ਹਰ ਵਲੋਂ ਕੀਤੀ ਗਈ ਸੀ, ਜੋ ਮਸੂਦ ਅਜ਼ਹਰ ਦਾ ਭਰਾ ਅਤੇ ਪਿਛਲੇ ਸਾਲ 30 ਅਕਤੂਬਰ ਨੂੰ ਮਾਰੇ ਗਏ ਅੱਤਵਾਦੀ ਮੁਹੰਮਦ ਉਸਮਾਨ ਦਾ ਪਿਤਾ ਹੈ | ਇਬਰਾਹਿਮ ਅਜ਼ਹਰ ਉਹੀ ਵਿਅਕਤੀ ਹੈ ਜਿਸ ਨੇ 1999 ਵਿਚ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਇੰਡੀਅਨ ਏਅਰਲਾਈਨਜ਼ ਫਲਾਈਟ 814 ਨੂੰ ਹਾਈਜੈਕ ਕੀਤਾ ਸੀ, ਜਿਸ ਵਿਚ 176 ਯਾਤਰੀਆਂ ਤੋਂ ਇਲਾਵਾ 15 ਸਟਾਫ਼ ਮੈਂਬਰ ਵੀ ਮਜੂਦ ਸਨ ਅਤੇ ਇਸ ਬਦਲੇ ਆਪਣੇ ਭਰਾ ਮਸੂਦ ਅਜ਼ਹਰ ਨੂੰ ਭਾਰਤ ਕੋਲੋਂ ਰਿਹਾਅ ਕਰਵਾ ਲਿਆ ਸੀ |
ਭਾਰਤੀ ਖੁਫ਼ੀਆ ਏਜੰਸੀ ਅਨੁਸਾਰ ਇਸ ਆਰ.ਡੀ.ਐਕਸ. ਨੂੰ ਪਾਕਿ ਫ਼ੌਜ ਵਲੋਂ ਰਾਵਲਪਿੰਡੀ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੰੂ ਸੌਾਪਿਆ ਗਿਆ ਸੀ | ਜਾਂਚ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਦੀ ਮਦਦ ਨਾਲ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੂੰ ਭਾਰਤ ਵਿਚ ਦਾਖ਼ਲ ਕਰਵਾਇਆ ਸੀ | ਦੱਸਿਆ ਜਾ ਰਿਹਾ ਹੈ ਕਿ ਨਿਪਾਲ ਦੇ ਰਸਤੇ ਮਾਰੂ ਹਥਿਆਰ ਅਤੇ ਆਰ.ਡੀ.ਐਕਸ. ਵਰਗੀ ਧਮਾਕਾਖੇਜ਼ ਸਮੱਗਰੀ ਦੀ ਵੱਡੀ ਖੇਪ ਭਾਰਤ ਲਿਆਂਦੀ ਗਈ ਸੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ-ਨਿਪਾਲ ਨਾਲ ਲਗਦੇ ਉੱਤਰ ਪ੍ਰਦੇਸ਼, ਬਿਹਾਰ ਵਿਚ ਆਈ.ਐਸ.ਆਈ. ਦੇ ਏਜੰਟਾਂ ਦੀ ਸਰਗਰਮੀ ਹਾਲ ਹੀ ਦੇ ਦਿਨਾਂ ਵਿਚ ਵਧੀ ਹੈ, ਜਿਸ ਦੀ ਮਦਦ ਨਾਲ ਧਮਾਕਾਖੇਜ਼ ਸਮੱਗਰੀ ਸੜਕ ਦੇ ਜ਼ਰੀਏ ਗੁਪਤ ਤਰੀਕੇ ਨਾਲ ਜੰਮੂ-ਕਸ਼ਮੀਰ ਤੱਕ ਲਿਆਉਣ ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨ ਸਫ਼ਲ ਹੋ ਰਹੇ ਹਨ |
ਕੀ ਹੈ ਆਰ.ਡੀ.ਐਕਸ.
ਆਰ.ਡੀ.ਐਕਸ. ਸਫੇਦ ਰੰਗ ਦੀ ਲੂਣ ਦੀ ਤਰ੍ਹਾਂ ਇਕ ਬੇਹੱਦ ਅਸਥਾਈ ਮਿਸ਼ਰਨ ਹੁੰਦਾ ਹੈ ਅਤੇ ਆਸਾਨੀ ਨਾਲ ਲਿਜਾਣ ਲਈ ਅਕਸਰ ਮੋਮ ਅਤੇ ਸਾਬਣ ਵਿਚ ਮਿਲਾ ਕੇ ਲਿਜਾਇਆ ਜਾਂਦਾ ਹੈ | ਫ਼ੌਜ ਦੇ ਸੂਤਰਾਂ ਅਨੁਸਾਰ ਗ੍ਰੇਡ 5 ਆਰ.ਡੀ.ਐਕਸ. 98.5 ਤੋਂ ਲੈ ਕੇ 99.5 ਫ਼ੀਸਦੀ ਤੱਕ ਸ਼ੁੱਧ ਹੁੰਦੀ ਹੈ ਅਤੇ ਬੇਹੱਦ ਕੀਮਤੀ ਹੁੰਦੀ ਹੈ | ਇਸ ਦਾ ਇਸਤੇਮਾਲ ਕੇਵਲ ਫ਼ੌਜ ਵਲੋਂ ਹੀ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿਸਤਾਨ ਫ਼ੌਜ ਵਲੋਂ ਅੱਤਵਾਦੀਆਂ ਦੀ ਮਦਦ ਕੀਤੀ ਗਈ ਸੀ |