ਅੰਕ ਅਧਾਰਿਤ ਨੀਤੀ ਹੋਵੇਗੀ ਲਾਗੂ ਜਲਦ

altਰੋਮ (ਇਟਲੀ) 6 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇੰਟੀਗ੍ਰੇਸ਼ਨ ਐਗਰੀਮੈਂਟ ਮਤਲਬ ਕਿ ਸਦਭਾਵਨਾ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਰਕਾਰ ਹਰ ਵਿਦੇਸ਼ੀ ਤੋਂ ਲਿਖਤੀ ਰੂਪ ਵਿਚ ਲਵੇਗੀ ਅਤੇ ਇਹ ਨੀਤੀ 10 ਮਾਰਚ 2012 ਤੋਂ ਕਾਨੂੰਨੀ ਰੂਪ ਧਾਰਨ ਕਰ ਲਵੇਗੀ। ਜਿਸ ਉਪਰੰਤ ਜਾਰੀ ਹੋਣ ਵਾਲੀ ਨਿਵਾਸ ਆਗਿਆ ਅੰਕ ਅਧਾਰਿਤ ਨੀਤੀ ਤਹਿਤ ਹੀ ਪ੍ਰਾਪਤ ਹੋ ਸਕੇਗੀ। 10 ਮਾਰਚ 2012 ਤੋਂ 16 – 65 ਸਾਲ ਦੀ ਉਮਰ ਦੇ ਵਿਦੇਸ਼ੀਆਂ ‘ਤੇ ਇਹ ਨੀਤੀ ਲਾਗੂ ਹੋਵੇਗੀ, ਇਨ੍ਹਾਂ ਨੂੰ ਪ੍ਰੈਫੇਤੂਰਾ ਦੇ ਸਪੋਰਤੇਲੋ ਇੰਮੀਗ੍ਰਾਸੀਓਨੇ ਜਾਂ ਜਿਲ੍ਹੇ ਦੇ ਮੁੱਖ ਪੁਲਿਸ ਵਿਭਾਗ ਵਿਚ ਸਦਭਾਵਨਾ ਐਗਰੀਮੈਂਟ ‘ਤੇ ਦਸਤਖ਼ਤ ਕਰਨੇ ਪੈਣਗੇ। ਇਸ ‘ਤੇ ਦਸਤਖ਼ਤ ਕਰਨ ਉਪਰੰਤ ਵਿਦੇਸ਼ੀ ਨਿਸ਼ਚਤ ਕਰਨਗੇ ਕਿ ਉਹ 2 ਸਾਲਾਂ ਦੌਰਾਨ ਇਟਾਲੀਅਨ ਭਾਸ਼ਾ ਦਾ ਏ-2 ਸਰਟੀਫਿਕੇਟ ਅਤੇ ਇਟਾਲੀਅਨ ਕਾਨੂੰਨ, ਜਨਤਕ ਪ੍ਰਬੰਧਕੀ ਢਾਂਚਾ ਅਤੇ ਕਾਰਗੁਜਾਰੀ ਦਾ ਮੁਢਲਾ ਗਿਆਨ ਪ੍ਰਾਪਤ ਕਰਨਗੇ। ਵਿਦੇਸ਼ੀਆਂ ਨੂੰ ਸਮਾਜਿਕ, ਸਿਹਤ ਸੇਵਾ ਦੇ ਕਾਰਜਾਂ ਵਿਚ ਸਹਾਈਕ ਹੋਣਾ ਪਵੇਗਾ। ਇਸ ਤੋਂ ਇਲਾਵਾ ਟੈਕਸ ਭਰਨਾ ਅਤੇ ਕੰਮਕਾਜ ਕਰਦੇ ਰਹਿਣਾ ਪਵੇਗਾ। ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤਾ ਸਦਭਾਵਨਾ ਇਕਰਾਰਨਾਮਾ ਨਾਗਰਿਕਤਾ ਲੈਣ ਵੇਲੇ ਵੀ ਵਿਚਾਰਿਆ ਜਾਵੇਗਾ ਅਤੇ ਨਾਗਰਿਕਤਾ ਸ਼ਰਤਾਂ ਦਾ ਹਿੱਸਾ ਬਣੇਗਾ। ਇਕਰਾਰਨਾਮੇ ‘ਤੇ ਦਸਤਖ਼ਤ ਕਰਨ ਉਪਰੰਤ ਵਿਦੇਸ਼ੀ ਨੂੰ ਨਾਗਰਿਕ ਸ਼ਾਸਤਰ ਦੀ ਸਿੱਖਿਆ (5 ਤੋਂ 10 ਘੰਟੇ) ਪ੍ਰਾਪਤ ਕਰਨੀ ਪਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਇੰਗਲਿਸ਼, ਫਰੈਂਚ, ਸਪੈਨਿਸ਼, ਅਰਬੀ, ਚਾਈਨਿਜ਼, ਅਲਬਾਨੀਅਨ, ਰਸ਼ੀਅਨ ਅਤੇ ਫਿਲੀਪਾਈਨ ਭਾਸ਼ਾ ਸਿੱਖਿਆ ਵਿਚ ਹਿੱਸਾ ਲੈ ਸਕਦੇ ਹਨ। ਕੋਰਸ ਕਰਨ ਦੇ ਦੌਰਾਨ ਵਿਦੇਸ਼ੀ ਨਾਗਰਿਕ ਸਦਭਾਵਨਾ ਨੂੰ ਕਾਇਮ ਕਰਨ ਲਈ ਮੁਫ਼ਤ ਇਟਾਲੀਅਨ ਭਾਸ਼ਾ ਕਰਵਾਉਣ ਵਿਚ ਸਹਾਇਤਾ ਪ੍ਰਦਾਨ ਕਰਵਾ ਸਕਦੇ ਹਨ। ਵਿਦੇਸ਼ੀਆਂ ਦਾ ਸਦਭਾਵਨਾ ਨੀਤੀ ਲਈ ਸੰਜੀਦਾ ਹੋਣਾ ਅੰਕ ਅਧਾਰਿਤ ਨੀਤੀ ਨਾਲ ਘੋਖਿਆ ਜਾਵੇਗਾ। ਇਕਰਾਰਨਾਮੇ ‘ਤੇ ਦਸਤਖ਼ਤ ਕਰਨ ਮੌਕੇ ਹਰ ਵਿਦੇਸ਼ੀ ਨੂੰ 16 ਅੰਕ ਦਿੱਤੇ ਜਾਣਗੇ। ਬਾਕੀ ਦੇ ਅੰਕ ਇਟਾਲੀਅਨ ਭਾਸ਼ਾ ਦਾ ਗਿਆਨ, ਕੀਤੇ ਜਾਣ ਵਾਲੇ ਕੋਰਸ, ਪ੍ਰਾਪਤ ਕੀਤੀ ਸਿੱਖਿਆ, ਸਮਾਜਿਕ ਅਤੇ ਸਿਹਤ ਸੇਵਾਵਾਂ ਵਿਚ ਸ਼ਮੂਲੀਅਤ, ਨਿੱਜੀ ਡਾਕਟਰ ਦੀ ਚੋਣ, ਘਰ ਦਾ ਕੰਟਰੈਕਟ, ਸਮਾਜ ਸੇਵੀ ਸੰਸਥਾਵਾਂ ਵਿਚ ਸ਼ਮੂਲੀਅਤ, ਵਪਾਰ ਆਦਿ ਦੇ ਅਧਾਰ ‘ਤੇ ਪ੍ਰਾਪਤ ਕੀਤੇ ਜਾ ਸਕਣਗੇ। ਵਿਦੇਸ਼ੀਆਂ ਦੇ ਅੰਕ ਕਈ ਕਾਰਨਾਂ ਕਰ ਕੇ ਘਟ ਸਕਦੇ ਹਨ, ਜਿਵੇਂ ਕਿ ਅਪਰਾਧਿਕ ਗਤੀਵਿਧੀਆਂ, ਸਮਾਜਿਕ ਸੁਰੱਖਿਆ ਲਈ ਖਤਰਾ, ਪ੍ਰਸ਼ਾਸਨ ਅਤੇ ਟੈਕਸ ਨਾਲ ਸਬੰਧਿਤ ਕਾਰਵਾਈਆਂ ਵਿਚ ਗੁਨਹਗਾਰ ਹੋਣ ‘ਤੇ ਅੰਕਾਂ ਵਿਚ ਕਟੌਤੀ ਹੋ ਸਕਦੀ ਹੈ। 30 ਅੰਕ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਕੀਤੇ ਗਏ ਇਕਰਾਰਨਾਮੇ ‘ਤੇ ਖਰ੍ਹੇ ਉੱਤਰਨਗੇ। ਜਿਨ੍ਹਾਂ ਵਿਦੇਸ਼ੀਆਂ ਨੂੰ 1 ਤੋਂ 29 ਤੱਕ ਅੰਕ ਪ੍ਰਾਪਤ ਹੋਣਗੇ, ਉਨ੍ਹਾਂ ਨੂੰ 30 ਅੰਕ ਪ੍ਰਾਪਤ ਕਰਨ ਲਈ ਇਕ ਸਾਲ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਜੇ ਉਹ ਨਿਰਧਾਰਤ ਅੰਕ ਪ੍ਰਾਪਤ ਨਹੀਂ ਕਰਦੇ ਤਾਂ ਦੇਸ਼ ਵਿਚੋਂ ਜਬਰੀ ਕੱਢਿਆ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਵੱਲੋਂ ਸਮੂਹ ਵਿਦੇਸ਼ੀਆਂ ਦਾ ਖਾਤਾ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਵੱਲੋਂ ਸਦਭਾਵਨਾ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਜਾਣਗੇ। ਇਸ ਵਿਚ ਵਿਦੇਸ਼ੀਆਂ ਵੱਲੋਨ ਪ੍ਰਾਪਤ ਕੀਤੇ ਅੰਕਾਂ ਦਾ ਲੇਖਾ ਜੋਖਾ ਸੰਭਾਲਿਆ ਜਾਵੇਗਾ। ਅੰਕਾਂ ਵਿਚ ਕਿਸੇ ਵੀ ਤਰ੍ਹਾਂ ਦਾ ਫੇਰ ਬਦਲ ਹੋਣ ‘ਤੇ ਵਿਦੇਸ਼ੀ ਨੂੰ ਇਸਦੀ ਸੂਚਨਾ ਤੁਰੰਤ ਪ੍ਰਾਪਤ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਆਪਣੇ ਅੰਕਾਂ ਦੀ ਸਥਿਤੀ ਨੂੰ ਖੁਦ ਵੀ ਘੋਖ ਸਕਦਾ ਹੈ। ਧਿਆਨਦੇਣਯੋਗ ਹੈ ਕਿ ਇਹ ਨੀਤੀ ਉਨ੍ਹਾਂ ਵਿਦੇਸ਼ੀਆਂ ‘ਤੇ ਲਾਗੂ ਨਹੀਂ ਹੋਵੇਗੀ, ਜਿਹੜੇ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਕਾਨੂੰਨੀ ਤੌਰ ‘ਤੇ ਇਟਲੀ ਵਿਚ ਰਹਿ ਰਹੇ ਹਨ, ਬਲਕਿ ਇਹ ਨੀਤੀ ਉਨ੍ਹਾਂ ‘ਤੇ ਲਾਗੂ ਹੋਵੇਗੀ, ਜਿਹੜੇ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਇਟਲੀ ਵਿਚ ਦਾਖਲ ਹੋਣਗੇ ਅਤੇ ਘੱਟ ਤੋਂ ਘੱਟ ਇਕ ਸਾਲ ਦੀ ਨਿਵਾਸ ਆਗਿਆ ਦੀ ਦਰਖ਼ਾਸਤ ਦੇਣਗੇ।