ਇਟਲੀ ਦੇ ਸ਼ਰਨਾਰਥੀ ਕਰ ਰਹੇ ਹਨ ਜੰਗਲ ਤੋਂ ਬਦਤਰ ਹਾਲਾਤਾਂ ਦਾ ਸਾਹਮਣਾ

refugeeਸੈਂਕੜੇ ਹੀ ਸ਼ਰਨਾਰਥੀਆਂ ਨੂੰ ਇਟਲੀ ਅਤੇ ਫਰਾਂਸ ਦੇ ਵਿਚਕਾਰ ਸੀਮਾ ਉੱਤੇ ਸਾਫ ਸਫਾਈ ਦੀ ਕਮੀ ਅਤੇ ਪੁਲਿਸ ਦੀ ਨਿਰਦਰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦੀ ਜਿੰਦਗੀ ਦੇ ਹਾਲਾਤ ਜੰਗਲ ਨਾਲੋਂ ਵੀ ਬਦਤਰ ਹਨ। ਇਟਲੀ ਦੇ ਸ਼ਹਿਰ ਵੈਂਤੀਮੀਲੀਆ ਤਕਰੀਬਨ 700 ਸ਼ਰਨਾਰਥੀ ਬਿਨਾਂ ਰਿਹਾਇਸ਼ ਤੋਂ ਸੜਕਾਂ ਉੱਤੇ ਜੀਵਨ ਬਸਰ ਕਰ ਰਹੇ ਹਨ, ਜਿਨ੍ਹਾਂ ਵਿਚ ਬਿਨਾਂ ਕਿਸੇ ਸਹਾਰੇ ਤੋਂ ਇਕੱਲੇ ਰਹਿ ਰਹੇ ਬੱਚੇ ਵੀ ਸ਼ਾਮਿਲ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਸਾਰੀਆਂ ਹੀ ਸਹੂਲਤਾਂ ਤੋਂ ਵਾਂਝੇ ਹਨ, ਜਿਨ੍ਹਾਂ ਕੋਲ ਪੀਣ ਲਈ ਸਾਫ ਪਾਣੀ ਅਤੇ ਸਾਫ ਸਫਾਈ ਨਾਲ ਰਹਿਣ ਦੀ ਕੋਈ ਵਿਅਸਥਾ ਨਹੀਂ ਹੈ।
ਇਨ੍ਹਾਂ ਸ਼ਰਨਾਰਥੀਆਂ ਨੂੰ ਬਹੁਤ ਵਾਰ ਇਟਲੀ ਅਤੇ ਫਰਾਂਸ ਦੀ ਪੁਲਿਸ ਦੀ ਜਿਆਦਤੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਾਫ ਸਫਾਈ ਦੀ ਕਮੀ ਕਾਰਨ ਨੌਜਵਾਨ ਸ਼ਰਨਾਰਥੀਆਂ ਨੂੰ ਕਈ ਸਮੱਸਿਆਵਾਂ ਝੇਲਣੀਆਂ ਪੈਂਦੀਆਂ ਹਨ। ਕਿਸੇ ਤਰ੍ਹਾਂ ਦਾ ਰੋਗ ਹੋ ਜਾਣ ਦੀ ਸੂਰਤ ਵਿਚ ਮੈਡੀਕਲ ਸਹੂਲਤ ਵੀ ਇਨ੍ਹਾਂ ਸ਼ਰਨਾਰਥੀਆਂ ਨੂੰ ਮੁਹੱਈਆ ਨਹੀਂ ਹੁੰਦੀ।
ਆਰਆਰਡੀਪੀ ਦੇ ਪ੍ਰਾਜੈਕਟ ਅਨੁਸਾਰ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਅਨੁਸਾਰ ਵੇਂਤੀਮੀਲੀਆ ਬਹੁਤ ਹੀ ਬਦਤਰ ਰਫਿਉਜੀ ਜਗ੍ਹਾ ਹੈ, ਇੱਥੇ ਬਹੁਤ ਸਾਰੇ ਰਫਿਊਜੀਆਂ ਨੂੰ ਅਮਾਨਵੀ ਹਾਲਾਤਾਂ ਵਿਚ ਜਿੰਦਗੀ ਬਸਰ ਕਰਨੀ ਪੈ ਰਹੀ ਹੈ।
ਇੱਥੇ ਰਹਿ ਰਹੇ 150 ਪੁਰਸ਼ ਰਫਿਉਜੀਆਂ ਤੋਂ ਪੁੱਛ ਪੜ੍ਹਤਾਲ ਕੀਤੀ ਗਈ, ਜਿਨ੍ਹਾਂ ਵਿਚ ਪੰਜਾਂ ਪਿੱਛੇ ਇਕ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਤਕਰੀਬਨ 90% ਬਿਨਾਂ ਕਿਸੇ ਨਜਦੀਕੀ ਰਿਸ਼ਤੇਦਾਰ ਜਾਂ ਹੋਰ ਜਾਣਕਾਰ ਤੋਂ ਇੱਥੇ ਰਹਿ ਰਹੇ ਹਨ।
ਇਨ੍ਹਾਂ ਵਿਚੋਂ 73% ਲੀਬੀਆ ਰਾਹੀਂ ਯਾਤਰਾ ਕਰਕੇ ਇਟਲੀ ਦੇ ਸ਼ਹਿਰ ਵੇਂਤੀਮੀਲੀਆ ਪਹੁੰਚੇ ਸਨ ਅਤੇ ਤਕਰੀਬਨ ਪਿਛਲੇ ਤਿੰਨ ਮਹੀਨੇ ਤੋਂ ਇੱਥੇ ਇਸੇ ਹੀ ਹਾਲਤ ਵਿਚ ਜਿੰਦਗੀ ਬਸਰ ਕਰ ਰਹੇ ਹਨ। ਇਨ੍ਹਾਂ ਵਿਚੋਂ ਜਿਆਦਾਤਰ ਗਿਣਤੀ ਸੁਡਾਨ, ਚੈੜ, ਇਥੋਪੀਆ, ਅਤੇ ਏਰਿਟਰੇਆ ਤੋਂ ਪਹੁੰਚੇ ਸ਼ਰਨਾਰਥੀ ਸਨ।
ਇੱਥੇ ਇਕ ਗੱਲ ਗੌਰ ਕਰਨ ਵਾਲੀ ਹੈ ਕਿ ਇਨ੍ਹਾਂ ਰਫਿਊਜੀ ਵਿਅਕਤੀਆਂ ਵਿਚ ਮਹਿਲਾਵਾਂ ਦੀ ਗਿਣਤੀ ਬਿਲਕੁਲ ਨਾਮਾਤਰ ਹੈ, ਜਿਸਦਾ ਕਾਰਨ ਮਾਹਿਰਾਂ ਅਨੁਸਾਰ ਦੱਖਣੀ ਇਟਲੀ ਅਤੇ ਉੱਤਰੀ ਅਫਰੀਕਾ ਦੇ ਬਾੱਡਰ ਉੱਤੇ ਜਿਸਮਾਨੀ ਵਪਾਰ ਦੀ ਵਰਤੋਂ ਲਈ ਮਾਨਵ ਤਸਕਰੀ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਸਾਲ 2015 ਤੋਂ ਫਰਾਂਸ ਨੇ ਆਪਣੇ ਬਾੱਡਰਾਂ ਉੱਤੇ ਵਧੇਰੇ ਸਖਤਾਈ ਕਰ ਦਿੱਤੀ ਹੈ, ਅਤੇ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਅੰਦਰ ਦਾਖਲ ਹੋਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਵੇਂਤੀਮੀਲੀਆ ਨੂੰ ਫਰਾਂਸ ਅੰਦਰ ਦਾਖਲ ਹੋਣ ਲਈ ਵੀ ਰਫਿਊਜੀਆਂ ਵੱਲੋਂ ਵਰਤਿਆ ਜਾਂਦਾ ਹੈ।
ਬਾੱਡਰ ਬੰਦ ਕੀਤੇ ਜਾਣ ਤੋਂ ਬਾਅਦ ਵਿਦੇਸ਼ੀ ਲੋਕਾਂ ਨੇ ਫੜੇ ਜਾਣ ਦੇ ਡਰ ਕਾਰਨ ਗੈਰਕਾਨੂੰਨੀ ਤਰੀਕੇ ਨਾਲ ਟਰੇਨਾਂ ਵਿਚ ਦੇਸ਼ ਅੰਦਰ ਦਾਖਲ ਹੋਣ ਦੀ ਬਹੁਤ ਘੱਟ ਕੋਸ਼ਿਸ਼ ਕੀਤੀ ਹੈ। ਇਸਦੀ ਬਜਾਇ ਉਹ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਪਹਾੜੀ ਰਸਤਿਆਂ ਜਾਂ ਗੱਡੀਆਂ ਜਾਣ ਵਾਲੀਆਂ ਸੁਰੰਗਾਂ ਦਾ ਸਹਾਰਾ ਦੇਸ਼ ਅੰਦਰ ਦਾਖਲ ਹੋਣ ਲਈ ਲੈਂਦੇ ਹਨ।
ਪ੍ਰਕਾਸ਼ਿਤ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ, 400-500 ਰਫਿਊਜੀ ਲੋਕ ਰੈੱਡ ਕਰਾੱਸ ਦੇ ਕੈਂਪ ਵਿਚ ਰਹਿ ਰਹੇ ਸਨ, ਜਦਕਿ ਇਸ ਸਮੇਂ ਵੀ 200-300 ਰਫਿਊਜੀ ਪੁੱਲ ਦੇ ਹੇਠਾਂ ਫਰਸ਼ ਉੱਤੇ ਜਾਂ ਦਰਿਆਵਾਂ ਦੇ ਕੰਢਿਆਂ ਉੱਤੇ ਰਹਿਣ ਲਈ ਮਜਬੂਰ ਹਨ।
ਜਦੋਂ ਇਨ੍ਹਾਂ ਵਿਅਕਤੀਆਂ ਕੋਲੋਂ ਰੋਜਮਰ੍ਹਾ ਦੀ ਜਿੰਦਗੀ ਬਾਰੇ ਪੁੱਛਿਆ ਗਿਆ ਤਾਂ ਤਕਰੀਬਨ 85% ਵਿਅਕਤੀਆਂ ਨੇ ਮੰਨਿਆ ਕਿ, ਉਹ ਨੇੜ੍ਹਲੇ ਦਰਿਆ ਜਾਂ ਝੀਲ ਵਿਚੋਂ ਪਾਣੀ ਦੀ ਵਰਤੋਂ ਕਰਦੇ ਹਨ। ਇਸ ਪਾਣੀ ਨਾਲ ਉਹ ਆਪਣੀਆਂ ਰੋਜਾਨਾ ਦੀਆਂ ਜਰੂਰਤਾਂ ਜਿਵੇਂ ਕਿ ਟਾਇਲੈਟ ਜਾਣਾ, ਸਰੀਰਕ ਸਾਫ ਸਫਾਈ, ਕੱਪੜੇ ਧੋਣ ਅਤੇ ਪੀਣ ਲਈ ਪਾਣੀ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ।
ਇਨ੍ਹਾਂ 10 ਵਿਚੋਂ 6 ਲੋਕਾਂ ਨੇ ਮੰਨਿਆ ਕਿ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। 44% ਲੋਕਾਂ ਨੂੰ ਇਹ ਸਿਹਤ ਦੀਆਂ ਸਮੱਸਿਆਵਾਂ ਇਟਲੀ ਪਹੁੰਚਣ ਤੋਂ ਬਾਅਦ ਰੋਜਾਨਾ ਦੀਆਂ ਜਰੂਰਤਾਂ ਤੋਂ ਵਾਂਝੇ ਹੋਣ ਕਾਰਨ, ਸਹੂਲਤਾਂ ਦੀ ਕਮੀ ਕਾਰਨ ਪੈਦਾ ਹੋਈਆਂ ਹਨ। ਇਨ੍ਹਾਂ ਵਿਚੋਂ ਬਹੁਤ ਹੀ ਘੱਟ ਲੋਕਾਂ ਨੂੰ ਮੈਡੀਕਲ ਸਹੂਲਤ ਮਿਲ ਪਾਉਂਦੀ ਹੈ। ਇਨ੍ਹਾਂ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ਰਨਾਰਥੀਆਂ ਵੱਲੋਂ ਇੰਨੀ ਲੰਬੀ ਯਾਤਰਾ ਕਰਨ ਦੇ ਕਾਰਨ ਜਿਆਦਾਤਰ ਲੋਕਾਂ ਨੂੰ ਸਰੀਰਕ ਜਖਮਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਪਾਉਂਦਾ।
ਇਸ ਤੋਂ ਇਲਾਵਾ ਇਨ੍ਹਾਂ ਰਫਿਊਜੀਆਂ ਨੂੰ ਸੁਰੱਖਿਆ ਦੀ ਕਮੀ, ਦਿਨ ਵਿਚ ਇਕ ਵਾਰ ਖਾਣਾ, ਦੂਸਰੇ ਬੇਘਰ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਚੋਰੀ, ਯੂਰਪੀਅਨ ਅਤੇ ਪੁਲਿਸ ਵੱਲੋਂ ਭੇਦਭਾਵ ਦਾ ਸ਼ਿਕਾਰ, ਸਰੀਰਕ ਸੋਸ਼ਣ ਜਿਹੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ