ਇਟਲੀ : ਪੈਨਸ਼ਨਰਜ਼ ਲਈ ਪਾੱਟ-ਭੰਗ ਉਗਾਉਣ ਦੀ ਛੂਟ

bhangਇਟਲੀ ਦੇ ਕਾਨੂੰਨ ਵਿਚ ਇਕ ਬਦਲਾਅ ਕਰਦਿਆਂ ਰਾਸ਼ਟਰਪਤੀ ਨੇ ਦਰਦ ਤੋਂ ਛੁਟਕਾਰਾ ਪਾਉਣ ਲਈ ਭੰਗ ਦੀ ਵਰਤੋਂ ਕਰਨ ਲਈ ਗਮਲੇ ਵਿਚ ਭੰਗ ਉਗਾਉਣ ਲਈ ਪੈਨਸ਼ਨਸ਼ੁਦਾ ਬਜੁਰਗ ਵਿਅਕਤੀਆਂ ਨੂੰ ਛੂਟ ਦੇ ਦਿੱਤੀ ਹੈ।
ਇਸ ਛੂਟ ਅਨੁਸਾਰ ਵਰਤੋਂ ਲਈ ਡਾਕਟਰ ਵੱਲੋਂ ਤਸਦੀਕਸ਼ੁਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅਤੇ ਪੈਦਾਵਾਰ ਨੂੰ ਦਵਾਈ ਦੇ ਮਕਸਦ ਲਈ ਵਰਤਿਆ ਜਾਵੇ, ਨਾ ਕਿ ਨਸ਼ੇ ਦੀ ਪੂਰਤੀ ਕਰਨ ਲਈ। ਜਿਸ ਲਈ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਇਕ 63 ਸਾਲਾ ਬਜੁਰਗ ਵਿਅਕਤੀ ਦੇ ਇਕ ਕੇਸ ਕਾਰਨ ਇਹ ਮਾਮਲਾ ਸਾਹਮਣੇ ਆਇਆ। ਜਿਸ ਅਨੁਸਾਰ ਵਿਅਕਤੀ ਨੂੰ ਅਦਾਲਤ ਨੇ ਭੰਗ ਦੇ ਬੂਟੇ ਬੀਜਣ ਕਾਰਨ 5 ਮਹੀਨੇ ਦੀ ਸਜਾ ਅਤੇ 800 ਯੂਰੋ ਦਾ ਜੁਰਮਾਨਾ ਕੀਤਾ ਸੀ। ਉਪਰੰਤ ਇਸ ਵਿਅਕਤੀ ਨੇ ਰਾਸ਼ਟਰਪਤੀ ਸੇਰਜੋ ਮਾਤਾਰੇਲਾ ਕੋਲ ਮਦਦ ਦੀ ਅਪੀਲ ਕੀਤੀ ਸੀ। ਜਿਸ ਅਨੁਸਾਰ ਰਾਸ਼ਟਰਪਤੀ ਵੱਲੋਂ ਵਿਅਕਤੀ ਦੀ ਸਜਾ ਅਤੇ ਜੁਰਮਾਨਾ ਮੁਆਫ ਕੀਤਾ ਗਿਆ।
ਸਮਾਚਾਰ ਅਨੁਸਾਰ ਤਰਾਂਤੋ ਦਾ ਰਹਿਣ ਵਾਲੇ ਇਸ ਵਿਅਕਤੀ ਨੇ, ਡਾਕਟਰ ਵੱਲੋਂ ਸਰੀਰਕ ਦਰਦ ਤੋਂ ਰਾਹਤ ਲਈ ਭੰਗ ਦੀ ਵਰਤੋਂ ਦੀ ਹਦਾਇਤ ਅਨੁਸਾਰ ਗਮਲਿਆਂ ਵਿਚ ਭੰਗ ਦੇ ਬੂਟੇ ਬੀਜੇ ਹੋਏ ਸਨ। ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਬੂਟਿਆਂ ਨੂੰ ਬਰਾਮਦ ਕੀਤਾ ਗਿਆ ਅਤੇ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਪੈਦਾਵਰ ਦੇ ਦੋਸ਼ ਹੇਠ 5 ਮਹੀਨੇ ਦੀ ਸਜਾ ਅਤੇ 800 ਯੂਰੋ ਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਕਿਹਾ ਸੀ।
ਕਈ ਤਰ੍ਹਾਂ ਦੀਆਂ ਬਿਮਾਰੀਆਂ ਐਚ ਆਈ ਵੀ, ਸ਼ੂਗਰ, ਖਰਾਬ ਲੀਵਰ ਅਤੇ ਪੀਲੀਆ ਜਿਹੀਆਂ ਬਿਮਾਰੀਆਂ ਨਾਲ ਜੂਝ ਰਹੇ ਇਸ ਵਿਅਕਤੀ ਨੂੰ ਡਾਕਟਰ ਕਿਸੇ ਤਰ੍ਹਾਂ ਦੀ ਹੋਰ ਦਵਾਈ ਦੇਣ ਤੋਂ ਅਸਮਰੱਥ ਸਨ, ਕਿਉਂਕਿ ਦਵਾਈਆਂ ਦੁਸ਼ਪ੍ਰਭਾਵ ਉਸ ਲਈ ਹੋਰ ਘਾਤਕ ਸਿੱਧ ਹੋ ਸਕਦੇ ਸਨ। ਇਸ ਲਈ ਹੀ ਡਾਕਟਰ ਨੇ ਇਸ ਬਜੁਰਗ ਵਿਅਕਤੀ ਨੂੰ ਭਿਆਨਕ ਸਰੀਰਕ ਦਰਦ ਤੋਂ ਰਾਹਤ ਲਈ ਦਵਾਈ ਦੇ ਤੌਰ ‘ਤੇ ਭੰਗ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਸੀ।
ਜਿਕਰਯੋਗ ਹੈ ਕਿ ਸਾਲ 2007 ਵਿਚ ਭੰਗ ਨੂੰ ਦਵਾਈਆਂ ਵਿਚ ਵਰਤਣ ਲਈ ਕਾਨੂੰਨ ਪਾਸ ਕਰ ਦਿੱਤਾ ਗਿਆ ਸੀ। ਇਸਦੀ ਵਰਤੋਂ ਸਿਰਫ ਡਾਕਟਰ ਦੀ ਆਗਿਆ ਨਾਲ ਹੀ ਕੀਤੀ ਜਾ ਸਕਦੀ ਹੈ। ਡਾਕਟਰ ਦੀ ਪਰਚੀ ਉੱਤੇ ਇਸ ਨੂੰ ਨਿਰਧਾਰਤ ਕੇਂਦਰ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਅਨੁਸਾਰ ਇਸ ਨੂੰ ਦਵਾਈਆਂ ਦੇ ਸਟੋਰ ਜਾਂ ਆਰਮੀ ਦੀ ਫਾਰਮਾਸਿਊਟੀਕਲ ਯੂਨਿਟ (ਫੌਜ ਦਾ ਦਵਾਈ ਕੇਂਦਰ) ਤੋਂ ਡਾਕਟਰ ਦੀ ਸਲਿੱਪ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਕੁਝ ਮਰੀਜਾਂ ਦਾ ਕਹਿਣਾ ਹੈ ਕਿ ਦਵਾਈ ਕੇਂਦਰਾਂ ਤੋਂ ਮਮਗਵਾਈ ਜਾਣ ਵਾਲੀ ਭੰਗ ਦੀ ਕੀਮਤ ਬਹੁਤ ਵਧੇਰੇ ਹੈ ਅਤੇ ਮੰਗਵਾਉਣ ਦੀ ਕਾਰਵਾਈ ਬਹੁਤ ਲੰਬੀ ਹੈ। ਇਸ ਤੋਂ ਇਲਾਵਾ ਆਰਮੀ ਯੂਨਿਟ ਤੋਂ ਮੰਗਵਾਈ ਜਾਣ ਵਾਲੀ ਦਵਾਈ ਵਧੇਰੇ ਅਸਰਦਾਇਕ ਨਹੀਂ ਹੈ ਅਤੇ ਹਰ ਤਰ੍ਹਾਂ ਦੇ ਮਰੀਜਾਂ ਲਈ ਉਹ ਕਾਰਗਰ ਸਾਬਤ ਨਹੀਂ ਹੁੰਦੀ। ਇਸ ਲਈ ਸਿਰਫ ਇਕ ਹੀ ਰਾਹ ਬਚਦਾ ਹੈ ਕਿ ਇਸ ਨੂੰ ਖੁਦ ਹੀ ਬੀਜ ਕੇ ਵਰਤੋਂ ਵਿਚ ਲਿਆਂਦਾ ਜਾਵੇ।
ਜਿਕਰਯੋਗ ਹੈ ਕਿ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਹੈ, ਜਿਸਦੇ ਪਾਸ ਹੋ ਜਾਣ ਉਪਰੰਤ ਜਰੂਰਤ ਪੈਣ ‘ਤੇ ਆਰਮੀ ਯੂਨਿਟ ਦੁਆਰਾ ਤਿਆਰ ਰੋਗੀਆਂ ਨੂੰ ਦਵਾਈ ਦੇ ਤੌਰ ‘ਤੇ ਭੰਗ ਮੁਫ਼ਤ ਪ੍ਰਦਾਨ ਕਰਵਾਈ ਜਾ ਸਕੇਗੀ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ