ਇਟਲੀ : ਭਿਖਾਰੀਆਂ ਨੂੰ ਭੀਖ ਦੇਣਾ ਗੈਰਕਾਨੂੰਨੀ ਕਰਾਰ

ਰੋਮ (ਇਟਲੀ) 21 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਉੱਤਰੀ ਭਾਗ ਵਿਚ ਭਿਖਾਰੀਆਂ ਨੂੰ ਭੀਖ ਦੇਣਾ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ। ਫਰਾਂਸ ਦੇ ਬਾੱਡਰ ਦੇ ਨੇੜ੍ਹੇ ਬੋਰਦੀਗੇਰਾ ਦੇ ਤੱਟਵਰਤੀ ਕਸਬੇ ਲਿਗੂਰੀਅਨ ਦੇ ਨਿਵਾਸੀਆਂ ਦੀ ਸ਼ਿਕਾਇਤ ਕਿ ਉਹ ਭਿਖਾਰੀਆਂ ਦੀ ਤੰਗ ਕਰ ਕੇ ਭੀਖ ਮੰਗਣ ਦੀ ਆਦਤ ਤੋਂ ਬੇਹੱਦ ਪ੍ਰੇਸ਼ਾਨ ਹਨ, ‘ਤੇ ਇਹ ਫੈਸਲਾ ਸਰਕਾਰੀ ਤੌਰ ‘ਤੇ ਲਿਆ ਗਿਆ ਹੈ।
ਉੱਥੋਂ ਦੇ ਮੇਅਰ ਜਾਕੋਮੋ ਪਾਲਾਂਕਾ ਦਾ ਕਹਿਣਾ ਹੈ ਕਿ, ਜਿਹੜੇ ਲੋਕ ਕਿਸੇ ਤਰ੍ਹਾਂ ਦਾ ਜੁਰਮਾਨਾ ਭਰਨ ਦੇ ਕਾਬਲ ਨਹੀਂ ਹਨ, ਉਨ੍ਹਾਂ ਨੂੰ ਇਸ ਦੀ ਸਜਾ ਦੇਣਾ ਬੇਬੁਨਿਆਦ ਹੈ, ਇਸ ਲਈ ਉਨ੍ਹਾਂ ਲੋਕਾਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ, ਜਿਹੜੇ ਭਿਖਾਰੀਆਂ ਨੂੰ ਪੈਸੇ ਦੇਣਗੇ। ਇਸ ਨਿਯਮ ਦੀ ਸ਼ੁਰੂਆਤ ਈਸਟਰ ਦੇ ਸਮੇਂ ਕੀਤੀ ਗਈ ਹੈ, ਜਦੋਂ ਕਿ ਈਸਟਰ (ਪਾਸਕੂਆ) ਦੀਆਂ ਛੁੱਟੀਆਂ ਬਿਤਾਉਣ ਲਈ ਇਸ ਖੇਤਰ ਵਿਚ ਬਹੁਤ ਸੈਲਾਨੀ ਆਉਂਦੇ ਹਨ। 
ਮੇਅਰ ਨੇ ਸਪਸ਼ਟ ਕੀਤਾ ਕਿ, ਅਜਿਹੇ ਹਾਲਾਤਾਂ ਵਿਚ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਜਾਂਦੀਆਂ ਹਨ, ਇਸ ਲਈ ਅਸੀਂ ਪੈਸੇ ਦੇਣ ਵਾਲਿਆਂ ਉੱਤੇ ਰੋਕ ਲਗਾਉਣ ਬਾਰੇ ਸੋਚ ਰਹੇ ਹਾਂ। ਜੇਕਰ ਸੱਚਮੁੱਚ ਕੋਈ ਵਿਅਕਤੀ ਜਰੂਰਤਮੰਦ ਹੈ ਤਾਂ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹਨ, ਜੋ ਮਦਦ ਕਰਨ ਲਈ ਤਿਆਰ ਹਨ। 
ਸਟੀਵ ਬਾਰਨਸ ਪ੍ਰੋਜੈਕਟ ਰੋਮ, ਸੰਸਥਾ ਨਾਲ ਜੁੜੇ ਹਨ, ਜੋ ਕਿ ਇਟਲੀ ਦੀ ਰਾਜਧਾਨੀ ਵਿਚ ਬੇਘਰ ਲੋਕਾਂ ਲਈ ਕੰਮ ਕਰਦੀ ਹੈ, ਨੇ ਇਸ ਕਾਨੂੰਨ ਦੀ ਸਰਾਹਨਾ ਕੀਤੀ। ਬਾਰਨਰ ਦਾ ਕਹਿਣਾ ਹੈ ਕਿ, ਕਿਸੇ ਵਿਅਕਤੀ ਦੇ ਸਾਹਮਣੇ ਕੁਝ ਸਿੱਕੇ ਸੁੱਟਣਾ ਉਸਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ, ਸਾਨੂੰ ਸਭ ਨੂੰ ਚਾਹੀਦਾ ਹੈ ਕਿ, ਅਸੀਂ ਹੋਰ ਤਰੀਕੇ ਅਪਣਾ ਕੇ ਅਜਿਹੇ ਲੋਕਾਂ ਨੂੰ ਆਤਮ ਨਿਰਭਰ ਬਨਾਉਣ ਦੀ ਕੋਸ਼ਿਸ਼ ਕਰੀਏ।
ਇਸ ਤਰ੍ਹਾਂ ਦੇ ਸਾਰਥਕ ਕਾਨੂੰਨ ਗਲੀਆਂ, ਸੜਕਾਂ ਉੱਤੇ ਫੈਲਣ ਵਾਲੇ ਜੁਰਮ, ਨਸ਼ਾ ਵੇਚਣ-ਖ੍ਰੀਦਣ ਅਤੇ ਸੇਵਨ ਕਰਨ ਦੀਆਂ ਆਦਤਾਂ ਉੱਤੇ ਵੀ ਰੋਕ ਲਗਾਉਣ ਵਿਚ ਕਾਮਯਾਬ ਹੁੰਦੇ ਹਨ ਅਤੇ ਸਮਾਜਿਕ ਸੰਸਥਾਵਾਂ ਅਜਿਹੇ ਕਾਨੂੰਨ ਨੂੰ ਸਾਰਥਕ ਕਰਨ ਲਈ ਸਹਾਈ ਹੁੰਦੇ ਹਨ। ਪ੍ਰੋਜੈਕਟ ਰੋਮ ਵੀ ਇਸ ਸਬੰਧੀ ਇਸ ਯੋਜਨਾ ਦਾ ਸਤਿਕਾਰ ਕਰਦੇ ਹੋਏ ਲੋਕਾਂ ਨੂੰ ਭਿਖਾਰੀਆਂ ਨੂੰ ਪੈਸਾ ਨਾ ਦੇਣ ਲਈ ਪ੍ਰੋਤਸਾਹਿਤ ਕਰੇਗਾ, ਨਾ ਕਿ ਇਸ ਯੋਜਨਾ ਦਾ ਵਿਰੋਧ ਕੀਤਾ ਜਾਵੇਗਾ।
ਲੋਕਾਂ ਨੂੰ ਭਿਖਾਰੀਆਂ ਨੂੰ ਇਨਸਾਨ ਸਮਝਣਾ ਚਾਹੀਦਾ ਹੈ ਨਾ ਕਿ ਮਨੁੱਖਤਾ ਦੀ ਅਣਦੇਖੀ ਕਰ ਕੇ ਛੋਟੇ ਸਿੱਕਿਆਂ ਦੀ ਬਰਸਾਤ ਉਨ੍ਹਾਂ ਉੱਤੇ ਕੀਤੀ ਜਾਵੇ। 
ਵੈਸੇ ਰਾਸ਼ਟਰੀ ਤੌਰ ‘ਤੇ ਇਟਲੀ ਵਿਚ ਭੀਖ ਮੰਗਣ ਨੂੰ ਗੈਰਕਾਨੂੰਨੀ ਨਹੀਂ ਮੰਨਿਆ ਜਾਂਦਾ, ਜਰੂਰਤਮੰਦ ਵਿਅਕਤੀ ਬੱਚਿਆਂ ਅਤੇ ਜਾਨਵਰਾਂ ਦੇ ਸਾਥ ਨਾਲ ਭੀਖ ਮੰਗ ਸਕਦਾ ਹੈ, ਪ੍ਰੰਤੂ ਫਿਰ ਵੀ ਇਟਲੀ ਦੇ ਵੱਖ ਵੱਖ ਰਾਜਾਂ ਦੇ ਕੁਝ ਆਪਣੇ ਕਾਨੂੰਨ ਵੀ ਹਨ। ਇਟਲੀ ਦਾ ਵੈਨਿਸ ਸ਼ਹਿਰ 2008 ਵਿਚ ਭੀਖ ਮੰਗਣ ਉੱਤੇ ਰੋਕ ਲਗਾਉਣ ਵਾਲਾ ਪਹਿਲਾ ਸ਼ਹਿਰ ਸੀ। ਉੱਥੇ ਲਾਗੂ ਕੀਤੇ ਕਾਨੂੰਨ ਅਨੁਸਾਰ ਜਿਹੜਾ ਵਿਅਕਤੀ ਭੀਖ ਮੰਗਦਾ ਫੜਿਆ ਜਾਵੇਗਾ, ਉਸਨੂੰ 25 ਯੂਰੋ ਤੋਂ ਲੈ ਕੇ 50 ਯੂਰੋ ਤੱਕ ਦਾ ਜੁਰਮਾਨਾ ਭੁਗਤਣਾ ਪੈਂਦਾ ਸੀ, ਇਸ ਤੋਂ ਇਲਾਵਾ ਪੁਲਿਸ ਨੂੰ ਵੀ ਗ੍ਰਿਫ਼ਤਾਰੀਆਂ ਕਰਨ ਦਾ ਹੱਕ ਦਿੱਤਾ ਗਿਆ ਸੀ। ਉੱਥੇ ਇਹ ਫੈਸਲਾ ਇਸ ਲਈ ਲਿਆ ਗਿਆ ਸੀ, ਕਿਉਂਕਿ ਛੋਟੇ ਬੱਚਿਆਂ ਪ੍ਰਤੀ ਜੁਰਮ ਦਾ ਸਿਲਸਿਲਾ ਬਹੁਤ ਵਧ ਗਿਆ ਸੀ, ਬੱਚਿਆਂ ਨੂੰ ਜਬਰਦਸਤੀ ਗਲਤ ਕੰਮਾਂ ਲਈ ਧੱਕਿਆ ਜਾ ਰਿਹਾ ਸੀ।
ਜਿਕਰਯੋਗ ਹੈ ਕਿ ਇਟਲੀ ਤੋਂ ਇਲਾਵਾ ਯੂਰਪ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਭੀਖ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ, ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਅਲੱਗ ਅਲੱਗ ਸਜਾਵਾਂ ਦੇਸ਼ਾਂ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਹਨ। ਨਾੱਰਵੇ, ਡੈਨਮਾਰਕ, ਯੂ ਕੇ ਵਿਚ ਵੀ ਭੀਖ ਮੰਗਣਾ ਅਪਰਾਧ ਹੈ।