ਇਟਲੀ ਵਿੱਚ ਜਿਹੜੇ ਭਾਰਤੀ ਨੌਜਵਾਨ ਮੁੱਲ ਦੇ ਲੌਂੜੀਦੇ ਪੇਪਰ ਖਰੀਦ ਨਿਵਾਸ ਆਗਿਆ ਵਧਾਉਣੀ ਚਾਹੁੰਦੇ ਉਹ ਆਪਣੇ ਪੈਰਾ ਉੱਪਰ ਆਪ ਮਾਰ ਰਹੇ ਹਨ ਕੁਹਾੜਾ

ਮੁੱਲ ਦੇ ਪੇਪਰ ਖਰੀਦ ਕੇ ਨੌਜਵਾਨ ਆਪਣੇ ਵਰਤਮਾਨ ਅਤੇ ਭਵਿੱਖ ਨਾਲ ਖਿਲਵਾੜ ਨਾ ਕਰਨ – ਧਾਲੀਵਾਲ

idenity
ਰੋਮ (ਇਟਲੀ) 2 ਮਾਰਚ (ਦਲਵੀਰ ਕੈਂਥ) – ਇਟਲੀ ਵਿੱਚ ਅਜਿਹੇ ਭਾਰਤੀ ਨੌਜਵਾਨ ਹਨ ਜਿਹੜੇ ਵਿਚਾਰੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਮੁਸ਼ਕਤ ਕਰਕੇ ਭਾਰਤ ਬੈਠੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ-ਰੋਜ਼ੀ ਜੁਟਾਉਣ ਲਈ ਡੱਟੇ ਰਹਿੰਦੇ ਹਨ ਤੇ ਇਕ ਉਹ ਨੌਜਵਾਨ ਹਨ ਜਿਹੜੇ ਇਟਲੀ ਆਕੇ ਵੀ ਇਟਾਲੀਅਨ ਲੋਕਾਂ ਦੀ ਸਾਫ਼ਦਿਲੀ ਤੇ ਇਮਾਨਦਾਰੀ ਤੋਂ ਸੇਧ ਲੈਣ ਦੀ ਬਜਾਏ ਬਸ ਇਹੀ ਸੋਚ ਦੇ ਰਹਿੰਦੇ ਹਨ ਕਿ ਬਿਨ੍ਹਾਂ ਮਿਹਨਤ ਮੁਸ਼ਕਤ ਕੀਤੀ ਆਪਣੀ ਜੇਬ ਕਿਵੇਂ ਭਰਨੀ ਹੈ ਇਸ ਲਈ ਉਹ ਹਰ ਅਜਿਹਾ ਕੰਮ ਕਰਨ ਲਈ ਰਤਾ ਵੀ ਨਾ ਡਰਦੇ ਹਨ ਅਤੇ ਨਾਹੀ ਸੋਚ ਦੇ ਹਨ ਜਿਹੜਾ ਉਹਨਾਂ ਨੂੰ ਇਟਲੀ ਵਿੱਚ ਬਲੈਕ ਲਿਸਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ।ਇਟਲੀ ਦਾ ਲਾਸੀਓ ਸੂਬਾ ਅਜਿਹੇ ਭਾਰਤੀ ਨੌਜਵਾਨਾਂ ਨਾਲ ਦਿਨੋ-ਦਿਨ ਨੱਕੋ-ਨੱਕ ਭਰਦਾ ਨਜ਼ਰੀ ਆ ਰਿਹਾ ਹੈ ਜਿਹੜੇ ਕਿ ਆਪਣੇ ਥੌੜੇ ਜਿਹੇ ਮੁਨਾਫ਼ੇ ਲਈ ਆਪਣੇ ਹੀ ਭਰਾਵਾਂ ਯਾਨੀ ਭਾਰਤੀ ਨੌਜਵਾਨਾਂ ਨੂੰ ਕਦੀ ਨਕਲੀ ਨੂਲਾ ਓਸਤਾ,ਕਦੀ ਨਕਲੀ ਇਟਾਲੀਅਨ ਬੋਲੀ ਦਾ ਸਰਟੀਫਿਕੇਟ ,ਕਦੀ ਘਰ ਵਿੱਚ ਰਹਿਣ ਵਾਲਾ ਨਕਲੀ ਸਰਟੀਫਿਕੇਟ ਤੇ ਕਦੀ ਘਰ ਦਾ ਨਕਲੀ ਨਕਸ਼ਾ ਦੇਕੇ ਚਿੱਟੇ ਦਿਨ ਲੁੱਟ ਰਹੇ ਹਨ ।ਜਿਹੜੇ ਭਾਰਤੀ ਨੌਜਵਾਨ ਅਜਿਹੇ ਲੋਕਾਂ ਤੋਂ ਪੈਸੇ ਦੇਕੇ ਲੋੜੀਦੇ ਪੇਪਰ ਖਰੀਦ ਦੇ ਹਨ ਉਹਨਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਉਂਦੋ ਪਤਾ ਲੱਗਦਾ ਹੈ ਜਦੋਂ ਇਟਲੀ ਦੇ ਕਸਤੂਰੇ(ਥਾਣੇ)ਵਾਲੇ ਉਹਨਾਂ ਵੱਲੋਂ ਪੇਸ਼ ਕੀਤੇ ਪੇਪਰਾਂ ਨੂੰ ਨਕਲੀ ਦੱਸਦਿਆਂ ਕਾਨੂੰਨੀ ਸ਼ਿਕੰਜੇ ਵਿੱਚ ਜਕੜ ਲੈਂਦੇ ਹਨ ।ਅਜਿਹੇ ਠੱਗ ਹੋਏ ਭਾਰਤੀ ਨੌਜਵਾਨ ਸੂਬੇ ਦੇ ਸ਼ਹਿਰ ਬੋਰਗੋ ਹਰਮਾਦਾ,ਬੇਲਾਫਰਾਨੀਆਂ,ਕੰਪੋ ਦੀ ਕਾਰਨੇ, ਲਾਤੀਨਾ ,ਅਪਰੀਲੀਆ,ਅੰਸੀਓ,ਲਵੀਨਿਓ,ਨਤੂਨੋ ਅਤੇ ਰੋਮ ਵਿੱਚ ਵੱਡੀ ਤਦਾਦ ਵਿੱਚ ਹਨ ਜੋ ਕਿ ਆਪਣੀ ਲੁੱਟ ਨੂੰ ਦੱਸਣਾ ਵੀ ਚਾਹੁੰਦੇ ਤੇ ਬਦਨਾਮੀ ਤੋਂ ਵੀ ਡਰਦੇ ਹਨ ਕਿਉਂ ਕਿ ਠੱਗ ਹੋਏ ਨੌਜਵਾਨ ਇਹ ਸੋਚਦੇ ਹਨ ਕਿ ਜੇਕਰ ਉਹ ਆਪਣੀ ਠੱਗੀ ਦੀ ਗੱਲ ਦੱਸਦੇ ਹਨ ਤਾਂ ਲੋਕਾਂ ਵਿੱਚ ਉਹਨਾਂ ਦਾ ਮਜ਼ਾਕ ਬਣੇਗਾ। ਠੱਗ ਟੋਲੇ ਦੇ ਸ਼ਿਕਾਰ ਹੋਏ  ਇਲਾਕੇ ਦੇ ਕੁਝ ਨੌਜਵਾਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਹਨਾਂ ਵਿੱਚ ਇੱਕ ਨੌਜਵਾਨ ਨੇ ਇਟਲੀ ਦੀ ਨਿਵਾਸ ਆਗਿਆ ਦੀ ਮਿਆਦ ਵਧਾਉਣੀ ਸੀ ਤਾਂ ਕਿਸੇ ਨੇ ਕਿਹਾ ਕਿ ਅੰਸੀਓ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਰੋਮ ਦੇ ਕਸਤੂਰੇ(ਥਾਣੇ) ਵੱਲੌਂ ਨਿਵਾਸ ਆਗਿਆ ਇੱਕ ਮਹੀਂਨੇ ਦੇ ਅੰਦਰ-ਅੰਦਰ ਹੀ ਵਧਾ ਕੇ ਦੇ ਦਿੱਤੀ ਜਾਂਦੀ ਹੈ ।ਫਿਰ ਕੀ ਸੀ ਉਸ ਨੌਜਵਾਨ ਨੇ ਅੰਸੀਓ ਦੇ ਘਰ ਦੇ ਪੇਪਰ ਮੁੱਲ ਦੇ ਖਰੀਦਣ ਲਈ ਇਸੇ ਇਲਾਕੇ ਦੇ ਠੱਗ ਟੋਲੇ ਦੇ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਨੌਜਵਾਨ ਨਾਲ ਗੰਢਤੁੱਪ ਕਰ ਲਈ ਅਤੇ ਮੁੱਲ ਦੇ ਘਰ ਦੇ ਪੇਪਰ ਲੈ ਥਾਣੇ ਵਿੱਚ ਨਿਵਾਸ ਆਗਿਆ ਵਧਾਉਣ ਲਈ ਕਿੱਟ  ਜਮ੍ਹਾ ਕਰਵਾ ਦਿੱਤੀ ਪਰ ਅਫ਼ਸੋਸ ਸੈਂਕੜੇ ਯੂਰੋ ਖਰਚਕੇ ਵੀ ਇਸ ਨੌਜਵਾਨ  ਦਾ ਕੰਮ ਸੁਲਝਣ ਦੀ ਬਜਾਏ ਉਲਝ ਦਾ ਲੱਗਿਆ ਕਿਉਂ ਕਿ ਜਦੌਂ ਇਹ ਨੌਜਵਾਨ ਕੁਝ ਮਹੀਨੇ ਦੀ ਛੁੱਟੀ ਭਾਰਤ ਗਿਆ ਤਾਂ ਇਟਲੀ ਵਾਪਸੀ ਮੌਕੇ ਰੋਮ ਏਅਰਪੋਰਟ ਉੱਤੇ ਇਟਾਲੀਅਨ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਕਈ ਘੰਟੇ ਪੁੱਛ-ਗਿੱਛ ਕੀਤੀ ਕਿ ਜਿਹੜੇ ਉਸ ਨੇ ਨਿਵਾਸ ਆਗਿਆ ਵਧਾਉਣ ਲਈ ਘਰ ਦੇ ਪੇਪਰ ਲਗਾਏ ਸੀ ਉਹ ਸਭ ਨਕਲੀ ਹਨ ਇਹ ਸੁਣਦੇ ਸਾਰ ਹੀ ਉਸ ਨੌਜਵਾਨ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ ।ਇਟਾਲੀਅਨ ਪੁਲਿਸ ਨੇ ਬੇਸ਼ੱਕ ਉਸ ਨੌਜਵਾਨ ਨੂੰ ਅੱਧੀ ਰਾਤ ਨੂੰ ਛੱਡ ਦਿੱਤਾ ਪਰ ਉਸ ਨੌਜਵਾਨ ਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਭੱਵਿਖ ਵਿੱਚ ਨਕਲੀ ਪੇਪਰਾਂ ਦਾ ਖਮਿਆਜਾ ਉਸ ਨੂੰ ਭੁਗਤਣਾ ਪੈ ਸਕਦਾ ਹੈ।ਇਸੇ ਤਰ੍ਹਾਂ ਬੋਰਗੋ ਹਰਮਾਦਾ ਦੇ ਦੋ  ਨੌਜਵਾਨਾਂ ਨੇ ਦੱਸਿਆ ਕਿ ਉੁਹਨਾਂ ਇਟਲੀ ਵਿੱਚ ਲੰਬੇ ਸਮੇਂ ਦੀ ਨਿਵਾਸ ਆਗਿਆ ਦੀ ਦਰਖਾਸਤ ਦੇਣੀ ਸੀ ਜਿਸ ਲਈ ਉਹਨਾਂ ਨੂੰ ਇਟਾਲੀਅਨ ਬੋਲੀ ਦਾ ਸਰਟੀਫਿਕੇਟ ਚਾਹੀਦਾ ਸੀ ।ਇਟਾਲੀਅਨ ਬੋਲੀ ਨਾ ਆਉਣ ਕਾਰਨ ਉਹਨਾਂ ਸਰਟੀਫਿਕੇਟ ਮੁੱਲ ਖਰੀਦਣ ਦਾ ਮੰਨ ਬਣਾ ਲਿਆ ਤੇ  ਇਸ ਕੰਮ ਲਈ ਉਹਨਾਂ ਦੀ ਪਿੰਡ ਦੇ ਹੀ ਭਾਰਤੀ ਨੌਜਵਾਨ ਨਾਲ 500 ਯੂਰੋ ਵਿੱਚ ਗੱਲ ਪੱਕੀ ਹੋ ਗਈ ਤੇ ਪੇਸ਼ਗੀ ਵਜੋ ਉਹਨਾਂ ਦੋਨਾਂ ਨੌਜਵਾਨਾਂ ਨੇ 100 ਯੂਰੋ ਉਸ ਭਾਰਤੀ ਨੌਜਵਾਨ ਨੂੰ ਦੇ ਦਿੱਤਾ ਜਿਸ ਨੇ ਕਿ ਕੁਝ ਦਿਨਾਂ ਵਿੱਚ ਹੀ ਦੋਨਾਂ ਨੌਜਵਾਨਾਂ ਨੂੰ ਇਟਾਲੀਅਨ ਬੋਲੀ ਦਾ ਸਰਟੀਫਿਕੇਟ ਦੇ ਦਿੱਤਾ।ਇਟਾਲੀਅਨ ਬੋਲੀ ਦਾ ਸਰਟੀਫਿਕੇਟ ਹੱਥ ਵਿੱਚ ਦੇਖ ਦੋਨਾਂ ਨੌਜਵਾਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਪਰ ਇਹ ਖੁਸ਼ੀਆਂ ਦਾ ਸਾਰਾ ਰੰਗ ਉਸ ਵੇਲੇ ਫਿੱਕਾ ਪੈ ਗਿਆ ਜਦੋਂ ਤੇਰਾਚੀਨਾ ਕਸਤੂਰੇ(ਥਾਣੇ) ਵਾਲਿਆਂ ਨੇ ਉਹਨਾਂ ਵੱਲੋਂ ਪੇਸ਼ ਕੀਤੇ ਇਟਾਲੀਅਨ ਬੋਲੀ ਦੇ ਸਰਟੀਫਿਕੇਟਾਂ ਨੂੰ ਨਕਲੀ ਕਹਿੰਦਿਆਂ ਉਹਨਾਂ ਨੂੰ ਲੰਬੇ ਸਮੇਂ ਦੀ ਨਿਵਾਸ ਆਗਿਆ ਦੇਣ ਤੋਂ ਨਾਹ ਕਰ ਦਿੱਤੀ ਅਤੇ ਦੋਨਾਂ ਨੌਜਵਾਨਾਂ ਉਪੱਰ ਹੇਰਾਫੇਰੀ ਦਾ ਕੇਸ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।ਜਦੋਂ ਨੌਜਵਾਨਾਂ ਨੂੰ ਆਪਣੇ ਖਿਲਾਫ਼ ਕਾਰਵਾਈ ਹੋਣ ਦੀ ਗੱਲ ਸਮਝ ਲੱਗੀ ਤਾਂ ਉਹਨਾਂ ਝੱਟਪੱਟ ਇਸ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਂਅ ਲੈ ਮਿੰਨਤਾਂ ਤਰਲਿਆਂ ਨਾਲ  ਆਪਣੀ ਜਾਨ ਛੁਡਾਈ।ਇਸ ਤਰ੍ਹਾਂ ਸੈਂਕੜੇ ਯੂਰੋ ਖਰਚਕੇ  ਮੁੱਲ ਦੇ ਨਕਲੀ ਪੇਪਰ ਖਰੀਦਣ ਵਾਲੇ ਇਲਾਕੇ ਵਿੱਚ ਅਨੇਕਾਂ ਨੌਜਵਾਨ ਹਨ ਜਿਹੜੇ ਕਿ ਵਿਚਾਰੇ ,ਠੱਗ ਟੋਲੇ ਦੀ ਸੈæਤਾਨੀ ਦੀ ਇਕੱਲੀ ਸਜ਼ਾ ਹੀ ਨਹੀਂ ਭੁਗਤ ਰਹੇ ਸਗੋਂ ਆਪਣੇ ਭੱਵਿਖ ਨੂੰ ਧੁੰਧਲਾ ਕਰਨ ਲਈ ਵੀ ਆਪਣੇ ਮਾੜੇ ਵਕਤ ਨੂੰ ਕੋਸ ਰਹੇ ਹਨ।ਉਪਰੋਕਤ ਘਟਨਾਵਾਂ ਉਪੱਰ ਆਪਣਾ ਪ੍ਰਤੀਕਰਮ ਦਿੰਦਿਆਂ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਸਾਂਤੀ ਦੂਤ ਸ:ਹਰਬਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਲਾਸੀਓ ਸੂਬੇ ਦੇ ਭਾਰਤੀ ਨੌਜਵਾਨ ਨਿਵਾਸ ਆਗਿਆ ਵਧਾਉਣ ਲਈ ਕੋਈ ਵੀ ਕਿਸੇ ਕੋਲੋ ਵੀ ਮੁੱਲ ਦੇ ਪੇਪਰ ਖਰੀਦ ਕੇ ਆਪਣੇ ਵਰਤਮਾਨ ਅਤੇ ਭੱਵਿਖ ਨਾਲ ਖਿਲਵਾੜ ਨਾ ਕਰਨ ਨਹੀਂ ਤਾਂ ਬਾਅਦ ਵਿੱਚ ਉਹਨਾਂ ਨੌਜਵਾਨਾਂ ਕੋਲੋ ਸਿਵਾਏ ਪਛਤਾਉਣ ਦੇ ਹੋਰ ਕੁਝ ਪੱਲੇ ਨਹੀ ਰਹਿਣਾ ਜਿਹੜੇ ਕਿ ਸੈæਕੜੇ ਯੂਰਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਲ ਦੇ ਪੇਪਰ ਖਰੀਦ ਨਿਵਾਸ ਆਗਿਆ ਜਾਂ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨਾ ਚਾਹੁੰਦੇ ਹਨ।ਸ:ਧਾਲੀਵਾਲ ਨੇ ਇਹ ਵੀ ਕਿ ਜਿਹੜੇ ਲੋਕ ਭਾਰਤੀ ਠੱਗਾਂ ਦੀ ਨਕਲੀ ਪੇਪਰਾਂ ਦੁਆਰਾ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਉਹ ਖੁੱਲ ਕੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਸਭ ਦੇ ਸਾਹਮਣ੍ਹੇ ਲਿਆਉਣ ਤੇ ਉਹਨਾਂ ਉਪੱਰ ਬਣਦੀ ਕਾਰਵਾਈ ਕਰਨ ਤਾਂ ਜੋ ਬਾਕੀ ਲੋਕਾਂ ਨੂੰ ਬਚਾਇਆ ਜਾ ਸਕੇ।