ਇਟਾਲੀਅਨ ਮਾਫੀਆ ਸਰਗਨਾ ਪੇਪੇ ਵੱਲੋਂ ਆਤਮ ਸਮਰਪਣ

altਰੋਮ (ਇਟਲੀ) 19 ਮਈ (ਬਿਊਰੋ) – ਇਟਲੀ ਦੇ ਇਤਿਹਾਸ ਵਿਚ ਮਈ 2013 ਹਮੇਸ਼ਾਂ ਇਤਿਹਾਸਕ ਰਹੇਗਾ, ਕਿਉਂਕਿ ਇਸ ਦਿਨ ਕੋਈ ਵਿਗਿਆਨਕ ਖੋਜ ਜਾਂ ਮਨੁੱਖ ਦੇ ਉਡਣ ਦੀ ਖੋਜ ਦੀ ਇਜਾਦ ਨਹੀਂ ਸਗੋਂ ਪਹਿਲੀ ਵਾਰ ਇਟਲੀ ਦੇ ਸਰਗਨਾ ਅਤੇ ਮੋਸਟ ਵਾਂਟੇਡ ਕ੍ਰਿਮੀਨਲ ਪੇਪੇ ਵੱਲੋਂ ਆਪ ਸਚੀਲੀਆ ਦੇ ਸਥਾਨਕ ਪੁਲਿਸ ਸਟੇਸ਼ਨ ਵਿਚ ਆਤਮ ਸਮਰਪਣ ਕੀਤਾ ਗਿਆ। ਡੈਨਗੇਟਾ ਮਾਫੀਆ ਸੰਗਠਨ ਦੇ ਪ੍ਰਮੁੱਖ ਪੇਪੇ ਪੇਸਕੇ ਨੇ ਸ਼ਾਮ 4:00 ਵਜੇ ਦੇ ਕਰੀਬ ਆਪਣੇ ਨਿਵਾਸ ਸਥਾਨ ਦੇ ਨੇੜ੍ਹਲੇ ਪੁਲਿਸ ਥਾਣੇ ਵਿਚ ਆਤਮ ਸਪਰਪਣ ਕੀਤਾ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਸ ਦੀ ਜਾਣਕਾਰੀ ਪਹਿਲਾਂ ਹੀ ਪੁਲਿਸ ਨੂੰ ਪੇਪੇ ਦੇ ਵਕੀਲ ਵੱਲੋਂ ਭੇਜੀ ਜਾ ਚੁੱਕੀ ਸੀ, ਪਰ ਮਾਫੀਆ ਸੰਗਠਨ ਦੇ ਪ੍ਰਮੁੱਖ ਦੇ ਆਤਮ ਸਮਰਪਣ ਦੀ ਖ਼ਬਰ ਪੁਲਿਸ ਵਿਭਾਗ ਦੇ ਹਜਮ ਨਹੀਂ ਸੀ ਹੋ ਰਹੀ, ਕਿਉਂਕਿ ਜਿਸ ਵਿਅਕਤੀ ਨੂੰ ਫੜ੍ਹਨ ਲਈ ਪਿਛਲੇ ਕਈ ਸਾਲਾਂ ਤੋਂ ਇਟਲੀ ਦੀ ਪੈਰਾ ਮਿਲਟਰੀ ਫੋਰਸ ਨਾਕਾਮਯਾਬ ਰਹੀ ਸੀ, ਉਹ ਹੁਣ ਆਪ ਆਤਮ ਸਮਰਪਣ ਦੀ ਗੱਲ ਕਹਿ ਰਿਹਾ ਹੋਵੇ, ਇਹ ਕੁਝ ਅਜੀਬ ਸੀ, ਪਰ ਸੱਚ ਸਾਬਤ ਹੋਇਆ। 33 ਸਾਲਾ ਪੇਪੇ ਨੂੰ ਦੇਖਣ ਲਈ ਅਤੇ ਉਸ ਦਾ ਸਵਾਗਤ ਪੁਲਿਸ ਥਾਣੇ ਵਿਚ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਥਾਨਕ ਲੋਕ ਅਤੇ ਉਸ ਦੇ ਸ਼ੁਭਚਿੰਤਕ ਵੀ ਹਾਜਰ ਸਨ। ਹੁਣ ਤੱਕ ਪੁਲਿਸ ਵੱਲੋਂ ਤਕਰੀਬਨ ਪੇਸਕੇ ਖਾਨਦਾਨ ਦੇ 42 ਵਿਅਕਤੀਆਂ ਨੂੰ ਪੁਲਿਸ ਫੜ ਚੁੱਕੀ ਹੈ ਅਤੇ ਉਨ੍ਹਾਂ ਨੂੰ ਸਜਾਵਾਂ ਵੀ ਹੋ ਚੁਕੀਆ ਹਨ, ਪਰ ਸਿਰਫ ਪੇਸਕੇ ਹੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ। ਪੇਸਕੇ ਦੇ ਅਤਮ ਸਮਰਪਣ ਤੋਂ ਬਾਅਦ ਵਿਸ਼ੇਸ਼ ਅਦਾਲਤ ਵੱਲੋਂ ਉਸ ਨੂੰ 16 ਸਾਲਾ ਦੀ ਜੇਲ ਦੀ ਸਜਾ ਸੁਣਾਈ ਗਈ, ਪਰ ਉਸ ਦੇ ਸ਼ੁਭਚਿੰਤਕ ਉਸ ਦੀ ਤੁਲਨਾ ਯੀਸੂ ਮਸੀਹ ਨਾਲ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ, ਪੇਸਕੇ ਵੀ ਯੀਸੂ ਵਾਂਗ ਜਲਦ ਬਾਹਰ ਆਵੇਗਾ ਅਤੇ ਆਪਣਾ ਸਮਰਾਜ ਸੰਭਾਲੇਗਾ। ਪੇਸਕੇ ਨੇ ਵੀ ਆਤਮ ਸਮਰਪਣ ਤੋਂ ਬਾਅਦ ਸਭ ਨੂੰ ਹੱਥ ਹਿਲਾ ਕੇ ਅਲਵਿਦਾ ਆਖਿਆ ਅਤੇ ਨਾਲ ਹੀ ਜਲਦ ਵਾਪਸ ਮੁੜਨ ਦਾ ਵਾਅਦਾ ਵੀ ਕੀਤਾ, ਪਰ ਇਟਾਲੀਅਨ ਪੁਲਿਸ ਇਸ ਨੂੰ ਡਰਾਮਾ ਦੱਸਦੀ ਹੈ ਅਤੇ ਉਨ੍ਹਾਂ ਅਨੁਸਾਰ ਪੇਸਕੇ ਦਾ ਇਤਿਹਾਸ ਅਤੇ ਸਫਰ ਇਥੇ ਤੱਕ ਦਾ ਸੀ ਜੋ ਹੁਣ ਖਤਮ ਹੋ ਚੁੱਕਿਆ ਹੈ ਅਤੇ ਉਸ ਨੂੰ ਉਸ ਦੇ ਗੁਨਾਹਾਂ ਦੀ ਸਜਾ ਬਿਨਾਂ ਸ਼ੱਕ ਭੁਗਤਣੀ ਪਵੇਗੀ।