ਕੌਂਸਲਰ ਨੇ ਦਿੱਤਾ ਮੰਤਰੀ ਦਾ ਬਲਾਤਕਾਰ ਕਰਨ ਦਾ ਸੱਦਾ

altਰੋਮ (ਇਟਲੀ) 15 ਜੂਨ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚ ਸਭ ਤੋਂ ਵਧੇਰੀ ਚਰਚਾ ਵਿਚ ਰਹਿਣ ਵਾਲੀ ਸਿਆਸੀ ਪਾਰਟੀ ਅਤੇ ਵਿਰੋਧੀ ਧਿਰ ਲੇਗਾ ਨਾੱਰਦ ਨਾਲ ਸਬੰਧਿਤ ਪਾਦੋਵਾ ਦੀ ਕੌਂਸਲਰ ਵੱਲੋਂ ਦਿੱਤੇ ਬਿਆਨ ਕਾਰਨ ਇਟਲੀ ਦੀ ਸਿਆਸਤ ਵਿਚ ਕੱਲ ਖਲਬਲੀ ਮੱਚ ਗਈ। ਸਿਆਸੀ ਖੇਮਿਆਂ ਵਿਚ ਕੌਂਸਲਰ ਦੋਲੋਰੇਸ ਵਾਲਾਂਦਰੋ ਦੇ ਉਸ ਬਿਆਨ ਦੀ ਭਰਪੂਰ ਚਰਚਾ ਅਤੇ ਨਿੰਦਾ ਰਹੀ, ਜਿਸ ਵਿਚ ਉਨ੍ਹਾਂ ਇਟਲੀ ਦੀ ਨਵੀਂ ਬਣੀ ਸਰਕਾਰ ਦੀ ਸਦਭਾਵਨਾ ਮੰਤਰੀ ਚੇਚੀਲੇ ਕਿਆਨਜੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਕੇ ਕਮੈਂਟ ਜਰੀਏ ਸਵਾਲ ਕੀਤਾ ਕਿ, ‘ਕਿਉਂ ਨਾ ਇਟਲੀ ਦੀ ਕਾਲੀ ਮੰਤਰੀ ਦਾ ਰੇਪ ਕੀਤਾ ਜਾਵੇ, ਜਿਸ ਨਾਲ ਉਸ ਨੂੰ ਬਲਾਤਕਾਰ ਹੋਣ ਦੀ ਤਕਲੀਫ਼ ਦਾ ਅਹਿਸਾਸ ਹੋ ਸਕੇ।’ ਇਹ ਬਿਆਨ ਕੌਂਸਲਰ ਨੇ ਉਸ ਹਾਦਸੇ ਮਗਰੋਂ ਦਾਗਿਆ ਜਿਸ ਵਿਚ ਇਕ ਅਫਰੀਕੀ ਮੂਲ ਦੇ ਵਿਅਕਤੀ ਨੇ ਇਟਾਲੀਅਨ ਔਰਤ ਨਾਲ ਬਲਾਤਕਾਰ ਕੀਤਾ ਸੀ। ਲੇਗਾ ਨਾੱਰਦ ਪਾਰਟੀ ਵੈਸੇ ਤਾਂ ਮੰਤਰੀ ਚੇਚੀਲੇ ਦੇ ਖਿਲਾਫ ਬੋਲਣ ਜਾਂ ਸੋਸ਼ਲ ਮੀਡੀਆ ਵਿਚ ਉਸ ਨੂੰ ਭੰਡਣ ਦਾ ਕੋਈ ਮੌਕਾ ਨਹੀਂ ਖੁਝਾਂਉਂਦੀ, ਪਰ ਵਾਲਾਂਦਰੋ ਦੇ ਇਸ ਬਿਆਨ ਤੋਂ ਪਾਰਟੀ ਨੇ ਬੜੀ ਸਫਾਈ ਨਾਲ ਪੱਲਾ ਝਾੜਦਿਆਂ ਪਾਰਟੀ ਦੇ ਪ੍ਰਬੰਧਕ ਮਾਸੀਮੋ ਬਿਤੋਂਚੀ ਨੇ ਕੌਂਸਲਰ ਦੇ ਵਿਚਾਰ ਦੀ ਨਿੰਦਾ ਵੀ ਕੀਤੀ ਅਤੇ ਸਪਸ਼ਟ ਕੀਤਾ ਕਿ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਵਾਲਾਂਦਰੋ ਦੇ ਆਪਣੇ ਵਿਚਾਰ ਹੋ ਸਕਦੇ ਹਨ, ਪਰ ਪਾਰਟੀ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ, ਪਾਰਟੀ ਵਾਲਾਂਦਰੋ ਵੱਲੋਂ ਜਾਰੀ ਕੀਤੇ ਬੇਹੁਦਾ ਅਤੇ ਬੇ ਸਿਰ ਪੈਰ ਦੇ ਬਿਆਨ ਦੇ ਕਰਕੇ ਉਸ ਖਿਲਾਫ ਪਾਰਟੀ ਸੰਵਿਧਾਨ ਮੁਤਾਬਿਕ ਬਣਦੀ ਕਾਰਵਾਈ ਵੀ ਜਰੂਰ ਕਰੇਗੀ ਅਤੇ ਫਿਲਹਾਲ ਉਸ ਦੀ ਉਮੀਦਵਾਰਤਾ ਬਰਖ਼ਾਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕੌਂਸਲਰ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਉਸ ਇਤਰਾਜ ਜਨਕ ਬਿਆਨ ਨੂੰ ਤੁਰੰਤ ਹਟਾਉਣ ਅਤੇ ਮਾਫੀ ਵੀ ਮੰਗਣ। ਜਿਕਰਯੋਗ ਹੈ ਕਿ 48 ਸਾਲਾ ਚੇਚੀਲੇ ਕਿਆਨਜੀ ਦਾ ਜਨਮ ਕੌਂਗੋ ਵਿਚ ਹੋਇਆ ਹੈ ਅਤੇ ਇਟਲੀ ਵਿਚ ਉਹ ਡਾਕਟਰੀ ਦੀ ਪੜ੍ਹਾਈ ਕਰਨ ਲਈ ਆਈ ਸੀ, ਜਿਸ ਉਪਰੰਤ ਇੱਥੇ ਹੀ ਵੱਸ ਗਈ। ਆਪਣੇ ਸਮਾਜ ਸੇਵੀ ਕਾਰਜਾਂ ਕਾਰਨ ਉਸ ਨੂੰ ਡੈਮੋਕਰੇਟਿਕ ਪਾਰਟੀ ਵੱਲੋਂ ਉਮੀਦਵਾਰ ਚੁਣਿਆ ਗਿਆ ਅਤੇ ਉਸ ਨੇ ਵੱਡੀ ਜਿੱਤ ਹਾਸਲ ਕੀਤੀ ਜਿਸ ਉਪਰੰਤ ਉਸ ਨੂੰ ਸਦਭਾਵਨਾ ਮੰਤਰੀ ਥਾਪਿਆ ਗਿਆ। ਇਹ ਇਟਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਸੀ ਕੀ ਕਾਲੇ ਮੂਲ ਦੀ ਔਰਤ ਨੂੰ ਦੇਸ਼ ਦੇ ਵਜੀਰ ਵਜੋਂ ਨਵਾਜਿਆ ਗਿਆ ਹੋਵੇ। ਜਿਸ ਦਾ ਵਿਰੋਧ ਵਿਰੋਧੀ ਧਿਰ ਅਤੇ ਇਟਲੀ ਦੀ ਵਿਦੇਸ਼ੀਆਂ ਦੀ ਵਿਰੋਧਕ ਅਤੇ ਕੱਟੜਪੰਥੀ ਸਰਕਾਰ ਪਹਿਲੇ ਦਿਨ ਤੋਂ ਹੀ ਕਰਦੀ ਆ ਰਹੀ ਹੈ। ਲੇਗਾ ਨਾੱਰਦ ਦਾ ਮੰਨਣਾ ਹੈ ਕਿ ਚੇਚੀਲੇ ਕੌਂਗੋ ਦੇ ਕਾਨੂੰਨ ਅਤੇ ਸੱਭਿਅਤਾ ਨੂੰ ਇਟਲੀ ਵਿਚ ਲਾਗੂ ਕਰੇਗੀ। ਜਿਕਰਯੋਗ ਹੈ ਚੇਚੀਲੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਟਲੀ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਇਟਲੀ ਦੀ ਹੀ ਦੇਣੀ ਚਾਹੀਦੀ ਹੈ, ਜਿਸ ਦੇ ਹੱਕ ਵਿਚ ਵਿਰੋਧੀ ਧਿਰ ਨਹੀਂ ਹੈ।