ਪਰਿਵਾਰਕ ਸਹਾਇਤਾ ਰਾਸ਼ੀ 2017 ਵਿਦੇਸ਼ੀ ਵੀ ਲਾਭ ਪ੍ਰਾਪਤ ਕਰਨ ਦੇ ਹੱਕਦਾਰ

inpsਰੋਮ (ਇਟਲੀ) 16 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇੰਪਸ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਸਬੰਧੀ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ। ਇਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਇਟਾਲੀਅਨ ਨਾਗਰਿਕ, ਯੂਰਪੀਅਨ ਦੇਸ਼ਾਂ ਦੇ ਨਾਗਰਿਕ ਅਤੇ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ ਵਿਦੇਸ਼ੀ ਨਾਗਰਿਕ ਇਹ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।
ਹਰ ਸਾਲ ਇੰਪਸ ਵੱਲੋਂ ਉਪਰੋਕਤ ਸਹਾਇਤਾ ਰਾਸ਼ੀ ਪ੍ਰਦਾਨ ਕਰਵਾਈ ਜਾਂਦੀ ਹੈ। ਸਹਾਇਤਾ ਰਾਸ਼ੀ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਕੰਮ ਦੀ ਸਥਿਤੀ, ਪਰਿਵਾਰਕ ਰਹਿਣ ਸਹਿਣ ਦੀ ਸਥਿਤੀ, ਆਮਦਨ ਦੀ ਸਥਿਤੀ ਅਤੇ ਪਰਿਵਾਰਕ ਮੈਂਬਰਾਂ ਉੱਤੇ ਨਿਰਭਰ ਕਰਦਾ ਹੈ ਕਿ ਪਰਿਵਾਰ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਦਾ ਹੱਕਦਾਰ ਹੈ ਜਾਂ ਨਹੀਂ, ਜੇ ਹਾਂ ਤਾਂ ਉਹ ਕਿੰਨੀ ਸਹਾਇਤਾ ਰਾਸ਼ੀ ਪ੍ਰਾਪਤ ਕਰ ਸਕਦਾ ਹੈ। ਪਰਿਸ਼ਦ ਵੱਲੋਂ 2015-2016 ਅਨੁਸਾਰ ਹੀ ਇਸ ਸਾਲ 2017 ਲਈ ਸਹਾਇਤਾ ਰਾਸ਼ੀ ਦੀ ਪੁਸ਼ਟੀ ਕੀਤੀ ਗਈ ਹੈ।
ਸਾਲ 2017 ਲਈ ਮਾਤਰਤਵ ਭੱਤਾ, ਨਵੀਆਂ ਬਣੀਆਂ ਮਾਤਾਵਾਂ ਜਿਨ੍ਹਾਂ ਨੇ ਇਸ ਸਾਲ ਦੌਰਾਨ ਬੱਚੇ ਨੂੰ ਜਨਮ ਦਿੱਤਾ ਹੈ, ਜਾਂ ਕੋਈ ਬੱਚਾ ਇਸ ਸਮੇਂ ਦੌਰਾਨ ਗੋਦ ਲਿਆ ਹੋਵੇ, ਜਿਹੜੇ ਪਰਿਵਾਰਾਂ ਦੀ ਸਲਾਨਾ ਆਮਦਨ ਦਰ 16.954,95 ਹੈ, ਉਹ ਮਾਤਾਵਾਂ ਪੰਜ ਮਹੀਨਿਆਂ ਲਈ 338,89 ਯੂਰੋ ਹਰ ਮਹੀਨੇ ਪ੍ਰਾਪਤ ਕਰਨ ਦੀਆਂ ਹੱਕਦਾਰ ਹੋਣਗੀਆਂ।
ਇਸ ਸਹਾਇਤਾ ਰਾਸ਼ੀ ਦੀ ਮੰਗ ਇਟਾਲੀਅਨ ਨਾਗਰਿਕ, ਯੂਰਪੀਅਨ ਯੂਨੀਅਨ ਦੇਸ਼ਾਂ ਦੇ ਨਾਗਰਿਕ ਅਤੇ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ ਵਿਦੇਸ਼ੀਆਂ (ਜਿਹੜੇ ਕਿ ਇਸ ਨਾਲ ਸਬੰਧਿਤ ਕਿਸੇ ਹੋਰ ਤਰ੍ਹਾਂ ਦੀ ਰਾਸ਼ੀ ਨਹੀਂ ਪ੍ਰਾਪਤ ਕਰ ਰਹੇ) ਵੱਲੋਂ ਕੀਤੀ ਜਾ ਸਕਦੀ ਹੈ। ਬੱਚੇ ਦੇ ਜਨਮ ਜਾਂ ਗੋਦ ਲੈਣ ਦੇ 6 ਮਹੀਨੇ ਦੇ ਸਮੇਂ ਦੇ ਅੰਦਰ ਆਪਣੇ ਰਿਹਾਇਸ਼ੀ ਖੇਤਰ ਦੇ ਕਮੂਨਾ ਨੂੰ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੱਤੀ ਜਾਵੇ।
ਸਾਲ 2017 ਦੌਰਾਨ ਪਰਿਵਾਰ ਸਹਾਇਤਾ ਰਾਸ਼ੀ ਯੋਜਨਾ ਤਹਿਤ ਜਿਹੜੇ ਪਰਿਵਾਰ ਦੀ ਸਲਾਨਾ ਆਮਦਨ ਦਰ 8.555,99 ਯੂਰੋ ਹੈ ਅਤੇ ਉਸ ਵਿਚ ਤਿੰਨ ਨਾਬਾਲਗ ਬੱਚੇ ਹਨ, ਉਹ 13 ਮਹੀਨਿਆਂ ਤੱਕ ਲਈ 141,30 ਯੂਰੋ ਤੱਕ ਦੀ ਸਹਾਇਤਾ ਰਾਸ਼ੀ ਪ੍ਰਾਪਤ ਕਰ ਸਕਦੇ ਹਨ।