ਪਾਲੇਰਮੋ : ਮੁੱਖ ਅਧਿਆਪਕ ਨੇ ਸਕੂਲ ਵਿਚੋਂ ਕੈਥੋਲਿਕ ਚਿੰਨ੍ਹ ਹਟਵਾਏ

statueਪਾਲੇਰਮੋ (ਇਟਲੀ) 24 ਨਵੰਬਰ (ਪੰਜਾਬ ਐਕਸਪ੍ਰੈੱਸ) – ਇਟਲੀ ਦੇ ਇਕ ਸਕੂਲ ਦੇ ਹੈੱਡਮਾਸਟਰ ਵੱਲੋਂ ਸਕੂਲ ਵਿਚ ਕੈਥੋਲਿਕ ਪ੍ਰਾਥਨਾ ਬੰਦ ਕਰਵਾਉਣ, ਮਦਰ ਮੈਰੀ ਦੀ ਮੂਰਤੀ ਹਟਾਉਣ ਅਤੇ ਪੋਪ ਫਰਾਂਸਿਸ ਦੀਆਂ ਤਸਵੀਰਾਂ ਹਟਾਉਣ ‘ਤੇ ਲੋਕ ਆਪਣੀ ਅਲੱਗ ਅਲੱਗ ਪ੍ਰਤੀਕਿਰਿਆ ਪੇਸ਼ ਕਰ ਰਹੇ ਹਨ।
ਸਮਾਚਾਰ ਅਨੁਸਾਰ ਪਾਲੇਰਮੋ ਦੇ ਰਾਗੂਸਾ ਮੋਲੇਤੀ ਖੇਤਰ ਦੇ ਇਕ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਨੇ 23 ਨਵੰਬਰ ਨੂੰ ਇਕ ਸਰਕੂਲਰ ਜਾਰੀ ਕਰ ਕੇ ਬੱਚਿਆਂ ਦੇ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤੀ ਜਾਣ ਵਾਲੀ ਧਾਰਮਿਕ ਪ੍ਰਾਥਨਾ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ।
ਇਸ ਤੋਂ ਇਲਾਵਾ ਮੁੱਖ ਅਧਿਆਪਕ ਨੇ ਕੈਥੋਲਿਕ ਧਰਮ ਨਾਲ ਸਬੰਧਿਤ ਸਾਰੇ ਚਿੰਨ੍ਹ, ਮਦਰ ਮੈਰੀ ਦੀ ਮੂਰਤੀ ਅਤੇ ਪੌਪ ਫਰਾਂਸਿਸ ਦੇ ਚਿੱਤਰ ਨੂੰ ਵੀ ਹਟਾਉਣ ਦਾ ਆਦੇਸ਼ ਦਿੱਤਾ। ਇਹ ਸਾਰੇ ਚਿਨ੍ਹ ਹਟਾਉਣ ਤੋਂ ਬਾਅਦ ਸਕੂਲ ਦੇ ਬਾਥਰੂਮ ਦੇ ਨੇੜ੍ਹੇ ਇਕ ਬਾਰੀ ਵਿਚ ਰੱਖੇ ਗਏ ਹਨ।
ਇਸਦੇ ਸਬੰਧ ਵਿਚ ਬੋਲਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਲਾ ਰੋਕਾ ਨੇ ਪ੍ਰੈੱਸ ਨੂੰ ਦੱਸਿਆ ਕਿ, ਇਹ ਸਭ ਉਸਨੇ ਬੱਚਿਆਂ ਦੇ ਮਾਤਾ-ਪਿਤਾ ਦੀ ਸ਼ਿਕਾਇਤ ਤੋਂ ਬਾਅਦ ਹੀ ਕੀਤਾ, ਉਨ੍ਹਾਂ ਲੋਕਾਂ ਦੀ ਸ਼ਿਕਾਇਤ ਸੀ ਕਿ ਕੁਝ ਬਹੁਤ ਹੀ ਵੱਡੇ ਅਕਾਰ ਦੀਆਂ ਮੂਰਤੀਆਂ ਰਸਤੇ ਵਿਚ ਰੱਖੀਆਂ ਗਈਆਂ ਸਨ, ਜਿਸ ਨਾਲ ਕਿ ਆਉਣ ਜਾਣ ਵਿਚ ਪ੍ਰੇਸ਼ਾਨੀ ਹੁੰਦੀ ਸੀ। ਜਦਕਿ ਕੁਝ ਲੋਕਾਂ ਨੇ ਇਸ ਦਾ ਵਿਰੋਧ ਕਰਨ ਦੀ ਗੱਲ ਕਹੀ।
ਜਦਕਿ ਲਾ ਰੋਕਾ ਵੱਲੋਂ ਇਟਾਲੀਅਨ ਕਾਨੂੰਨ ਦਾ ਪੱਖ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ 2009 ਵਿਚ ਇਕ ਕਾਨੂੰਨ ਸੋਧ ਅਨੁਸਾਰ ਬੱਚਿਆਂ ਦੀ ਸਿੱਖਿਆ ਦੇ ਦੌਰਾਨ ਧਾਰਮਿਕ ਕਾਰਜ ਨਹੀਂ ਕੀਤੇ ਜਾਣੇ ਚਾਹੀਦੇ। ਇਸ ਸ਼ਬਦੀ ਜੰਗ ਵਿਚ ਇਟਲੀ ਦੀਆਂ ਰਾਜਨੀਤਕ ਪਾਰਟੀਆਂ ਵੀ ਕੁੱਦ ਚੁੱਕੀਆਂ ਹਨ, ਜੋ ਕਿ ਇਸ ਮੁੱਦੇ ਦੀ ਆੜ ਵਿਚ ਇਕ ਦੂਜੇ ਨੂੰ ਸ਼ਬਦਾਂ ਨਾਲ ਹਰਾਉਣ ਦੀ ਪੂਰੀ ਕੋਸ਼ਿਸ਼ ਵਿਚ ਹਨ।
ਹਾਲਾਂਕਿ ਇਟਲੀ ਨੇ ਅਧਿਕਾਰਕ ਤੌਰ ‘ਤੇ ਚਰਚ ਅਤੇ ਰਾਜ ਨੂੰ ਅਲੱਗ ਰੱਖਿਆ ਹੈ। ਰੋਮਨ ਕੈਥੋਲਿਕ ਪ੍ਰੰਪਰਾਵਾਂ ਦੇਸ਼ ਵਿਚ ਸਮਾਜ ਅਤੇ ਸੰਸਕ੍ਰਿਤੀ ਵਿਚ ਬਹੁਤ ਗਹਿਰੀਆਂ ਹਨ। ਕਈ ਇਟਾਲੀਅਨ ਧਰਮ ਨੂੰ ਸਮਾਜਿਕ ਜੀਵਨ ਦਾ ਇੱਕ ਗਹਿਰਾ ਹਿੱਸਾ ਮੰਨਦੇ ਹਨ, ਜਿਸ ਵਿਚ ਰਾਜ ਵੱਲੋਂ ਚਲਾਏ ਜਾਣ ਵਾਲੇ ਸਕੂਲ ਵੀ ਸਾਮਿਲ ਹਨ।