ਪੱਕੀ ਨਿਵਾਸ ਆਗਿਆ ਲਈ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਜਰੂਰੀ

italianਰੋਮ, 16 ਜੂਨ (ਵਰਿੰਦਰ ਕੌਰ ਧਾਲੀਵਾਲ) – ਦਸੰਬਰ ਤੋਂ ਇਟਲੀ ਵਿਚ ਰਹਿੰਦੇ ਵਿਦੇਸ਼ੀਆਂ ਨੂੰ ‘ਕਾਰਤਾ ਦੀ ਸਜੋਰਨੋ’ ਲੰਬੇ ਸਮੇਂ ਦੀ ਨਿਵਾਸ ਆਗਿਆ ਜਾਂ ਪੱਕੀ ਨਿਵਾਸ ਆਗਿਆ ਲੈਣ ਲਈ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ।
ਇਹ ਕਾਨੂੰਨ ਬੀਤੇ ਸਾਲ ਸੁਰੱਖਿਆ ਪੁਲੰਦੇ ਤਹਿਤ ਲਾਗੂ ਕੀਤਾ ਗਿਆ ਸੀ। ਇਸ ਨੀਤੀ ਨੂੰ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਦੀ ਤਰਤੀਬ ਨਿਰਧਾਰਤ ਕਰਨ ਉਪਰੰਤ 11 ਜੂਨ ਨੂੰ ਗਜ਼ਟ ਵਿਚ ਦਰਜ ਕੀਤਾ ਗਿਆ। ਨਵੀਂ ਨੀਤੀ 11 ਦਸੰਬਰ ਤੋਂ ਲਾਗੂ ਹੋ ਜਾਵੇਗੀ। ਜਿਹੜੇ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਉਹ ਇਸ ਸਬੰਧੀ ਆਪਣੀ ਦਰਖਾਸਤ ਦਸੰਬਰ ਤੋਂ ਪਹਿਲਾਂ ਜਮਾਂ ਕਰਵਾ ਦੇਣ ਤਾਂ ਉਨ੍ਹਾਂ ਨੂੰ ਭਾਸ਼ਾ ਸਬੰਧੀ ਸਿੱਖਿਆ ਵਿਚ ਬੈਠਣ ਤੋਂ ਬਚਾਅ ਹੋ ਸਕਦਾ ਹੈ।
ਇਹ ਪ੍ਰੀਖਿਆ ਪ੍ਰੈਫੇਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਵਿਚ ਲਈ ਜਾਵੇਗੀ। ਇਹ ਪ੍ਰੀਖਿਆ ਕੰਪਿਊਟਰ ’ਤੇ ਲਈ ਜਾਵੇਗੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੀਖਿਆ ਨੂੰ ਲਿਖਤੀ ਰੂਪ ਵਿਚ ਦੇਣ ਲਈ ਵੀ ਦਰਖਾਸਤ ਦਿੱਤੀ ਜਾ ਰਹੀ ਹੈ। ਵਿਦਿਆਰਥੀ ਲਈ 80% ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ। ਜਿਹੜੇ ਪ੍ਰੀਖਿਆ ਵਿਚ ਫੇਲ ਹੋ ਜਾਣਗੇ, ਨੂੰ ਮੁੜ ਪ੍ਰੀਖਿਆ ਵਿਚ ਬੈਠਣਾ ਪਵੇਗਾ। ਬਿਨੇਕਾਰ ਨੂੰ ਸਾਬਿਤ ਕਰਨਾ ਪਵੇਗਾ ਕਿ ਉਸਨੂੰ ਇਟਾਲੀਅਨ ਭਾਸ਼ਾ ਦਾ ਲੌਂੜੀਂਦਾ ਗਿਆਨ ਹੈ। ਜਿਹੜੇ ਵਿਦੇਸ਼ੀ ਇਟਲੀ ਵਿਚ 5 ਸਾਲ ਤੋਂ ਰਹਿ ਰਹੇ ਹਨ, ਲਈ ਇਹ ਪ੍ਰੀਖਿਆ ਮੁਸ਼ਕਿਲ ਨਹੀਂ। ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਵਾਲੇ ਸਾਰੇ ਬਿਨੇਕਾਰਾਂ ਲਈ ਇਸ ਪ੍ਰੀਖਿਆ ਵਿਚ ਬੈਠਣਾ ਲਾਜ਼ਮੀ ਨਹੀਂ। 14 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਨ੍ਹਾਂ ਵਿਅਕਤੀਆਂ ਨੂੰ ਭਾਸ਼ਾ ਸਬੰਧੀ ਸਿਹਤ ਸਮੱਸਿਆ ਹੋਵੇ (ਡਾਕਟਰ ਵੱਲੋਂ ਇਸ ਸਬੰਧੀ ਤਸਦੀਕ ਕੀਤਾ ਹੋਵੇ), ਜਿਨ੍ਹਾਂ ਵੱਲੋਂ ਇਟਾਲੀਅਨ ਭਾਸ਼ਾ ਦਾ ਏ2 ਸ਼੍ਰੇਣੀ ਕੋਰਸ ਕੀਤਾ ਹੋਵੇ, ਜਿਨ੍ਹਾਂ ਨੇ ਇਟਲੀ ਤੋਂ ਸੈਕੰਡਰੀ ਸਕੂਲ ਦੀ ਸਿੱਖਿਆ ਪਾਸ ਕੀਤੀ ਹੋਵੇ, ਯੂਨੀਵਰਸਿਟੀ ਦੇ ਵਿਦਿਆਰਥੀ, ਪੀ ਐਚ ਡੀ, ਮੈਨੇਜਰ, ਯੂਨੀਵਰਸਿਟੀ ਦੇ ਪ੍ਰੋਫੈਸਰ, ਟਰਾਂਸਲੇਟਰ ਅਤੇ ਇੰਟਰਪਰੇਟਰ, ਵਿਦੇਸ਼ੀ ਸੰਵਾਦਾਤਾ ਜਿਹੜੇ ਕੋਟੇ ਤੋਂ ਬਿਨਾਂ ਇਟਲੀ ਆਏ ਹੋਣ ਨੂੰ ਇਸ ਪ੍ਰੀਖਿਆ ਵਿਚ ਬੈਠਣ ਦੀ ਲੋੜ ਨਹੀਂ।