ਯੂ ਕੇ ਦਾ ਜਨਰਲ ਵੀਜ਼ਾ ਪ੍ਰਾਪਤ ਕਰਨ ਲਈ ਦਰਖ਼ਾਸਤ ਕਿਵੇਂ ਦਿੱਤੀ ਜਾਵੇ?

visaਜੇ ਤੁਸੀਂ ਯੁਨਾਇਟਡ ਕਿੰਗਡਮ ਦੀ ਸੈਰ ਲਈ ਥੋੜੇ ਸਮੇਂ ਦਾ ਜਾਂ ਫਿਰ 6 ਮਹੀਨੇ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਬੰਧੀ ਬ੍ਰਿਟਿਸ਼ ਅੰਬੈਸੀ ਹਾਈ ਕਮਿਸ਼ਨ ਜਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਦਰਖ਼ਾਸਤ ਦੇਣੀ ਪਵੇਗੀ। ਵਿਦੇਸ਼ੀ ਵੀਜ਼ੇ ਦੀ ਦਰਖ਼ਾਸਤ ਦੇਣ ਤੋਂ ਪਹਿਲਾਂ ਇੰਟਰਨੈੱਟ ਦੀ ਵੈੱਬਸਾਈਟ http://www.ukba.homeoffice.gov.uk.visas-immigration.do-you-need-a-visaਤੇ ਘੋਖ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਹੈ ਜਾਂ ਨਹੀਂ। ਵੀਜ਼ੇ ਦੀ ਦਰਖ਼ਾਸਤ ਜਾਣ ਦੇ ਤਿੰਨ ਮਹੀਨੇ ਪਹਿਲਾਂ ਦਿੱਤੀ ਜਾ ਸਕਦੀ ਹੈ। ਯੂ ਕੇ ਬਾੱਡਰ ਏਜੰਸੀ ਵੱਲੋਂ ਇਸ ਸਬੰਧੀ ਦਰਖ਼ਾਸਤ ਯੂ ਕੇ ਜਾਣ ਦੀ ਮਿਥੀ ਗਈ ਤਾਰੀਕ ਤੋਂ 5-10 ਹਫਤੇ ਪਹਿਲਾਂ ਦੇਣ ਦੀਆਂ ਹਦਾਇਤਾਂ ਹਨ। ਤੁਹਾਨੂੰ ਆਮ ਸੈਲਾਨੀ ਵਜ਼ੋਂ ਵਿਚਾਰਿਆ ਜਾਵੇਗਾ, ਜੇ ਤੁਸੀਂ ਯੂ ਕੇ ਆਉਣ ਲਈ ਜਨਰਲ ਵੀਜ਼ੇ ਦਾ ਇਸਤੇਮਾਲ ਕਰਦੇ ਹੋ:
– ਸੈਰ ਸਪਾਟੇ ਲਈ
– ਦੋਸਤਾਂ ਨੂੰ ਮਿਲਣ ਲਈ
ਜਨਰਲ ਵੀਜ਼ੇ ਦੀ ਦਰਖ਼ਾਸਤ ਦੇਣ ਲਈ ਵੀ ਏ ਐਫ-1 ਏ ਫਾਰਮ ਭਰਿਆ ਜਾਵੇ। ਇਸ ਫਾਰਮ ਨੂੰ ਆੱਨਲਾਈਨ ਭਰਨ ਲਈhttp://www.ukba.homeoffice.gov.uk ‘ਤੇ ਪਹੁੰਚ ਕਰੋ।
ਸਧਾਰਨ ਸੈਲਾਨੀ ਦੇ ਤੌਰ ‘ਤੇ ਤੁਸੀਂ 6 ਮਹੀਨੇ ਲਈ ਯੂ ਕੇ ਆ ਸਕਦੇ ਹੋ।
ਬਿਨੇਕਾਰ ਨਾਲ ਜਾਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਧਾਰਨ ਸੈਲਾਨੀ ਵੀਜ਼ੇ ਲਈ ਤਰਤੀਬਵਾਰ ਦਰਖ਼ਾਸਤ ਭਰਨੀ ਪਵੇਗੀ।
ਬੱਚਿਆਂ ਲਈ ਵੱਖਰੀ ਦਰਖ਼ਾਸਤ ਭਰਨੀ ਲਾਜ਼ਮੀ ਹੈ।
ਜੇ ਸੈਲਾਨੀ ਕਿਸੇ ਹੋਰ ਵੀਜ਼ਾ ਸ਼੍ਰੇਣੀ ਵਿਚ ਨਾ ਆਉਂਦਾ ਹੋਵੇ, ਉਹ ਵੀ ਜਨਰਲ ਵਿਸਿਟਰ ਵੀਜ਼ਾ ਤਹਿਤ ਦਰਖ਼ਾਸਤ ਦੇ ਸਕਦਾ ਹੈ।
ਵੀਜ਼ਾ ਦਰਖ਼ਾਸਤ ਦੇਣ ਵੇਲੇ ਧਿਆਨ ਦੇਣ ਯੋਗ ਗੱਲਾਂ
ਯੂ ਕੇ ਦਾ ਵਿਸਿਟਰ ਵੀਜ਼ਾ ਦੇਣ ਤੋਂ ਪਹਿਲਾਂ ਐਂਟਰੀ ਕਲੈਰੈਂਸ ਅਫਸਰ ਇਸ ਗੱਲ ਦੀ ਤਸੱਲੀ ਚਾਹੁੰਦਾ ਹੈ ਕਿ ਵਿਦੇਸ਼ੀ:
– 6 ਮਹੀਨਿਆਂ ਤੋਂ ਵੱਧ ਯੂ ਕੇ ਵਿਚ ਨਾ ਰਹੇ
– ਯੂ ਕੇ ਵਿਚ ਰਹਿਣ ਲਈ ਢੁੱਕਵੇਂ ਆਮਦਨ ਸ੍ਰੋਤ ਹੋਣ, ਆਉਣ ਜਾਣ ਦਾ ਖਰਚਾ ਚੁੱਕ ਸਕਦਾ ਹੋਵੇ, ਜਨਤਕ ਭੱਤੇ ‘ਤੇ ਨਿਰਭਰ ਨਾ ਹੋਵੇ
– ਅਜਿਹੀ ਕਿਸੇ ਕਾਰਵਾਈ ਵਿਚ ਸ਼ਮੂਲੀਅਤ ਨਾ ਕਰੇ ਜਿਸਦੀ ਇਜ਼ਾਜਤ ਨਾ ਹੋਵੇ, ਜਿਵੇਂ ਕਿ ਵਪਾਰ ਜਾਂ ਰੁਜਗਾਰ
– ਨਿਰਧਾਰਤ ਕੀਤੀ ਸਮਾਂ ਸੀਮਾਂ ਵਿਚ ਵਾਪਸ ਮੁੜੇ
ਇਸ ਤੋਂ ਇਲਾਵਾ ਸੈਲਾਨੀ ਵੀਜ਼ੇ ਲਈ ਐਂਟਰੀ ਕਲੈਰੈਂਸ ਅਫ਼ਸਰ ਘੋਖਦਾ ਹੈ ਕਿ ਬਿਨੇਕਾਰ ਸਹੀ ਹੋਵੇ ਅਤੇ ਉਸਦਾ ਚਰਿਤਰ ਚੰਗਾ ਹੋਵੇ।
ਬਿਨੇਕਾਰ ਆਮ ਵੀਜ਼ੇ ਦਾ ਸਹਾਰਾ ਲੈ ਕੇ ਡਾਕਟਰੀ ਸਹਾਇਤਾ, ਸਿੱਖਿਆ, ਵਿਆਹ, ਵਪਾਰ, ਖੇਡ, ਅਖਾੜਿਆਂ ਆਦਿ ਵਿਚ ਹਿੱਸਾ ਲੈਣ ਲਈ ਇਸਦੀ ਵਰਤੋਂ ਨਾ ਕਰੇ।
ਢੁੱਕਵੇਂ ਦਸਤਾਵੇਜ਼
ਵੀਜ਼ਾ ਦਰਖ਼ਾਸਤ ਦੇਣ ਲਈ ਢੁੱਕਵੇਂ ਦਸਤਾਵੇਜ਼ ਨੱਥੀ ਕਰਨੇ ਜਰੂਰੀ ਹਨ। ਦਸਤਾਵੇਜ਼ਾਂ ਦੀ ਕਮੀ ਕਾਰਨ ਵਧੇਰੀਆਂ ਦਰਖ਼ਾਸਤਾਂ ਬਰਖਾਸਤ ਹੋ ਜਾਂਦੀਆਂ ਹਨ।
– ਐਂਟਰੀ ਕਲੈਰੈਂਸ ਅਫ਼ਸਰ ਦੇ ਨਾਂਅ ‘ਤੇ ਇਕ ਪੱਤਰ ਜਿਸ ਵਿਚ ਇਹ ਬਿਆਨ ਕੀਤਾ ਜਾਵੇ ਕਿ ਤੁਸੀਂ ਯੂ ਕੇ ਕਿਸ ਮੰਤਵ ਲਈ ਜਾ ਰਹੇ ਹੋ ਅਤੇ ਤੁਹਾਡਾ ਵਾਪਸ ਮੁੜਨਾ ਕਿਉਂ ਜਰੂਰੀ ਹੈ।
– ਰੁਜਗਾਰ ਸਬੰਧੀ ਦਸਤਾਵੇਜ਼, ਆਮਦਨ ਦੇ ਸਬੂਤ ਤਕਰੀਬਨ ਪਿਛਲੇ 3 ਤੋਂ 6 ਮਹੀਨਿਆਂ ਤੱਕ ਦੇ।
– ਨੌਕਰੀ ਪੇਸ਼ਾ ਵਿਦੇਸ਼ੀ ਵੱਲੋਂ ਕੰਪਨੀ ਤੋਂ ਛੁੱਟੀ ਮਨਜੂਰ ਕਰਵਾਈ ਜਾਵੇ ਅਤੇ ਇਸ ਸਬੰਧੀ ਪੱਤਰ ਦਰਖ਼ਾਸਤ ਨਾਲ ਨੱਥੀ ਕੀਤਾ ਜਾਵੇ।
– ਸਵੈਰੁਜਗਾਰ ਕਰਨ ਵਾਲੇ ਆਪਣੇ ਵਪਾਰ ਦਾ ਸਬੂਤ ਅਤੇ ਆਮਦਨ ਸ੍ਰੋਤ ਦਰਸਾਉਣ।
– ਵਿਦਿਆਰਥੀ ਆਪਣੇ ਚਾਲੂ ਕੋਰਸ, ਕਿਸਮ ਯੂ ਕੇ ਜਾਣ ਲਈ ਛੁੱਟੀ ਨਾਲ ਸਬੰਧਿਤ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਨ।
– ਕੁੱਲ ਮਾਸਕ ਆਮਦਨ ਟੈਕਸ ਭਰਨ ਤੋਂ ਬਾਅਦ।
– ਆਮਦਨ ਦਾ ਹੋਰ ਸ੍ਰੋਤ ਜਿਵੇਂ ਕਿ ਦੋਸਤ, ਪਰਿਵਾਰ, ਬੱਚਤ ਅਤੇ ਜਾਇਦਾਦ ਆਦਿ।
– ਬੈਂਕ ਸਟੇਟਮੈਂਟ ਬੀਤੇ 3 ਤੋਂ 6 ਮਹੀਨਿਆਂ ਦੀ।
– ਪਰਿਵਾਰ ਜਾਂ ਹੋਰ ਸਮਾਜਿਕ ਜਿੰਮੇਵਾਰੀਆਂ ਜਿਨਾਂ ਕਰ ਕੇ ਵਾਪਸ ਮੁੜਨਾ ਲਾਜ਼ਮੀ ਹੋਵੇ ਦਾ ਸਬੂਤ।
ਜੇ ਤੁਹਾਡੇ ਟਰਿੱਪ ਦਾ ਸਪਾਂਸਰ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਸਦਾ ਸਬੂਤ
– ਇਨਵੀਟੇਸ਼ਨ ਲੈਟਰ, ਜਿਸ ਵਿਚ ਆਵਾਜਾਈ ਦਾ ਖਰਚਾ ਅਤੇ ਰਹਿਣ ਸਹਿਣ ਦੇ ਖਰਚੇ ਦੀ ਜਿੰਮੇਵਾਰੀ ਚੁੱਕੀ ਗਈ ਹੋਵੇ।
– ਸਪਾਂਸਰ ਕਰਨ ਵਾਲੇ ਦੀ 3 ਤੋਂ 6 ਮਹੀਨਿਆਂ ਦੀ ਬੈਂਕ ਸਟੇਟਮੈਂਟ
– ਸਪਾਂਸਰ ਕਰਨ ਵਾਲੇ ਦੀ 3 ਤੋਂ 6 ਮਹੀਨਿਆਂ ਦੀ ਅਕਾਊਂਟ ਸਟੇਟਮੈਂਟ ਜਾਂ ਸੈਲਰੀ ਸਲਿੱਪ।
– ਸਪਾਂਸਰ ਕਰਨ ਵਾਲੇ ਦਾ ਇੰਪਲਾਇਮੈਂਟ ਕੰਟਰੈਕਟ।
– ਸਪਾਂਸਰ ਕਰਨ ਵਾਲੇ ਦਾ ਰਿਹਾਇਸ਼ੀ ਸਬੂਤ।
ਇਸ ਤੋਂ ਇਲਾਵਾ ਹਵਾਈ ਟਿਕਟ, ਰਿਹਾਇਸ਼ ਲਈ ਚੁਣਿਆ ਗਿਆ ਹੋਟਲ ਆਦਿ ਦਸਤਾਵੇਜ਼ ਵੀ ਦਰਖਾਸਤ ਨਾਲ ਨੱਥੀ ਕਰਨੇ ਲਾਜ਼ਮੀ ਹਨ।
ਸੈਲਾਨੀ ਵੀਜ਼ਾ ਪ੍ਰਾਪਤ ਹੋਣ ਉਪਰੰਤ ਸੈਲਾਨੀ 6 ਮਹੀਨੇ ਲਈ ਯੂ ਕੇ ਵਿਚ ਰਹਿ ਸਕਦਾ ਹੈ। ਵੀਜ਼ਾ 6 ਮਹੀਨੇ ਤੋਂ ਘੱਟ ਦਾ ਵੀ ਜਾਰੀ ਹੋ ਸਕਦਾ ਹੈ। ਜੇ ਬਿਨੇਕਾਰ ਯੂ ਕੇ ਆਉਂਦਾ ਜਾਂਦਾ ਰਹਿੰਦਾ ਹੋਵੇ ਤਾਂ ਉਹ ਮਲਟੀਪਲ ਸੈਲਾਨੀ ਵੀਜ਼ਾ ਦੀ ਦਰਖ਼ਾਸਤ ਦੇ ਸਕਦਾ ਹੈ, ਜਿਸਦੀ ਮਣਿਆਦ ਢਾਈ ਸਾਲ ਤੋਂ ਦਸ ਸਾਲ ਤੱਕ ਦੀ ਹੈ। ਆਮ ਤੌਰ ‘ਤੇ ਵੀਜ਼ਾ ਪ੍ਰਾਪਤ ਹੋਣ ਉਪਰੰਤ ਯੂ ਕੇ ਆਉਣ ਜਾਣ ਜਾਂ ਆਵਾਜਾਈ ਦੇ ਵਿਚਕਾਰ ਕੋਈ ਨਿਰਧਾਰਤ ਸੀਮਾ ਲਾਗੂ ਨਹੀਂ ਕੀਤੀ ਗਈ।ਸਕੂਲ ਵਿਚ ਪੜ੍ਹਦੇ ਕਿਸੇ ਬੱਚੇ ਦੇ ਮਾਤਾ ਪਿਤਾ ਤੋਂ ਇਲਾਵਾ ਯੂ ਕੇ ਵਿਚ ਇਕ ਵਾਰ ਦਾਖਲ ਹੋਣ ਉਪਰੰਤ 6 ਮਹੀਨੇ ਤੋਂ ਵੱਧ ਰਹਿਣਾ ਮੁਮਕਿਨ ਨਹੀਂ। ਜੇ ਤੁਸੀਂ ਯੂ ਕੇ ਵਿਚ ਵੱਧ ਸਮੇਂ ਲਈ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਵੀਜ਼ੇ ਦੀ ਮਣਿਆਦ ਵਧਾਉਣੀ ਪਵੇਗੀ, ਜੋ ਕਿ ਤੁਹਾਡੇ ਵੀਜ਼ੇ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀ ਹੈ। ਵੱਧ ਤੋਂ ਵੱਧ ਨਿਰਧਾਰਤ ਕੀਤੀ ਸਮਾਂ ਸੀਮਾ ਤੋਂ ਇਲਾਵਾ ਰਹਿਣ ਦੀ ਇਜ਼ਾਜਤ ਕਿਸੇ ਖਾਸ ਕਾਰਨਾਂ ਕਰਕੇ ਹੀ ਦਿੱਤੀ ਜਾ ਸਕਦੀ ਹੈ, ਜੋ ਕਿ ਨਾਂਹ ਦੇ ਬਰਾਬਰ ਹੈ। ਜੇ ਬਿਨੇਕਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂ ਕੇ ਨਾਲ ਲੈ ਜਾਣਾਚਾਹੁੰਦਾ ਹੈ, ਤਾਂ ਉਨ੍ਹਾਂ ਦੀ ਵੱਖਰੀ ਦਰਖ਼ਾਸਤ ਭਰਨੀ ਪਵੇਗੀ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਚਾਈਲਡ ਵਿਸਿਟਰ ਵੀਜ਼ਾ ਤਹਿਤ ਦਰਖ਼ਾਸਤ ਵਿਚਾਰੀ ਜਾਂਦੀ ਹੈ। ਇਸ ਸ਼੍ਰੇਣੀ ਤਹਿਤ ਵੱਧ ਤੋਂ ਵੱਧ 6 ਮਹੀਨੇ ਤੱਕ ਯੂ ਕੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਦੌਰਾਨ ਵਪਾਰ ਜਾਂ ਨੌਕਰੀ ਕਰਨ ਦੀ ਇਜ਼ਾਜਤ ਨਹੀਂ।ਵੀਜ਼ਾ ਸਬੰਧੀ ਦਿੱਤੀ ਗਈ ਦਰਖ਼ਾਸਤ ਬਰਖਾਸਤ ਹੋਣ ਦੀ ਸੂਰਤ ਵਿਚ ਐਂਟਰੀ ਕਲੈਰੈਂਸ ਅਫ਼ਸਰ ਵੱਲੋਂ ਇਸਦੇ ਕਾਰਨ ਸਪਸ਼ਟ ਕੀਤੇ ਜਾਂਦੇ ਹਨ। ਇਸ ਸਬੰਧੀ ਬਿਨੇਕਾਰ ਵੱਲੋਂ ਕਾਰਨ ਜਾਨਣ ਲਈ ਦਰਖ਼ਾਸਤ ਵੀ ਦਿੱਤੀ ਜਾ ਸਕਦੀ ਹੈ। ਨਾਮਨਜੂਰ ਹੋਈ ਦਰਖ਼ਾਸਤ ਸਿਰਫ ਉਨ੍ਹਾਂ ਵੱਲੋਂ ਮੁੜ ਦਿੱਤੀ ਜਾ ਸਕਦੀ ਹੈ, ਜਿਹੜੇ ਆਪਣੇ ਨੇੜ੍ਹੇ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਕੋਲ ਸਪਾਂਸਰ ਦੇ ਅਧਾਰ ‘ਤੇ ਯੂ ਕੇ ਜਾਣਾ ਚਾਹੁੰਦੇ ਹੋਣ। ਧਿਆਨਦੇਣ ਯੋਗ ਹੈ ਕਿ ਪਰਿਵਾਰਕ ਸੈਲਾਨੀ ਵੀਜ਼ਾ ਸਬੰਧੀ ਦਰਖ਼ਾਸਤਾਂ ਨੂੰ ਪੂਰੇ ਅਧਿਕਾਰ ਦਿੱਤੇ ਗਏ ਹਨ। ਬਾਕੀ ਸ਼੍ਰੇਣੀਆਂ ਵਿਚ ਅਪੀਲ ਕਰਨ ਦੇ ਅਧਿਕਾਰ ਸੀਮਤ ਹਨ, ਜੋ ਕਿ ਸਿਰਫ ਸੈਕਸ਼ਨ 19 ਬੀ ਰੇਸ ਰਿਲੇਸ਼ਨਜ਼ ਐਕਟ 1976 ਤਹਿਤ ਵਿਚਾਰਨ ਲਈ ਕਹੇ ਜਾ ਸਕਦੇ ਹਨ। ਉਪਰੋਕਤ ਆਰਟੀਕਲ ਜਾਣਕਾਰੀ ਨੂੰ ਸਮਰਪਿਤ ਹੈ। ਇਸਨੂੰ ਕਾਨੂੰਨੀ ਸਲਾਹ ਨਾ ਮੰਨਿਆ ਜਾਵੇ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ