ਰਿਮੀਨੀ : ਲੜਕੀ ਨਾਲ ਸਮੂਹਿਕ ਬਲਾਤਕਾਰ, ਦੋਸਤ ਨਾਲ ਕੁੱਟਮਾਰ

rapeਰੋਮ (ਇਟਲੀ) 28 ਅਗਸਤ (ਪੰਜਾਬ ਐਕਸਪ੍ਰੈੱਸ) – ਇਟਲੀ ਦੇ ਇਕ ਮਸ਼ਹੂਰ ਸੈਲਾਨੀ ਖੇਤਰ ਵਿਚ ਇਕ ਪੋਲਿਸ਼ ਜੋੜੇ ਨਾਲ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਇਕ ਪੋਲਿਸ਼ ਸੈਲਾਨੀ ਲੜਕੀ ਨਾਲ ਇਕ ਗਰੁੱਪ ਵੱਲੋਂ ਉਸਦੇ ਦੋਸਤ ਦੇ ਸਾਹਮਣੇ ਹੀ ਸਮੂਹਿਕ ਬਲਾਤਕਾਰ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਇਸ ਗਰੁੱਪ ਨੇ ਲੜਕੀ ਦੇ ਪੁਰਸ਼ ਮਿੱਤਰ ਨਾਲ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ, ਜਿਸ ਨਾਲ ਕਿ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ।
ਇਹ ਘਟਨਾ ਇਟਲੀ ਦੇ ਰਿਮੀਨੀ ਦੇ ਸਮੁੰਦਰੀ ਕੰਢੇ ‘ਤੇ ਵਾਪਰੀ, ਜਿੱਥੇ ਕਿ ਇਹ ਪੋਲਿਸ਼ ਜੋੜਾ ਘੁੰਮਣ ਲਈ ਆਇਆ ਹੋਇਆ ਸੀ। ਇਟਾਲੀਅਨ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ, ਲੜਕੇ ਨਾਲ ਕੀਤੀ ਕੁੱਟਮਾਰ ਦੌਰਾਨ ਉਸਦੇ ਸਿਰ ਵਿਚ ਗਹਿਰੀ ਸੱਟ ਵੱਜੀ ਹੈ ਅਤੇ ਇਸ ਜੋੜੇ ਨਾਲ ਲੁੱਟ ਖੋਹ ਹੋਣ ਦਾ ਵੀ ਖੁਲਾਸਾ ਹੋਇਆ ਹੈ। ਰਿਮੀਨੀ ਦੇ ਸਮੁੰਦਰ ਕੰਢੇ ਉੱਤੇ ਲੜਕੀ ਨਾਲ ਚਾਰ ਵਿਅਕਤੀਆਂ ਨੇ ਉਸਦੇ ਦੋਸਤ ਦੇ ਸਾਹਮਣੇ ਹੀ ਬਲਾਤਕਾਰ ਕੀਤਾ। ਇਹ ਸਮੁੰਦਰੀ ਖੇਤਰ ਇਟਲੀ ਦੇ ਮਸ਼ਹੂਰ ਸੈਲਾਨੀ ਖੇਤਰਾਂ ਵਿਚੋਂ ਇਕ ਜਾਣਿਆ ਜਾਂਦਾ ਹੈ।
ਉੱਥੇ ਉਸ ਸਮੇਂ ਮੌਜੂਦ ਲੋਕਾਂ ਨੂੰ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਲੋਕਾਂ ਨੇ ਦੇਖਿਆ ਕਿ, ਪੀੜ੍ਹਤ ਜੋੜ੍ਹਾ ਜਖਮੀ, ਖੂਨ ਨਾਲ ਲਥਪਥ ਹੋਇਆ ਪਿਆ ਸੀ। ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਪਹਿਲਾਂ ਵਿਦੇਸ਼ੀ ਜੋੜੇ ਨੂੰ ਹਸਪਤਾਲ ਪਹੁੰਚਾਇਆ। ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਅਜਿਹੀ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਤਲਾਸ਼ ਤੇਜੀ ਨਾਲ ਕਰ ਰਹੀ ਹੈ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਚਾਰੇ ਵਿਅਕਤੀ ਡਾਰਕ ਸਕਿੰਨ (ਗੂੜੀ ਚਮੜੀ) ਵਾਲੇ ਵਿਅਕਤੀ ਸਨ।