ਰੈਗੂਲੇਸ਼ਨ ਵਧਾਉਣ ਦਾ ਪ੍ਰਸਤਾਵ ਮਨਜੂਰ

ਰੋਮ, 24 ਨਵੰਬਰ (ਵਰਿੰਦਰ ਪਾਲ ਕੌਰ ਧਾਲੀਵਾਲ) – ਇਟਾਲੀਅਨ ਸਰਕਾਰ ਵੱਲੋਂ ਰੈਗੂਲੇਸ਼ਨ ਨੂੰ ਵਧਾਉਣ ਦਾ ਪ੍ਰਸਤਾਵ ਮਨਜੂਰ ਕਰ ਲਿਆ ਗਿਆ ਹੈ। ਜਿਸ ਤਹਿਤ ਗੈਰ ਘਰੇਲੂ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਹੈ। ਇਹ ਖੁਲਾਸਾ ਵਿੱਤ ਸਕੱਤਰ ਜੁਸੇਪੇ ਕਾਸੇਰੋ ਨੇ ਕੀਤਾ।
ਸਰਕਾਰ ਵੱਲੋਂ ਪਾਰਲੀਮੈਂਟ ਮੈਬਰਾਂ ਵੱਲੋਂ ਪੇਸ਼ ਕੀਤੇ ਗਏ ਬਿੱਲ ਨੂੰ ਪ੍ਰਵਾਨ ਕੀਤਾ ਗਿਆ। ਇਸ ਬਿੱਲ ਵਿਚ ਉਨ੍ਹਾਂ ਵਿਦੇਸ਼ੀਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਜਿਹੜੇ ਘਰੇਲੂ ਕੰਮਾਂ ਤੋਂ ਇਲਾਵਾ ਹੋਰ ਖੇਤਰਾਂ ਵਿਚ ਕੱਚੇ ਕੰਮ ਕਰਦੇ ਹਨ।
ਸਰਕਾਰ ਨੂੰ ਜੋਰ ਪਾਇਆ ਗਿਆ ਸੀ ਕਿ, ਉਨ੍ਹਾਂ ਵਿਦੇਸ਼ੀਆਂ ਨੂੰ ਨਵੇਂ ਕੰਮ ਲੱਭਣ ਲਈ ਵਧੇਰੇ ਸਮਾਂ ਦਿੱਤਾ ਜਾਵੇ ਜਿਹੜੇ ਆਪਣਾ ਕੰਮ ਗੁਆ ਚੁੱਕੇ ਹਨ। ਬਿਨਾਂ ਕੰਮ ਦੀ ਨਿਵਾਸ ਆਗਿਆ ਹੁਣ 6 ਮਹੀਨੇ ਦੀ ਦਿੱਤੀ ਜਾਂਦੀ ਹੈ। ਜੇ ਇਸ ਸਮੇਂ ਦੌਰਾਨ ਵਿਦੇਸ਼ੀ ਕਰਮਚਾਰੀ ਕੰਮ ਨਾ ਲੱਭ ਸਕੇ ਤਾਂ ਉਸ ਦੀ ਨਿਵਾਸ ਆਗਿਆ ਖਾਰਜ਼ ਕਰ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ। ਸਰਕਾਰ ਨੂੰ ਬਿੱਲ ਵਿਚ ਅਪੀਲ ਕੀਤੀ ਗਈ ਕਿ ਇਹ ਮਣਿਆਦ ਵਧਾ ਕੇ ਇਕ ਸਾਲ ਦੀ ਕੀਤੀ ਜਾਵੇ।
ਪਾਰਲੀਮੈਂਟ ਮੈਂਬਰਾਂ ਵੱਲੋਂ ਇਹ ਮੰਗ ਵੀ ਰੱਖੀ ਗਈ ਸੀ ਕਿ, ਜਿਹੜੇ ਵਿਦੇਸ਼ੀਆਂ ਦਾ ਸੋਸ਼ਣ ਹੁੰਦਾ ਹੈ ਉਨ੍ਹਾਂ ਦੇ ਬਚਾਅ ਲਈ ਕੋਈ ਠੋਸ ਕਾਨੂੰਨ ਬਣਾਇਆ ਜਾਵੇ।
ਜਿਕਰਯੋਗ ਹੈ ਕਿ ਸਰਕਾਰ ਵੱਲੋਂ ਕੋਸਿ਼ਸ਼ ਹੈ, ਨਿਵਾਸ ਆਗਿਆ ਮਿੱਥੇ ਸਮੇਂ ਵਿਚ ਨਵਿਆਈ ਜਾਵੇ ਜਿਸ ਨਾਲ ਕਾਨੂੰਨ ਦੀ ਪਾਲਣਾ ਹੋ ਸਕੇ।