ਰੋਮ : ਤਰੇਵੀ ਦੇ ਪਾਣੀ ਨਾਲ ਬੁਰੇ ਵਿਹਾਰ ਵਾਲੇ ਸੈਲਾਨੀਆਂ ਵਿਰੁੱਧ ਸ਼ਿਕੰਜਾ ਕੱਸਿਆ

treviਸੈਲਾਨੀਆਂ ਨੂੰ ਚਿਤਾਵਨੀ : ਕਿਸੇ ਵੀ ਸੈਲਾਨੀ ਵੱਲੋਂ ਰੋਮ ਦੇ ਮਸ਼ਹੂਰ ਫੁਹਾਰੇ ਤਰੇਵੀ ਵਿਚ ਜੇਕਰ ਹੱਥ-ਪੈਰ ਡੁਬਾਉਣ, ਡੁਬਕੀ ਲਗਾਉਣ ਜਾਂ ਇਸ ਦੇ ਨੇੜ੍ਹੇ ਕੋਈ ਖਾਸ ਦੀ ਵਸਤੂ ਲਿਆਂਦੀ ਗਈ ਤਾਂ ਸੇਵਾਮੁਕਤ ਪੁਲਿਸ ਅਧਿਕਾਰੀ ਹਰ ਸਮੇਂ ਇਸ ਦੀ ਨਿਗਰਾਨੀ ਕਰ ਰਹੇ ਹਨ।
ਰੋਮ ਦੀ ਮੇਅਰ ਵਰਜੀਨੀਆ ਰਾਜੀ ਦੀਆਂ ਹਦਾਇਤਾਂ ਅਨੁਸਾਰ 18ਵੀਂ ਸਦੀ ਦੇ ਇਤਿਹਾਸਕ ਮੁੱਲਵਾਨ ਸਮਾਰਕਾਂ ਦੀ ਨਿਗਰਾਨੀ ਲਈ ਪੁਲਿਸ ਅਧਿਕਾਰੀਆਂ ਵੱਲੋਂ ਅਕਤੂਬਰ ਦੇ ਮੱਧ ਤੱਕ (ਜਦੋਂ ਤੱਕ ਦੇਸ਼ ਵਿਚ ਸੈਲਾਨੀਆਂ ਦੀ ਆਮਦ ਵਧੇਰੇ ਰਹਿੰਦੀ ਹੈ) ਸਵੇਰੇ 9:00 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਨਿਗਰਾਨੀ ਰੱਖੀ ਜਾਵੇਗੀ।
ਜੇਕਰ ਕੋਈ ਵੀ ਸੈਲਾਨੀ ਇਸ ਫੁਹਾਰੇ ਦੇ ਪਾਣੀ ਵਿਚ ਪੈਰ ਡੋਬਦਾ ਜਾਂ ਇਸਦੇ ਨੇੜ੍ਹੇ ਕੋਈ ਖਾਣ ਦੀ ਵਸਤੂ ਲੈ ਕੇ ਆਉਂਦਾ ਹੈ ਤਾਂ ਉਸਨੂੰ ਮੌਕੇ ਉੱਤੇ ਹੀ 240 ਯੂਰੋ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਇਹ ਕਾਨੂੰਨ ਸਫਲਤਾਪੂਰਵਕ ਨੇਪਰੇ ਚੜਦਾ ਹੈ ਤਾਂ ਇਸ ਨੂੰ ਸਥਾਈ ਰੂਪ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਨੂੰ ਅਪ੍ਰੈਲ ਵਿਚ ਲਾਗੂ ਕੀਤਾ ਗਿਆ, ਜਦੋਂ ਇਕ ਵਿਅਕਤੀ ਇੱਥੇ ਫੁਹਾਰੇ ਦੇ ਚੁਬੱਚੇ ਵਿਚ ਨੰਗਾ ਹੋ ਕੇ ਕੁੱਦ ਗਿਆ ਸੀ, ਜੋ ਕਿ ਆਪਣੇ ਆਪ ਨੂੰ ਵਿਦੇਸ਼ੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਜਾਂਚ ਪੜ੍ਹਤਾਲ ਬਾਅਦ ਸਾਹਮਣੇ ਆਇਆ ਕਿ ਉਹ ਇਕ ਇਟਾਲੀਅਨ ਹੈ।
ਜਿਆਦਾਤਰ ਕੇਸਾਂ ਵਿਚ ਪਾਣੀ ਵਿਚ ਕੁੱਦਣ, ਪੈਰ ਆਦਿ ਡੋਬਣ ਵਾਲੇ ਲੋਕ ਸੈਲਾਨੀ ਹੀ ਹਨ, ਜੋ ਕਿ ਸ਼ਾਇਦ 1960 ਵਿਚ ਫੇਦੇਰਿਕੋ ਫੇਲੀਨੀ ਦੀ ਫ਼ਿਲਮ ‘ਲਾ ਦੋਲਚੇ ਵੀਤਾ’, ਜਿਸ ਵਿਚ ਸਵੀਡਿਸ਼ ਐਕਟਰੈਸ ਅਨੀਤਾ ਏਕਬਰਗ ਤਰੇਵੀ ਦੇ ਫੁਹਾਰੇ ਦੇ ਪਾਣੀ ਵਿਚ ਕੁੱਦੀ ਸੀ, ਦਾ ਸੀਨ ਦੁਹਰਾਉਣ ਦੀ ਕੋਸ਼ਿਸ਼ ਕਰਦੇ ਹਨ।
ਪਿਛਲੇ ਸਾਲ ਜੁਲਾਈ ਵਿਚ ਏਕਬਰਗ ਦੀ ਇਕ ਬਹੁਤ ਵੱਡੀ ਫੈਨ ਯੂ ਕੇ ਦੀ ਮਾੱਡਲ ਦੇਲੀਲਾਹ ਜੇ, ਜੋ ਕਿ ਆਪਣੇ ਆਪ ਨੂੰ ਬਿਲਕੁਲ ਏਕਬਰਗ ਵਾਂਗ ਸਮਝਦੀ ਹੈ। ਉਸਦਾ ਕਹਿਣਾ ਹੈ ਕਿ ਉਹ ਏਕਬਰਗ ਵਾਂਗ ਹੀ ਨਜ਼ਰ ਆਉਂਦੀ ਹੈ, ਨੂੰ ਪੁਲਿਸ ਨੇ ਤਰੇਵੀ ਦੇ ਫੁਹਾਰੇ ਦੇ ਪਾਣੀ ਵਿਚੋਂ ਬਾਹਰ ਕੱਢਿਆ ਸੀ। ਇਸ ਮਾੱਡਲ ਨੇ ਤਰੇਵੀ ਦੇ ਪਾਣੀ ਵਿਚ ਏਕਬਰਗ ਦੇ ਫ਼ਿਲਮੀ ਸੀਨ ਦੀ ਤਰ੍ਹਾਂ ਹੀ ਛਲਾਂਗ ਲਗਾਈ ਸੀ। ਉਸਦਾ ਕਹਿਣਾ ਸੀ ਕਿ ਫੁਹਾਰੇ ਦਾ ਪਾਣੀ ਉਸਨੂੰ ਆਪਣੇ ਵੱਲ ਬੁਲਾ ਰਿਹਾ ਸੀ।
ਪੋਪ ਕਲੇਮੇਂਤ 12ਵੇਂ ਦੁਆਰਾ 1730 ਵਿਚ ਮਾਨਤਾ ਪ੍ਰਾਪਤ, ਪ੍ਰਾਚੀਨ ਰੋਮ ਵਿਚ ਪਾਣੀ ਪਹੁੰਚਾਉਣ ਵਾਲੇ ਇਸ ਦੇ ਸਰੋਤ ਦੀ 23 ਸਾਲ ਪਹਿਲਾਂ ਮੁਰੰਮਤ ਕਰਵਾਈ ਗਈ ਸੀ। ਇਸਦਾ ਪਾਣੀ 20 ਕਿਲੋਮੀਟਰ ਦੇ ਖੇਤਰ ਤੱਕ ਪਾਣੀ ਪਹੁੰਚਾਉਦਾ ਹੈ ਜੋ ਕਿ ਇੱਥੇ ਤਰੇਵੀ ਵਿਚ ਆ ਕੇ ਅੰਤਿਮ ਬਿੰਦੂ ਬਣਦਾ ਹੈ। ਇਸ ਸਮਾਰਕ ਦੇ ਇਕ ਹਿੱਸੇ ਵਿਚ ਲੱਗੇ ਨਲ ਦੁਆਰਾ ਲੋਕ ਪੀਣ ਵਾਲੇ ਪਾਣੀ ਦਾ ਸੇਵਨ ਕਰ ਸਕਦੇ ਹਨ।
ਪੁਰਾਣਕ ਕਥਾ ਅਨੁਸਾਰ ਇਸਦੀ ਖੋਜ 19ਬੀਸੀ ਵਿਚ ਸੈਨਿਕਾਂ ਦੁਆਰਾ ਪਿਆਸ ਮਿਟਾਉਣ ਲਈ ਕੀਤੀ ਗਈ ਸੀ, ਜੋ ਕਿ ਇਕ ਨੌਜਵਾਨ ਕੁਆਂਰੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਸੰਭਵ ਹੋ ਸਕਿਆ, ਜਿਸ ਕਾਰਨ ਇਸ ਸਮਾਰਕ ਨੂੰ ਵਰਜਿਨ ਵਾਟਰਜ਼ (ਕੁਆਰਾ ਪਾਣੀ) ਦੇ ਨਾਮ ਨਾਲ ਜਾਣਿਆ ਜਾਂਦਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ