ਰੋਮ : ਸ਼ਹਿਰ ਦੇ ਸਵੈਚਲਿਤ ਪਾਣੀ ਦੇ ਸਰੋਤਾਂ ਨੂੰ ਬੰਦ ਕਰਨ ਦਾ ਫੈਸਲਾ

funtanaਇਟਲੀ ਦੀ ਰਾਜਧਾਨੀ ਰੋਮ ਵਿਚ ਪੀਣ ਵਾਲੇ ਪਾਣੀ ਦੇ ਚੱਲਣ ਵਾਲੇ ਸਰੋਤ (ਟੂਟੀਆਂ) ਸ਼ਹਿਰ ਦੀ ਇਕ ਖਾਸ ਪਹਿਚਾਣ ਹਨ, ਇਨਾਂ ਕਾਰਨ ਇਟਲੀ ਵਿਚ ਆਉਣ ਵਾਲੇ ਸੈਲਾਨੀ ਅਤੇ ਸਥਾਨਕ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਪਿਆਸ ਬੁਝਾਉਂਦੇ ਹਨ ਅਤੇ ਤਰੋਤਾਜਾ ਮਹਿਸੂਸ ਕਰਦੇ ਹਨ। ਪ੍ਰੰਤੂ ਸ਼ਹਿਰ ਦੇ ਪ੍ਰਸ਼ਾਸਨ ਨੇ ਇਨਾਂ ਸਵੈਚਲਿਤ ਨਲਕਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਅਜਿਹਾ ਇਟਲੀ ਦੇ ਕੁਝ ਖੇਤਰਾਂ ਵਿਚ ਪਾਣੀ ਦੀ ਕਮੀ ਕਾਰਨ ਵਧ ਰਹੇ ਸੋਕੇ ਦੇ ਕਾਰਨ ਲਿਆ ਗਿਆ ਹੈ।
ਰੋਮ ਸ਼ਹਿਰ ਵਿਚ ਦੁਨੀਆ ਦੇ ਕਿਸੇ ਵੀ ਸ਼ਹਿਰ ਨਾਲੋਂ ਵਧੇਰੇ ਜਨਤਕ ਪਾਣੀ ਦੇ ਸਰੋਤ ਹਨ, ਇਤਿਹਾਸਕ ਥਾਵਾਂ ਦੇ 50 ਪਾਣੀ ਦੇ ਸਰੋਤਾਂ ਸਮੇਤ ਤਕਰੀਬਨ 2000 ਦੇ ਕਰੀਬ ਰੋਮ ਸ਼ਹਿਰ ਵਿਚ ਸਵੈਚਲਿਤ ਸਰੋਤ (ਟੂਟੀਆਂ) ਹਨ, ਜੋ ਕਿ ਆਮ ਲੋਕਾਂ ਲਈ ਮੁਫ਼ਤ ਪਾਣੀ ਮੁਹੱਈਆ ਕਰਵਾਉਂਦੇ ਹਨ। ਤਕਰੀਬਨ 2,000 ਸਾਲਾਂ ਤੋਂ ਸ਼ਹਿਰ ਦੀਆਂ ਗਲੀਆਂ, ਜਨਤਕ ਪਾਰਕਾਂ, ਸ਼ਹਿਰ ਦੇ ਚੌਂਕਾਂ ਵਿਚ ਪਾਣੀ ਦੇ ਇਹ ਸਰੋਤ ਚੱਲਦੇ ਹੋਏ ਆਮ ਦੇਖੇ ਜਾ ਸਕਦੇ ਹਨ। 17ਵੀਂ ਅਤੇ 18ਵੀਂ ਸਦੀ ਦੌਰਾਨ ਇਨਾਂ ਦਾ ਪੁਨਰਨਿਰਮਾਣ ਕੀਤਾ ਗਿਆ। ਇਨਾਂ ਵਿਚੋਂ ਕੁਝ ਫੁਹਾਰੇ ਕਿਸੇ ਇਤਿਹਾਸਕ ਬਣਤਰ ਅਨੁਸਾਰ ਹਨ, ਜਿਆਦਾਤਰ ਫੁਹਾਰੇ (ਨਾਸੋਨੀ) ਆਮ ਸਿਲੰਡਰਾਕਾਰ ਬਣਤਰ ਵਿਚ ਮੂੰਹ ਦੇ ਅੱਗੇ ਲੰਬੀ ਪਾਈਪ ਪੀਣ ਵਾਲਾ ਪਾਣੀ ਨਿਕਲਣ ਲਈ ਲਗਾ ਕੇ ਬਣਾਏ ਗਏ ਹਨ।
ਰੋਮ ਸ਼ਹਿਰ ਦੇ ਪਾਣੀ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਆਚੇਆ (Aਚeਅ) ਵੱਲੋਂ ਇਨਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਦੇ ਮੁੱਖ ਪ੍ਰਬੰਧਕ ਪਾਓਲੋ ਸਾਕਾਨੀ ਵੱਲੋਂ ਸ਼ਹਿਰ ਦੀ ਮੇਅਰ ਵੇਰਜੀਨੀਆ ਰਾਜੀ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ, ਪਹਿਲੇ ਦੌਰ ਵਿਚ 30 ਫੁਹਾਰੇ ਬੰਦ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ, ਅਸੀਂ ਸਾਰੇ ਹੀ ਇਸ ਫੈਸਲੇ ਨਾਲ ਸ਼ਹਿਰ ਵਿਚ ਰਹਿਣ ਵਾਲੇ ਆਮ ਲੋਕਾਂ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਹੋਣ ਵਾਲੀ ਪ੍ਰੇਸ਼ਾਨੀ ਨੂੰ ਸਮਝਦੇ ਹਾਂ, ਪ੍ਰੰਤੂ ਇਹ ਕਠੋਰ ਫੈਸਲਾ ਇਟਲੀ ਵਿਚ ਦਿਨ ਬ ਦਿਨ ਵਧ ਰਹੇ ਸੋਕੇ ਉੱਤੇ ਕਾਬੂ ਪਾਉਣ ਲਈ ਲਿਆ ਗਿਆ ਹੈ।
– ਵਰਿੰਦਰ ਕੌਰ ਧਾਲੀਵਾਲ