ਵਿਦੇਸ਼ੀ ਵਿਦਿਆਰਥੀਆਂ ਤੋਂ ਸਿੱਖਿਅਕ ਸੰਸਥਾਵਾਂ ਵੱਲੋਂ ਦਾਖਲੇ ਲਈ ਦਰਖ਼ਾਸਤ ਦੀ ਮੰਗ

ਆਪਣੇ ਦੇਸ਼ ਵਿਚ ਰਹਿ ਰਹੇ ਨੌਜਵਾਨ ਹੀ ਦੇ ਸਕਦੇ ਹਨ ਦਰਖ਼ਾਸਤ
ਰੋਮ (ਇਟਲੀ) 11 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਯੂਨੀਵਰਸਿਟੀ, ਅਕੈਡਮੀ ਅਤੇ ਹੋਰ ਸਿੱਖਿਅਕ ਅਦਾਰਿਆਂ ਵਿਚ ਦਾਖਲਾ ਲੈਣ ਵਾਲਿਆਂ ਦੇ ਸਫਰ ਦੀ ਸ਼ੁਰੂਆਤ ਹੋ

ਚੁੱਕੀ ਹੈ, ਪ੍ਰਵੇਸ਼ ਵੀਜ਼ਾ ਅਗਸਤ ਦੇ ਆਖਿਰ ਵਿਚ ਅਤੇ ਪ੍ਰਵੇਸ਼ ਪ੍ਰੀਖਿਆਵਾਂ ਸਤੰਬਰ ਵਿਚ ਸ਼ੁਰੂ ਹੋ ਜਾਣਗੀਆਂ।
ਇਟਲੀ, ਦੇਸ਼ ਵਿਚ ਯੂਨੀਵਰਸਿਟੀ, ਅਕੈਡਮੀ, ਸਿੱਖਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਜਾਂ ਸੁਰੱਖਿਆ ਕਾਰਨਾਂ ਅਧੀਨ ਆਉਣ ਵਾਲੇ ਤਜੁਰਬੇਕਾਰ ਨੌਜਵਾਨਾਂ ਲਈ ਪ੍ਰਵੇਸ਼ ਦਾ ਰਸਤਾ ਖੋਲ੍ਹਣ ਦਾ ਇਛੁੱਕ ਹੈ।
ਸਾਲ 2016/2017 ਲਈ ਇਟਲੀ ਦੀਆਂ ਸਿੱਖਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਲਈ, ਇਟਲੀ ਸਰਕਾਰ ਵੱਲੋਂ ਪੂਰੇ ਵਿਸ਼ਵ ਵਿਚ ਸਥਾਪਿਤ ਇਟਾਲੀਅਨ ਕੌਂਸਲੇਟ ਵਿਚ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ। ਉਪਰੋਕਤ ਕਾਨੂੰਨ ਅਨੁਸਾਰ ਅਰਜੀਆਂ ਦੀ ਮੰਗ ਸਿਰਫ ਉਨ੍ਹਾਂ ਗੈਰਯੂਰਪੀਅਨ ਨੌਜਵਾਨਾਂ (ਲੜਕੇ-ਲੜਕੀਆਂ) ਤੋਂ ਕੀਤੀ ਗਈ ਹੈ, ਜਾਂ ਇਸ ਲਈ ਦਰਖ਼ਾਸਤ ਸਿਰਫ ਉਹੀ ਨੌਜਵਾਨ ਕਰ ਸਕਦੇ ਹਨ, ਜਿਹੜੇ ਇਸ ਸਮੇਂ ਆਪਣੇ ਦੇਸ਼ ਵਿਚ ਹਨ, ਜਿਹੜੇ ਪਹਿਲਾਂ ਤੋਂ ਕਾਨੂੰਨੀ ਤੌਰ ‘ਤੇ ਇਟਲੀ ਵਿਚ ਰਹਿ ਰਹੇ ਹਨ, ਉਹ ਇਟਾਲੀਅਨ ਨਾਗਰਿਕਾਂ ਦੀ ਤਰ੍ਹਾਂ ਹੀ ਦਾਖਲੇ ਦੀ ਮੰਗ ਕਰ ਸਕਦੇ ਹਨ।
ਇਟਲੀ ਦੀਆਂ ਸਿੱਖਿਅਕ ਸੰਸਥਾਵਾਂ ਵਿਚ ਦਾਖਲੇ ਦੀ ਮੰਗ ਕਰਨ ਲਈ ਸਭ ਤੋਂ ਪਹਿਲਾਂ ਇਹ ਚੋਣ ਕਰਨੀ ਪਵੇਗੀ ਕਿ ਕਿਹੜੇ ਕੋਰਸ ਵਿਚ ਦਾਖਲਾ ਲੈਣਾ ਹੈ। ਯੂਨੀਵਰਸਿਟੀ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚ ਆਰਟ, ਮਿਊਜ਼ਕ ਅਤੇ ਡਾਂਸ (AFAM) ਆਦਿ ਕੋਰਸਾਂ ਵਿਚ ਦਾਖਲਾ ਲੈਣ ਲਈ ਵਿਦੇਸ਼ਾਂ ਵਿਚੋਂ ਆਉਣ ਵਾਲੇ ਹਰ ਦੇਸ਼ ਦੇ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਹਨ। ਦਾਖਲੇ ਲਈ ਕੋਰਸ ਦੀ ਚੋਣ ਕਰਨ ਉਪਰੰਤ 7 ਜੁਲਾਈ ਤੱਕ ਵਿਦਿਆਰਥੀ ਆਪਣੇ ਦੇਸ਼ ਵਿਚ ਸਥਿਤ ਇਟਾਲੀਅਨ ਕੌਂਸਲੇਟ ਵਿਚ ਉਪਰੋਕਤ ਦਰਖ਼ਾਸਤ ਦੇ ਸਕਦੇ ਹਨ।
ਇਟਾਲੀਅਨ ਕੌਂਸਲੇਟ ਵਿਦਿਆਰਥੀ ਦੀ ਦਰਖ਼ਾਸਤ ਨੂੰ ਚੁਣੀ ਹੋਈ ਸਿੱਖਿਅਕ ਸੰਸਥਾ ਨੂੰ ਭੇਜੇਗਾ ਅਤੇ ਸੰਸਥਾ ਵੱਲੋਂ ਪ੍ਰਮਾਣਿਤ ਕੀਤੇ ਜਾਣ ਉਪਰੰਤ ਅਗਸਤ ਤੱਕ ਵਿਦਿਆਰਥੀ ਨੂੰ ਵੀਜ਼ਾ ਪ੍ਰਦਾਨ ਕਰ ਦਿੱਤਾ ਜਾਵੇਗਾ। ਵੀਜ਼ਾ ਪ੍ਰਾਪਤ ਹੋਣ ਉਪਰੰਤ ਵਿਦਿਆਰਥੀ ਇਟਲੀ ਵਿਚ ਦਾਖਲ ਹੋ ਸਕਦਾ ਹੈ ਅਤੇ ਪ੍ਰਵੇਸ਼ ਪ੍ਰੀਖਿਆਵਾਂ ਵਿਚ ਹਿੱਸਾ ਲੈ ਸਕਦਾ ਹੈ। ਜੋ ਕਿ ਤਕਰੀਬਨ ਸਤੰਬਰ ਵਿਚ ਸ਼ੁਰੂ ਹੋ ਰਹੀਆਂ ਹਨ।
ਜਿਹੜੇ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆਵਾਂ ਪਾਸ ਕਰ ਲੈਣਗੇ, ਸਿਰਫ ਉਹੀ ਵਿਦਿਆਰਥੀ ਯੂਨੀਵਰਸਿਟੀ ਜਾਂ ਚੁਣੀ ਹੋਈ ਸਿੱਖਿਅਕ ਸੰਸਥਾ ਵਿਚ ਜਾ ਸਕਣਗੇ ਅਤੇ ਸਿੱਖਿਆ ਸਬੰਧੀ ਨਿਵਾਸ ਆਗਿਆ ਤਹਿਤ ਇਟਲੀ ਵਿਚ ਰਹਿਣ ਦਾ ਹੱਕ ਪ੍ਰਾਪਤ ਕਰ ਸਕਣਗੇ। ਕੋਰਸ, ਤਰਤੀਬ, ਸ਼ਰਤਾਂ, ਦਾਖਲਾ ਲੈਣ ਲਈ ਦਰਖ਼ਾਸਤ ਫਾਰਮ ਲਈ ਮਨਿਸਟਰੀ ਆੱਫ ਯੂਨੀਵਰਸਿਟੀ ਦੀ ਵੈੱਬਸਾਈਟ “Studiare in Italia” ‘ਤੇ ਪਹੁੰਚ ਕਰੋ।