ਵਿਦੇਸ਼ ਵਿਚ ਸਥਾਨਕ ਭਾਸ਼ਾ ਦਾ ਗਿਆਨ ਜਰੂਰੀ!

languageਇਟਲੀ ਆਉਣ ਵਾਲੇ ਹਰ ਇਮੀਗ੍ਰਾਂਟ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇ ਕਿ; ਘਰ ਅਤੇ ਕੰਮ ਦੀ ਤਲਾਸ਼, ਵੱਖਰੇ ਕਾਨੂੰਨ, ਮਾਹੌਲ ਅਤੇ ਸੰਸਕ੍ਰਿਤੀ ਨਾਲ ਜੂਝਣਾ ਅਤੇ ਪਹਿਲ ਦੇ ਅਧਾਰ ‘ਤੇ ਇਟਾਲੀਅਨ ਭਾਸ਼ਾ ਸਿੱਖਣਾ।
ਭਾਸ਼ਾ ਦੇ ਢੁੱਕਵੇਂ ਗਿਆਨ ਤੋਂ ਬਿਨਾਂ ਆਮ ਜਨ ਜੀਵਨ ਸੁਖਾਲਾ ਨਹੀਂ ਹੋ ਸਕਦਾ ਅਤੇ ਸਿਰਫ ਇਹ ਹੀ ਨਹੀਂ ਬਲਕਿ ਨਾਗਰਿਕਤਾ ਪ੍ਰਾਪਤ ਕਰਨ ਦਾ ਅਧਿਕਾਰ ਵੀ ਹਾਸਿਲ ਨਹੀਂ ਹੁੰਦਾ। ਭਾਸ਼ਾ ਦੇ ਗਿਆਨ ਨਾਲ ਆਪਣੀ ਪਹਿਚਾਣ ਦੱਸੀ ਜਾ ਸਕਦੀ ਹੈ, ਨਵੇਂ ਰਿਸ਼ਤੇ ਬਣਦੇ ਹਨ, ਮਾਹੌਲ ਵਿਚ ਰਚ ਮਿਚ ਜਾਣਾ ਸੌਖਾ ਹੈ ਅਤੇ ਸਮਾਜ ਦਾ ਹਿੱਸਾ ਬਣਿਆ ਜਾ ਸਕਦਾ ਹੈ।
ਭਾਸ਼ਾ ਦਾ ਗਿਆਨ ਕੰਮਕਾਜੀ ਦੁਨੀਆ ਲਈ ਵੀ ਲਾਜਮੀ ਹੈ। ਕੰਮ ‘ਤੇ ਨਵੇਂ ਰਿਸ਼ਤੇ ਬਨਾਉਣੇ ਅਤੇ ਆਪਣਾ ਪੱਖ ਪੇਸ਼ ਕਰਨ ਲਈ ਲਾਜ਼ਮੀ ਹੈ ਭਾਸ਼ਾ ਦਾ ਗਿਆਨ।
ਇਟਾਲੀਅਨ ਭਾਸ਼ਾ ਸਿਖਣਾ ਅੱਜ ਜਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਆਉ ਦੇਖਦੇ ਹਾਂ ਕਿ ਭਾਸ਼ਾ ਦਾ ਗਿਆਨ ਕਦੋਂ ਅਤੇ ਕਿਵੇਂ ਲੌੜੀਂਦਾ ਹੋ ਸਕਦਾ ਹੈ:
– ਲੰਬੇ ਸਮੇਂ ਦੀ ਨਿਵਾਸ ਆਗਿਆ ‘ਈ ਸੀ’ (ਕਾਰਤਾ ਦੀ ਸਜੋਰਨੋ) ਦੀ ਦਰਖ਼ਾਸਤ ਦੇਣ ਲਈ :
ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ। ਇਸ ਸਬੰਧੀ ਪ੍ਰੀਖਿਆ ਦਾ ਹਿੱਸਾ ਬਨਣ ਲਈ ਮੰਤਰਾਲੇ ਦੀ ਵੈੱਬਸਾਈਟ ‘ਤੇ ਸਿੱਧੇ ਤੌਰ ‘ਤੇ ਦਰਖ਼ਾਸਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ‘ਚੈਂਤਰੋ ਤੇਰੋਤੋਰੀਆਲੇ ਪੇਰਮਾਨੇਂਤੀ’ ਜਾਂ ਸਰਟੀਫੀਕੇਟ ਕੋਰਸ ਊਨੀਵੇਰਸਿਤਾ ਰੋਮਾ ਤ੍ਰੇ, ਊਨੀਵੇਰਸਿਤਾ ਪੇਰ ਲੀ ਸਤਰਾਨੀਏਰੀ ਦੀ ਪੇਰੂਜਾ, ਊਨੀਵੇਰਸਿਤਾ ਪੇਰ ਲੀ ਸਤਰਾਨੀਏਰੀ ਦੀ ਸੀਏਨਾ, ਸੋਚੀਏਤਾ ਦਾਂਤੇ ਆਲੀਗੀਏਰੀ ਜਰੀਏ ਪ੍ਰੀਖਿਆ ਦਿੱਤੀ ਜਾ ਸਕਦੀ ਹੈ।
– ਸਿਰਫ ਉਨ੍ਹਾਂ ਲਈ ਜਿਹੜੇ ਇਟਲੀ ਵਿਚ ਮਾਰਚ 2012 ਤੋਂ ਬਾਅਦ ਦਾਖਲ ਹੋਣਗੇ, ਨਿਵਾਸ ਆਗਿਆ ਨਵਿਆਉਣ ਲਈ :
ਮਾਰਚ 2012 ਤੋਂ ਹਰ ਵਿਦੇਸ਼ੀ ਨੂੰ ਨਿਵਾਸ ਆਗਿਆ ਨਵਿਆਉਣ ਵੇਲੇ ਇੰਟੀਗੇਸ਼ਨ ਸਮਝੌਤੇ ‘ਤੇ ਦਸਤਖ਼ਤ ਕਰਨੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ ਇਟਾਲੀਅਨ ਭਾਸ਼ਾ ਦਾ ਗਿਆਨ ਵੀ ਹੋਣਾ ਲਾਜ਼ਮੀ ਹੈ। ਇਹ ਸ਼ਰਤਾਂ ਦੋ ਸਾਲਾਂ ਦੌਰਾਨ ਪੂਰੀਆਂ ਕਰਨੀ ਲਾਜ਼ਮੀ ਹਨ, ਨਹੀਂ ਤਾਂ ਨਿਵਾਸ ਆਗਿਆ ਬਰਖਾਸ਼ਤ ਕੀਤੀ ਜਾ ਸਕਦੀ ਹੈ।
– ਇਟਾਲੀਅਨ ਨਾਗਰਿਕਤਾ : ਇਟਾਲੀਅਨ ਨਾਗਰਿਕਤਾ ਲੈਣ ਤੋਂ ਪਹਿਲਾਂ ਪੁਲਿਸ ਸਟੇਸ਼ਨ ਵਿਚ ਜਾਂ ਪ੍ਰੈਫੇਤੂਰਾ ਵਿਚ ਇੰਟਰਵਿਊ ਹੋਵੇਗਾ, ਜਿਸ ਜਰੀਏ ਇਟਾਲੀਅਨ ਕਾਨੂੰਨ ਅਤੇ ਅਸੂਲਾਂ ਦੇ ਗਿਆਨ ਸਬੰਧੀ ਜਾਣਕਾਰੀ ਘੋਖੀ ਜਾਵੇਗੀ। ਇਸ ਤੋਂ ਇਲਾਵਾ ਇਟਾਲੀਅਨ ਭਾਸ਼ਾ ਦੇ ਗਿਆਨ ਦਾ ਅਨੁਮਾਨ ਲਾਇਆ ਜਾ ਸਕੇਗਾ।
– ਵਰਿੰਦਰ ਕੌਰ ਧਾਲੀਵਾਲ