ਵੈਨਿਸ : ਨੁਮਾਇਸ਼ ਦੇ ਦੌਰਾਨ ਹੋਈ ਕੀਮਤੀ ਗਹਿਣੇ ਦੀ ਚੋਰੀ

ornamentsਵੈਨਿਸ (ਇਟਲੀ) 5 ਜਨਵਰੀ (ਪੰਜਾਬ ਐਕਸਪ੍ਰੈੱਸ) – ਇਟਲੀ ਦੇ ਸ਼ਹਿਰ ਵੈਨਿਸ ਦੀ ਇਕ ਇਮਾਰਤ (ਪਾਲਾਸੋ ਦੁਕਾਲੇ) ਵਿਚ ਇਕ ਨੁਮਾਇਸ਼ ਦੇ ਦੌਰਾਨ ਸ਼ਾਹੀ ਪਰਿਵਾਰ ਦੇ ਬੇਸ਼ਕੀਮਤੀ ਗਹਿਣੇ ਦੀ ਚੋਰੀ ਹੋ ਗਈ ਹੈ। ਪੁਲਿਸ ਦੇ ਅਨੁਸਾਰ ਇਹ ਚੋਰੀ 3 ਜਨਵਰੀ ਸਵੇਰੇ ਨੂੰ ਉਪਰੋਕਤ ਇਮਾਰਤ ਵਿਚੋਂ ਹੋਈ ਹੈ। ਚੋਰੀ ਹੋਏ ਗਹਿਣੇ ਦੀ ਕੀਮਤ ਲੱਖਾਂ ਯੂਰੋ ਵਿੱਚ ਦੱਸੀ ਜਾ ਰਹੀ ਹੈ, ਹਾਲਾਂਕਿ ਪੁਲਿਸ ਦਾ ਮੰਨਣਾ ਹੈ ਕਿ ਇਸ ਗਹਿਣੇ ਨੂੰ ਚੋਰ ਬਾਜ਼ਾਰ ਵਿੱਚ ਵੇਚਣਾ ਮੁਸ਼ਕਿਲ ਹੋਵੇਗਾ, ਕਿਉਂਕਿ ਉਹ ਕਾਫ਼ੀ ਨਾਮੀ ਆਭੂਸ਼ਣ ਹੈ। ਪੁਲਿਸ ਨੇ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਸ ਨੁਮਾਇਸ਼ ਵਿਚੋਂ ਇਹ ਗਹਿਣਾ ਚੋਰੀ ਹੋਇਆ ਹੈ, ਉੱਥੇ ਮੁਗ਼ਲ ਬਾਦਸ਼ਾਹਾਂ ਅਤੇ ਭਾਰਤੀ ਰਾਜਸੀ ਪਰਿਵਾਰਾਂ ਦੇ ਗਹਿਣੇ ਵੀ ਰੱਖੇ ਗਏ ਸਨ। 16ਵੀਂ-20ਵੀਂ ਸਦੀ ਦੇ ਵਿੱਚ ਦੇ ਭਾਰਤੀ ਗਹਿਣੇ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ।
ਚੋਰੀ ਹੋਇਆ ਗਹਿਣਾ, ਕਤਰ ਦੇ ਇੱਕ ਸ਼ਾਹੀ ਪਰਿਵਾਰ ਦੀ ਮਲਕੀਅਤ ਹੈ। ਪੁਲਿਸ ਦਾ ਮੰਨਣਾ ਹੈ ਕਿ, ਪ੍ਰਦਰਸ਼ਨੀ ਦਾ ਸੁਰੱਖਿਆ ਤੰਤਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਚੋਰ ਗਹਿਣਾ ਚੁਰਾਉਣ ਵਿੱਚ ਕਾਮਯਾਬ ਰਹੇ। ਚੋਰੀ ਹੋਏ ਸਾਮਾਨ ਦੀਆਂ ਤਸਵੀਰਾਂ ਲੰਡਨ ਭੇਜ ਦਿੱਤੀਆਂ ਗਈਆਂ ਹਨ, ਜਿੱਥੇ ਕਤਰ ਦਾ ਉਹ ਪਰਿਵਾਰ ਮੌਜੂਦ ਹੈ। ਤਸਵੀਰਾਂ ਦੇਖਣ ਦੇ ਬਾਅਦ ਉਹ ਆਪਣੇ ਸਾਮਾਨ ਦੀ ਪਹਿਚਾਣ ਕਰ ਲੈਣਗੇ ਅਤੇ ਉਨ੍ਹਾਂ ਦੀ ਠੀਕ ਕੀਮਤ ਵੀ ਦੱਸ ਸਕਣਗੇ।