ਇਟਲੀ ਵਿਚ ਪਰਿਵਾਰਕ ਗਠਨ ਲਈ 2017 ਲਈ ਨਿਰਧਾਰਤ ਆਮਦਨ ਦਰ

ਰੋਮ (ਇਟਲੀ) (ਵਰਿੰਦਰ ਕੌਰ ਧਾਲੀਵਾਲ) – ਪਰਿਵਾਰ ਨੂੰ ਇਟਲੀ ਵਿਚ ਇਕੱਠਾ ਕਰਨਾ (ਰੀਕੁਨਜੁੰਜੀਮੈਂਤੇ ਫਾਮੀਲੀਆਰੇ) ਇਟਾਲੀਅਨ ਸੰਵਿਧਾਨਕ ਕਾਨੂੰਨ ਤਹਿਤ ਪ੍ਰਮਾਣਿਤ ਹੈ, ਪਰ ਇਸ ਲਈ ਤੈਅ ਕੀਤੀਆਂ ਗਈਆਂ ਸ਼ਰਤਾਂ ਦੇ ਅਧਾਰ ‘ਤੇ ਹੀ ਇਹ ਸੰਭਵ ਹੋ ਸਕਦਾ ਹੈ।
ਮੁੱਢਲੇ ਤੌਰ ‘ਤੇ ਜਿਸ ਵੱਲੋਂ ਪਤੀ/ਪਤਨੀ ਨੂੰ ਇਟਲੀ ਬੁਲਾਉਣ ਲਈ ਪਰਿਵਾਰਕ ਕਾਨੂੰਨ ਤਹਿਤ ਦਰਖ਼ਾਸਤ ਦਿੱਤੀ ਜਾਣੀ ਹੋਵੇ, ਉਸ ਕੋਲ ਢੁੱਕਵੀਂ ਰਿਹਾਇਸ਼ ਹੋਣੀ ਲਾਜਮੀ ਹੈ, ਜਿੱਥੇ ਸਫਾਈ ਅਤੇ ਰਹਿਣ ਦੇ ਮਿਆਰ ਸਿਹਤ ਵਿਭਾਗ ਅਤੇ ਸਿਟੀ ਕੌਂਸਲ ਅਨੁਸਾਰ ਢੁੱਕਵੇਂ ਹੋਣ। ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਏ ਸਰਕੂਲਰ ਪੱਤਰ 1557/2008 ਅਨੁਸਾਰ ਬਿਨੇਕਾਰ ਨੂੰ ਸਾਬਤ ਕਰਨਾ ਪਵੇਗਾ ਕਿ ਉਸ ਦਾ ਸਾਥੀ ਕਿੱਥੇ ਰਹੇਗਾ ਅਤੇ ਰਿਹਾਇਸ਼ ਮੁੱਢਲੀਆਂ ਸੁਰੱਖਿਆ ਸਹੂਲਤਾਂ ਨੂੰ ਪੂਰਾ ਕਰਦੀ ਹੈ। ਇਸ ਸਬੰਧੀ ਪ੍ਰਮਾਣ ਨਾ ਹੋਣ ‘ਤੇ ਸਥਾਨਕ ਆਸਲ (ਸਥਾਨਕ ਸਿਹਤ ਵਿਭਾਗ) ਤੋਂ ਇਸ ਸਬੰਧੀ ਪ੍ਰਮਾਣ ਹਾਸਲ ਕਰਨਾ ਲਾਜਮੀ ਹੈ। ਇਸ ਤੋਂ ਇਲਾਵਾ ਆਮਦਨ ਦਾ ਸਰੋਤ ਵੀ ਢੁੱਕਵਾਂ ਹੋਣਾ ਲਾਜਮੀ ਹੈ। ਕਾਨੂੰਨੀ ਤੌਰ ‘ਤੇ ਇੰਪਸ ਵੱਲੋਂ ਸਲਾਨਾ ਆਮਦਨ 2017 ਲਈ 5,824,91 ਯੂਰੋ ਲਾਗੂ ਕੀਤੀ ਗਈ ਹੈ, ਜੋ ਕਿ ਨਿਵਾਸ ਆਗਿਆ ਨਵਿਆਉਣ ਲਈ ਲਾਜਮੀ ਹੈ ਅਤੇ ਜੇ ਪਰਿਵਾਰ ਨੂੰ ਜਾਂ ਪਤੀ/ਪਤਨੀ ਨੂੰ ਇਟਲੀ ਬੁਲਾਉਣਾ ਹੋਵੇ ਤਾਂ ਇਹ ਆਮਦਨ ਲਾਜਮੀ ਲਾਗੂ ਕੀਤੀ ਆਮਦਨ ਦਾ ਅੱਧਾ ਪ੍ਰਤੀ ਮੈਂਬਰ ਲਈ ਜਮਾਂ ਹੁੰਦੀ ਰਹੇਗੀ। ਜੇ ਬਿਨੇਕਾਰ ਵੱਲੋਂ ਸਿਰਫ ਪਤਨੀ ਲਈ ਦਰਖ਼ਾਸਤ ਦੇਣੀ ਹੋਵੇ ਤਾਂ 8737,36 ਯੂਰੋ ਸਲਾਨਾ ਹੋਣੀ ਲਾਜਮੀ ਹੈ ਅਤੇ ਜੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣਾ ਹੋਵੇ ਤਾਂ ਆਮਦਨ ਲਾਜਮੀ ਘੋਸ਼ਿਤ ਕੀਤੀ ਆਮਦਨ ਤੋਂ ਦੁੱਗਣੀ ਹੋਣੀ ਜਰੂਰੀ ਹੈ।
fmly
ਬਿਨੇਕਾਰ + 1 ਪਰਿਵਾਰਕ ਮੈਂਬਰ ਲਈ : 8737,36 ਯੂਰੋ
ਬਿਨੇਕਾਰ + 2 ਪਰਿਵਾਰਕ ਮੈਂਬਰ ਲਈ : 11649,82 ਯੂਰੋ
ਬਿਨੇਕਾਰ + 3 ਪਰਿਵਾਰਕ ਮੈਂਬਰ ਲਈ : 14562,27 ਯੂਰੋ
ਬਿਨੇਕਾਰ + 4 ਪਰਿਵਾਰਕ ਮੈਂਬਰ ਲਈ : 17474,73 ਯੂਰੋ
ਬਿਨੇਕਾਰ + 14 ਸਾਲ ਦੀ ਉਮਰ ਤੋਂ ਘੱਟ 2 ਜਾਂ ਵਧੇਰੇ ਬੱਚੇ : 11649,82 ਯੂਰੋ
ਬਿਨੇਕਾਰ + 1 ਪਰਿਵਾਰਕ ਮੈਂਬਰ + 14 ਸਾਲ ਦੀ ਉਮਰ ਤੋਂ ਘੱਟ 2 ਜਾਂ ਵਧੇਰੇ ਬੱਚੇ : 14562,27 ਯੂਰੋ
ਬਿਨੇਕਾਰ + 2 ਪਰਿਵਾਰਕ ਮੈਂਬਰ + 14 ਸਾਲ ਦੀ ਉਮਰ ਤੋਂ ਘੱਟ 2 ਜਾਂ ਵਧੇਰੇ ਬੱਚੇ : 17474,73 ਯੂਰੋ

ਘਰੇਲੂ ਕਰਮਚਾਰੀ ਆਪਣੀ ਆਮਦਨ ਦਰਸਾਉਣ ਲਈ ਸਮਾਜਿਕ ਸੁਰੱਖਿਆ ਭੁਗਤਾਨ ਦੀ ਰਸੀਦ ਨੂੰ ਪੇਸ਼ ਕਰ ਸਕਦੇ ਹਨ, ਜੋ ਕਿ ਉਨ੍ਹਾਂ ਦੇ ਮਾਲਕ ਵੱਲੋਂ ਨਿਸ਼ਚਤ ਤਨਖਾਹ ਦਰ ‘ਤੇ ਇੰਪਸ ਨੂੰ ਤਾਰੀ ਰਕਮ ਦਾ ਸਬੂਤ ਹੁੰਦਾ ਹੈ। ਆਪਣੇ ਸਾਥੀ ਲਈ ਦਰਖ਼ਾਸਤ ਭਰਨ ਅਤੇ ਨੂਲਾ ਔਸਤਾ ਪ੍ਰਾਪਤ ਕਰਨ ਲਈ ਗ੍ਰਹਿ ਮੰਤਰਾਲੇ ਆੱਨਲਾਈਨ ਵੈੱਬਸਾਈਟ ‘ਤੇ ਫਾਰਮ ਭਰਿਆ ਜਾ ਸਕਦਾ ਹੈ। ਦਰਖ਼ਾਸਤ ਭਰਨ ਤੋਂ ਪਹਿਲਾਂ ਬਿਨੇਕਾਰ ਦਾ ਰਜਿਸਟਰ ਕਰਵਾਉਣਾ ਲਾਜਮੀ ਹੈ, ਜੋ ਕਿ ਇੰਟਰਨੈੱਟ ਰਾਹੀਂ ਸੰਭਵ ਹੈ। ਦਰਖ਼ਾਸਤ ਭਰਨ ਲਈ ਮੋਦੈਲੋ-ਐਸੇ ਭਰਿਆ ਜਾਵੇ। ਪਰਿਵਾਰ ਨੂੰ ਇਕੱਠਾ ਕਰਨ ਦੀ ਦਰਖ਼ਾਸਤ ਗੈਰ ਯੂਰਪੀ ਨਾਗਰਿਕ ਜਿਹੜੇ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿੰਦੇ ਹੋਣ ਅਤੇ ਨਿਵਾਸ ਆਗਿਆ, ਲੰਬੇ ਸਮੇਂ ਦੀ ਨਿਵਾਸ ਆਗਿਆ, ਵਿਦਿਆਰਥੀ, ਧਾਰਮਿਕ ਕਾਰਜਾਂ ਨਾਲ ਸਬੰਧਿਤ ਮੁਲਾਜਮ, ਪਰਿਵਾਰਕ ਤੌਰ ‘ਤੇ ਪ੍ਰਾਪਤ ਕੀਤੀ ਨਿਵਾਸ ਆਗਿਆ ਧਾਰਕ ਦਰਖ਼ਾਸਤ ਦੇ ਸਕਦੇ ਹਨ। ਧਿਆਨ ਦੇਣ ਯੋਗ ਹੈ ਕਿ ਦਰਖ਼ਾਸਤ ਦੇਣ ਵਕਤ ਨਿਵਾਸ ਆਗਿਆ ਤਕਰੀਬਨ 1 ਸਾਲ ਮਣਿਆਦਸ਼ੁਦਾ ਹੋਣੀ ਲਾਜਮੀ ਹੈ।