10,000 ਵਿਦੇਸ਼ੀ ਅਧਿਆਪਨ ਅਤੇ ਇੰਟਰਨਸ਼ਿਪ ਲਈ ਇਟਲੀ ਆ ਸਕਦੇ ਹਨ

altਰੋਮ, (ਇਟਲੀ) 14 ਅਕਤੂਬਰ (ਵਰਿੰਦਰ ਕੌਰ ਧਾਲੀਵਾਲ) – ਇਟਲੀ ਸਰਕਾਰ ਵੱਲੋਂ ਇਸ ਸਾਲ ਲਈ ਪ੍ਰੀਖਣ, ਅਧਿਆਪਨ ਅਤੇ ਇੰਟਰਨਸ਼ਿਪ ਲਈ ਵਿਦੇਸ਼ੀ ਵਿਦਿਆਰਥੀਆਂ ਲਈ 10,000 ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ। ਜਿਸ ਤਹਿਤ ਗੈਰ ਯੂਰਪੀ ਵਿਦੇਸ਼ੀ ਵਿਦਿਆਰਥੀ, ਸਿੱਖਿਆਰਥੀ ਅਤੇ ਕਰਮਚਾਰੀ ਆਪਣੇ ਚੁਣੇ ਗਏ ਵਿਸ਼ੇ ਜਾਂ ਮਹਾਰਥ ਅਨੁਸਾਰ ਦਰਖ਼ਾਸਤ ਦੇ ਸਕਦੇ ਹਨ। ਇਸ ਨੀਤੀ ਨੂੰ ਇਟਾਲੀਅਨ ਸਰਕਾਰ ਵੱਲੋਂ ਗਜ਼ਟ ਵਿਚ ਦਰਜ ਕਰਨ ਲਈ 26 ਅਗਸਤ 2013 ਨੂੰ ਭੇਜ ਦਿੱਤਾ ਸੀ ਜੋ ਕਿ ਦਰਜ ਵੀ ਕੀਤਾ ਜਾ ਚੁੱਕਾ ਹੈ। 5,000 ਇੰਟਰਨਸ਼ਿਪ ਲਈ ਰਾਖਵੇਂ ਕੀਤੇ ਗਏ ਹਨ, ਜਿਸ ਦਾ ਅਧਿਕਾਰ ਸੰਸਥਾਵਾਂ ਅਤੇ ਕੰਪਨੀਆਂ ਨੂੰ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ 2 ਸਾਲ ਦਾ ਹੋਵੇਗਾ ਅਤੇ ਅੰਤ ਵਿਚ ਸੰਸਥਾ ਵੱਲੋਂ ਸਰਟੀਫ਼ਿਕੇਟ ਵੀ ਜਾਰੀ ਕੀਤਾ ਜਾਣਾ ਲਾਜ਼ਮੀ ਹੈ। ਬਾਕੀ ਦਾ 5,000 ਵਿਦਿਆਰਥੀਆਂ ਲਈ ਰਾਖਵਾਂ ਕੀਤਾ ਗਿਆ ਹੈ, ਜਿਸ ਤਹਿਤ ਕੋਰਸ ਖਤਮ ਹੋਣ ਤੋਂ ਬਾਅਦ ਉਹ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹਨ। ਇਸ ਨੂੰ ਨੇਪਰੇ ਚਾੜ੍ਹਨ ਲਈ ਖੇਤਰੀ ਪ੍ਰਮਾਣਿਤ ਸੰਸਥਾਵਾਂ ਵੱਲੋਂ ਯੋਗਦਾਨ ਦਿੱਤਾ ਜਾਵੇਗਾ। ਜਿਸ ਅਨੁਸਾਰ ਇਸ ਵਿਚ ਰੁਜਗਾਰ ਸੈਂਟਰ, ਯੂਨੀਵਰਸਿਟੀ ਅਤੇ ਐਨ ਜੀ ਓ, ਸਮਾਜ ਸੇਵੀ ਸੰਸਥਾਵਾਂ ਮੁੱਖ ਰੋਲ ਅਦਾ ਕਰਨਗੀਆਂ। ਜਿਹੜੇ ਵਿਦੇਸ਼ੀ ਇਸ ਨੀਤੀ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਤੁਰੰਤ ਆਪਣੇ ਦੇਸ਼ ਵਿਚ ਸਥਿਤ ਇਟਾਲੀਅਨ ਅੰਬੈਸੀ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦੇ ਹਨ। ਜਿੱਥੇ ਉਨ੍ਹਾਂ ਨੂੰ ਆਪਣੇ ਤਜੁਰਬੇ, ਸਿੱਖਿਆ ਅਤੇ ਕੋਰਸ ਦਾ ਪ੍ਰਮਾਣ ਪੱਤਰ ਅਤੇ ਇਟਲੀ ਵਿਚ ਭਾਗ ਲੈਣ ਵਾਲੇ ਕੋਰਸ, ਇੰਟਰਨਸ਼ਿਪ, ਸਿਖਲਾਈ ਦਾ ਵੇਰਵਾ ਦਰਸਾਉਣਾ ਪਵੇਗਾ, ਜਿਸ ਅਧਾਰ ‘ਤੇ ਦਰਖ਼ਾਸਤ ਵਿਚਾਰੀ ਜਾਵੇਗੀ। ਇਸ ਨੀਤੀ ਤਹਿਤ ਇਟਲੀ ਦਾਖਲ ਹੋਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਅਧਾਰ ‘ਤੇ ਨਿਵਾਸ ਆਗਿਆ ਪ੍ਰਦਾਨ ਕਰਵਾਈ ਜਾਵੇਗੀ ਅਤੇ ਇਹ ਨਿਵਾਸ ਆਗਿਆ ਕੰਮ ਦੀ ਪੱਕੀ ਨਿਵਾਸ ਆਗਿਆ ਵਿਚ ਬਦਲ ਸਕਦੀ ਹੈ ਜੇ ਵਿਦਿਆਰਥੀ ਵੱਲੋਂ ਕੋਰਸ ਨੂੰ ਪੂਰਾ ਕਰਨ ਉਪਰੰਤ ਸਰਟੀਫ਼ਿਕੇਟ ਪ੍ਰਾਪਤ ਕੀਤਾ ਹੋਵੇ ਅਤੇ ਇਸ ਨਾਲ ਸਬੰਧਿਤ ਰੁਜਗਾਰ ਮਿਲਿਆ ਹੋਵੇ।