ਜਾਅਲੀ ਵਿਆਹ ਦੀ ਕੋਸ਼ਿਸ਼ ਕਾਰਨ ਭਾਰਤੀ ਨੂੰ ਜੇਲ

altਲੰਡਨ, 17 ਜੂਨ (ਬਿਊਰੋ) – 30 ਸਾਲਾ ਯੁਗੇਸ਼ ਕੁਮਾਰ, ਜੋ ਕਿ ਸਾਊਥਾਲ ਦੇ ਲੇਡੀ ਮਾਰਗਰੇਟ ਰੋਡ ‘ਤੇ ਰਹਿੰਦਾ ਸੀ, ਨੂੰ ਜਾਅਲੀ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਬੀਤੇ ਮਾਰਚ ਦੇ ਮਹੀਨੇ ਵਿਚ ਬਰੈਂਟ ਰਜਿਸਟਰ ਦਫ਼ਤਰ ਵਿਖੇ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਯੁਗੇਸ਼ ਕੁਮਾਰ ਦੇ ਵੀਜ਼ਾ ਦੀ ਮਣਿਆਦ ਲੰਘ ਚੁੱਕੀ ਸੀ ਅਤੇ ਉਹ ਧੋਖੇ ਨਾਲ 22 ਸਾਲਾ ਹੰਗਰੀਅਨ ਔਰਤ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ, ਯੁਗੇਸ਼ ਕੁਮਾਰ ਦੇ ਪਾਸਪੋਰਟ ‘ਤੇ ਇਕ ਕਾਊਂਟਰਫਿਟ ਵੀਜ਼ਾ ਮੁਹਰ ਸੀ, ਜਿਸ ਅਨੁਸਾਰ ਉਹ ਇਥੇ ਰਹਿਣ ਦਾ ਅਤੇ ਕੰਮ ਕਰਨ ਦਾ ਅਧਿਕਾਰ ਰੱਖਦਾ ਸੀ। ਇਸੇ ਪਾਸਪੋਰਟ ਦੀ ਮਦਦ ਨਾਲ ਉਸ ਨੇ ਸਫਾਈ ਕਰਮਚਾਰੀ ਵਜੋਂ ਨੌਕਰੀ ਵੀ ਹਾਸਲ ਕਰ ਲਈ ਸੀ, ਜਿਸ ਨੂੰ 13 ਜੂਨ ਨੂੰ ਆਈਜ਼ਲਵਰਥ ਕਰਾਊਨ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਜੱਜ ਨੇ ਪੰਜ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਭੁਗਤਣ ਤੋਂ ਬਾਅਦ ਯੁਗੇਸ਼ ਕੁਮਾਰ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ।