ਸੈਲਾਨੀ, ਥਾਈਲੈਂਡ ਦੀ ਯਾਤਰਾ ਸਮੇਂ ਧਿਆਨ ਦੇਣ

ਰੋਮ (ਇਟਲੀ) 25 ਅਕਤੂਬਰ (ਪੰਜਾਬ ਐਕਸਪ੍ਰੈੱਸ) – ਥਾਈਲੈਂਡ ਇਨੀਂ ਦਿਨੀਂ ਆਪਣੇ ਹਰਮਨ ਪਿਆਰੇ ਰਾਜਾ ਪੂਮੀਪੋਨ ਅਦੂੰਨਿਦੇਤ ਦੇ ਨਿਧਨ ਦਾ ਸੋਗ ਮਨਾ ਰਿਹਾ ਹੈ। ਪੂਮੀਪੋਨ ਦਾ 88 ਸਾਲ ਦੀ ਉਮਰ ਵਿੱਚ ਬੀਤੇ ਦਿਨੀਂ ਨਿਧਨ ਹੋ ਗਿਆ ਸੀ।

ਪੂਮੀਪੋਨ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਕਿਸੇ ਦੇਸ਼ ਉੱਤੇ ਸ਼ਾਸਨ ਕਰਣ ਵਾਲੇ ਰਾਜਾ ਸਨ। ਉਨ੍ਹਾਂ ਦੇ ਨਿਧਨ ਦੇ ਬਾਅਦ ਦੇਸ਼ ਭਰ ਵਿੱਚ ਇੱਕ ਸਾਲ ਤੱਕ ਸੋਗ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਇੱਕ ਮਹੀਨੇ ਤੱਕ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਸਰਕਾਰ ਨੇ ਲੋਕਾਂ ਨੂੰ ਇਸ ਦੌਰਾਨ ਜਸ਼ਨ ਨਾ ਮਨਾਉਣ ਦੀ ਅਪੀਲ ਕੀਤੀ ਹੈ। 
ਅਜਿਹੇ ਵਿੱਚ ਥਾਈਲੈਂਡ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ ਵੀ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਸੈਲਾਨੀਆਂ ਨੂੰ ਥਾਈ ਪਰੰਪਰਾ ਅਤੇ ਮਕਾਮੀ ਕਾਨੂੰਨ ਦਾ ਖਿਆਲ ਰੱਖਣਾ ਹੋਵੇਗਾ। ਥਾਈ ਸਰਕਾਰ ਨੇ ਆਪਣੇ ਲੋਕਾਂ ਨੂੰ ਸੋਗ ਵਿਚ ਸ਼ਰੀਕ ਰਹਿਣ ਲਈ ਕਾਲੇ ਕੱਪੜਿਆਂ ਦਾ ਇਸਤੇਮਾਲ ਕਰਨ ਨੂੰ ਕਿਹਾ ਹੈ। ਇਸ ਲਈ ਇਨੀਂ ਦਿਨੀਂ ਥਾਈਲੈਂਡ ਵਿੱਚ ਹਰ ਕੋਈ ਕਾਲੇ ਕੱਪੜਿਆਂ ਵਿੱਚ ਹੀ ਨਜ਼ਰ ਆ ਰਿਹਾ ਹੈ। ਇਸ ਲਈ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ, ਜੇਕਰ ਸੰਭਵ ਹੋਵੇ ਤਾਂ ਸਰਵਜਨਕ ਥਾਵਾਂ ‘ਤੇ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਸੱਭਿਅਕ ਹੋਣ, ਸੈਲਾਨੀਆਂ ਨੂੰ ਮਕਾਮੀ ਮੀਡਿਆ ਦੀਆਂ ਖ਼ਬਰਾਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਮਕਾਮੀ ਅਧਿਕਾਰੀਆਂ ਦੀ ਸਲਾਹ ਮੰਨਣੀ ਚਾਹੀਦੀ ਹੈ। 
ਇਕ ਸਥਾਨਕ ਪ੍ਰੈੱਸ ਦੀ ਰਿਪੋਰਟ ਅਨੁਸਾਰ ਵੱਡੇ ਰਿਜਾਰਟ ਦੇ ਸਮੁੰਦਰੀ ਤਟਾਂ ਉੱਤੇ ਸਵੀਮਿੰਗ ਸੂਟ ਪਾਇਆ ਜਾ ਸਕਦਾ ਹੈ, ਪ੍ਰੰਤੂ ਮਕਾਮੀ ਲੋਕਾਂ ਦੀਆਂ ਸਲਾਹਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਧਾਰਮਿਕ ਸਥਾਨ ਜਾਂ ਫਿਰ ਸ਼ਾਹੀ ਜਗ੍ਹਾਵਾਂ ਦੀ ਯਾਤਰਾ ਦੇ ਦੌਰਾਨ ਸਥਾਨਕ ਪ੍ਰੰਪਰਿਕ ਪਹਿਰਾਵਾ ਹੀ ਪਹਿਨਣਾ ਚਾਹੀਦਾ ਹੈ। 
ਥਾਈਲੈਂਡ ਵਿੱਚ ਰੈਸਟੋਰੈਂਟ, ਬਾਰ ਅਤੇ ਸ਼ਾਪਿੰਗ ਖੇਤਰ ਵਿੱਚ ਰੋਕ ਹੋ ਸਕਦੀ ਹੈ ਅਤੇ ਸਾਰਵਜਨਕ ਥਾਵਾਂ ਉੱਤੇ ਤੁਹਾਨੂੰ ਸਹੀ ਸੱਭਿਅਕ ਵਿਹਾਰ ਰੱਖਣਾ ਚਾਹੀਦਾ ਹੈ। ਥਾਈਲੈਂਡ ਦੇ ਪ੍ਰਧਾਨਮੰਤਰੀ ਜਨਰਲ ਪ੍ਰਾਯੁਤ ਚੈਨ – ਓ – ਚਾ ਕਹਿ ਚੁੱਕੇ ਹਨ ਕਿ ਦੇਸ਼ ਵਿੱਚ ਅਗਲੇ 30 ਦਿਨਾਂ ਤੱਕ ਮਨੋਰੰਜਨ ਦੇ ਸਾਰੇ ਸਾਧਨਾਂ ਦੀ ਵਰਤੋਂ ਘੱਟ ਹੋਵੇਗੀ। 
ਬੈਂਕਾਕ ਦੇ ਸੈਕਸ ਵਰਕਰਾਂ ਨੇ ਵੀ ਰਾਜਾ ਦੀ ਮੌਤ ਦੇ ਬਾਅਦ ਸੋਗ ਰਹਿਣ ਤੱਕ ਕੰਮ ਬੰਦ ਕਰ ਦਿੱਤਾ ਹੈ। 
ਸੈਲਾਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪਹਿਚਾਣ ਪੱਤਰ ਹਮੇਸ਼ਾਂ ਆਪਣੇ ਨਾਲ ਰੱਖਣ। ਥਾਈਲੈਂਡ ਵਿੱਚ ਰਾਜਸ਼ਾਹੀ ਨਾਲ ਜੁੜੇ ਕਾਨੂੰਨ ਬੇਹੱਦ ਸਖ਼ਤ ਹਨ ਅਤੇ ਇਨ੍ਹਾਂ ਦਾ ਉਦੇਸ਼ ਰਾਜ ਪਰਿਵਾਰ ਦੇ ਮੈਬਰਾਂ ਨੂੰ ਕਿਸੇ ਬੇਇੱਜ਼ਤੀ ਅਤੇ ਖ਼ਤਰੇ ਤੋਂ ਬਚਾਉਣਾ ਹੈ। ਜੇਕਰ ਕਿਸੇ ਨੂੰ ਸ਼ਾਹੀ ਖਾਨਦਾਨ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਤਿਸ਼ਠਾ ਨੂੰ ਠੇਸ ਪਹੁੰਚਾਉਣ, ਬੇਇੱਜ਼ਤੀ ਕਰਨ ਜਾਂ ਫਿਰ ਖ਼ਤਰਾ ਪਹੁੰਚਾਉਣ ਲਈ ਦੋਸ਼ੀ ਪਾਇਆ ਜਾਵੇ ਤਾਂ ਉਸਨੂੰ 15 ਸਾਲ ਤੱਕ ਕੈਦ ਦੀ ਸੱਜਾ ਹੋ ਸਕਦੀ ਹੈ। ਇਹ ਕਾਨੂੰਨ ਦੇਸ਼ ਦੇ ਨਾਗਰਿਕਾਂ ਤੋਂ ਇਲਾਵਾ ਸੈਲਾਨੀਆਂ ਉੱਤੇ ਵੀ ਲਾਗੂ ਹੁੰਦਾ ਹੈ।