ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ

marriageਰੋਮ, 14 ਜੂਨ (ਵਰਿੰਦਰ ਕੌਰ ਧਾਲੀਵਾਲ) – ਕੀ ਯੂਰਪੀ ਨਾਗਰਿਕ ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਵਿਦੇਸ਼ੀ ਨਾਲ ਵਿਆਹ ਕਰਵਾ ਸਕਦਾ ਹੈ ਜਾਂ ਕਹਿ ਲਓ ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਦਾ ਹੈ? ਇਹ ਸਵਾਲ ਬਹੁਤ ਸਾਰੇ ਮਨਾਂ ਵਿਚ ਉੱਠਦੇ ਹੋਣਗੇ।
ਯੂਰਪੀ ਨਾਗਰਿਕ ਨਾਲ ਵਿਆਹ ਕਰਵਾਉਣ ਉਪਰੰਤ ਗੈਰਕਾਨੂੰਨੀ ਵਿਦੇਸ਼ੀ ਨੂੰ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਹੋ ਸਕਦੀ ਹੈ। ਯੂਰਪੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਇਟਲੀ ਦੀ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਰੱਖਦੇ ਹਨ। ਧਿਆਨਦੇਣਯੋਗ ਹੈ ਕਿ ਵਿਆਹ ਕਰਵਾਉਣ ਉਪਰੰਤ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਪਵੇਗਾ। ਜਿਸ ਉਪਰੰਤ ਉਨ੍ਹਾਂ ਦੇ ਪਤੀ ਜਾਂ ਪਤਨੀ ਵੱਲੋਂ ਪਰਿਵਾਰ ਨੂੰ ਇਕੱਠਾ ਕਰਨ ਦੀ ਦਰਖਾਸਤ ਦੇਣ ਉਪਰੰਤ ਪਰਿਵਾਰਕ ਵੀਜ਼ੇ ਦੇ ਅਧਾਰ ’ਤੇ ਇਟਲੀ ਵਿਚ ਕਾਨੂੰਨੀ ਤੌਰ ’ਤੇ ਦਾਖਲ ਹੋਣਾ ਪਵੇਗਾ। ਕਾਨੂੰਨ ਨੰਬਰ 30/2007 ਅਨੁਸਾਰ ਯੂਰਪੀਅਨ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਦੀ ਦਰਖਾਸਤ ਬਿਨਾਂ ਕਿਸੇ ਵੀਜ਼ਾ ਫੀਸ ਦੇ ਘੋਖੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦਰਖਾਸਤ ਨੂੰ ਪਹਿਲ ਦੇ ਅਧਾਰ ’ਤੇ ਨ੍ਹੇਪਰੇ ਚਾੜ੍ਹਿਆ ਜਾਂਦਾ ਹੈ।