ਬਹਿਬਲ ਕਲਾਂ ਗੋਲੀ ਕਾਂਡ

ਚਰਨਜੀਤ ਸ਼ਰਮਾ ਦੇ ਪੁਲਿਸ ਰਿਮਾਂਡ ‘ਚ ਤਿੰਨ ਦਿਨ ਦਾ ਹੋਰ ਵਾਧਾ

ਫ਼ਰੀਦਕੋਟ, ਅਕਤੂਬਰ, 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਸਬੰਧੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਮੋਗਾ ਜ਼ਿਲ੍ਹੇ ਦੇ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਨੂੰ ਅੱਠ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਇੱਥੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵਲੋਂ ਸਿੱਟ ਦੀ ਮੰਗ ‘ਤੇ ਚਰਨਜੀਤ ਸ਼ਰਮਾ ਨੂੰ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਸਿੱਟ ਮੈਂਬਰ ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਦੀ ਅਗਵਾਈ ‘ਚ ਭਾਰੀ ਪੁਲਿਸ ਫ਼ੋਰਸ ਨਾਲ ਅੱਜ ਚਰਨਜੀਤ ਸ਼ਰਮਾ ਨੂੰ ਦੋ ਕੁ ਵਜੇ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ‘ਚ ਲਿਆਂਦਾ ਗਿਆ। ਸਿੱਟ ਵਲੋਂ ਅਦਾਲਤ ਕੋਲੋਂ ਪੰਜ ਦਿਨ ਦੇ ਹੋਰ ਰਿਮਾਂਡ ਦਾ ਵਾਧਾ ਮੰਗਿਆ ਗਿਆ। ਅੱਧਾ ਘੰਟਾ ਚੱਲੀ ਬਹਿਸ ਤੋਂ ਬਾਅਦ ਸੁਣਵਾਈ ਕਰਦੇ ਹੋਏ ਅਦਾਲਤ ਵਲੋਂ ਚਰਨਜੀਤ ਸ਼ਰਮਾ ਨੂੰ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਗਏ। ਵਿਸ਼ੇਸ਼ ਜਾਂਚ ਟੀਮ ਨੇ ਅੱਜ ਅਦਾਲਤ ‘ਚ ਦਾਅਵਾ ਕੀਤਾ ਕਿ ਬਹਿਬਲ ਕਾਂਡ ‘ਚ ਪੁਲਿਸ ਦੇ ਵਾਹਨਾਂ ‘ਤੇ ਧਰਨਾਕਾਰੀਆਂ ਵਲੋਂ ਗੋਲੀਆਂ ਚਲਾਉਣ ਦੀ ਗੱਲ ਸਹੀ ਨਹੀਂ ਹੈ ਅਤੇ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੁਲਿਸ ਨੇ ਆਪਣਾ ਬਚਾਅ ਕਰਨ ਲਈ ਆਪਣੀਆਂ ਗੱਡੀਆਂ ‘ਤੇ ਆਪ ਹੀ ਗੋਲੀਆਂ ਚਲਾਈਆਂ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਸੀ ਅਤੇ ਜੋ ਗੋਲੀਆਂ ਪੁਲਿਸ ਦੀਆਂ ਗੱਡੀਆਂ ‘ਤੇ ਵੱਜੀਆਂ, ਉਹ ਇਨ੍ਹਾਂ ਨਿੱਜੀ ਹਥਿਆਰਾਂ ਨਾਲ ਮਾਰੀਆਂ ਜਾਪਦੀਆਂ ਹਨ, ਜਿਸ ਵਿਚ 12 ਬੋਰ ਰਾਈਫਲ ਦੀ ਵਰਤੋਂ ਬਾਰੇ ਵੀ ਕਿਹਾ ਗਿਆ। ਸਿੱਟ ਅਧਿਕਾਰੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚਰਨਜੀਤ ਸ਼ਰਮਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ ਤੇ ਜਾਂਚ ਦਾ ਵਿਸ਼ਾ ਹੋਣ ਕਰਕੇ ਇਹ ਖੁਲਾਸੇ ਜਨਤਕ ਨਹੀਂ ਕੀਤੇ ਜਾ ਸਕਦੇ।