ਅਫਸਰਾਂ ਦੀ ਖਹਿਬਾਜ਼ੀ ਕਰਕੇ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਬ੍ਰੇਕ, ਪੁਲਿਸ ਮੁਖੀ ਵੱਲੋਂ ਟੀਮ ਤਲਬ

DGP calls meet over rift in SIT
ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਵਿਸ਼ੇਸ਼ ਜਾਂਚ ਟੀਮ ਵਿੱਚ ਹੀ ਮੱਤਭੇਦ ਸਾਹਮਣੇ ਆ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਵੀਕੇ ਭਾਵਰਾ ਨੇ ਅੱਜ ਸਿੱਟ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਬੇਅਬਦੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਬਾਰੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵੱਲੋਂ ਦਾਇਰ ਚਾਰਜਸ਼ੀਟ ਮਗਰੋਂ ਉੱਭਰੇ ਮੱਤਭੇਦਾਂ ‘ਤੇ ਚਰਚਾ ਕੀਤੀ ਜਾ ਰਹੀ ਹੈ।

ਯਾਦ ਰਹੇ ਡੀਜੀਪੀ ਦਿਨਕਰ ਗੁਪਤਾ ਦੇ ਵਿਦੇਸ਼ ਛੁੱਟੀ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਮਾਨ ਵੀਕੇ ਭਾਵਰਾ ਦੇ ਹੱਥ ਹੈ। ਮਾਮਲਾ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਬੇਸ਼ੱਕ ਪੁਲਿਸ ਅਫਸਰ ਇਸ ਨੂੰ ਆਮ ਮੀਟਿੰਗ ਕਹਿ ਰਹੇ ਹਨ ਪਰ ਮਾਮਲੇ ਦੀ ਗੰਭੀਰਤਾ ਕਰਕੇ ਇਹ ਕਾਫੀ ਅਹਿਮ ਹੈ। ਇਸ ਜਾਂਚ ਨਾਲ ਕੈਪਟਨ ਸਰਕਾਰ ਦਾ ਵੀ ਵੱਕਾਰ ਜੁੜਿਆ ਹੋਇਆ ਹੈ।

ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿਵਾਦਾਂ ਵਿੱਚ ਘਿਰ ਹੋਈ ਹੈ। ਇਸ ਕਰਕੇ ਹੀ ਕਸੂਤੇ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਾਂਚ ਟੀਮ ’ਤੇ ਹੱਲਾ ਬੋਲ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਜਿਸ ਦਿਨ ਚਾਰਜਸ਼ੀਟ ਦਾਇਰ ਕੀਤੀ ਸੀ, ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜਾਂਚ ਟੀਮ ਵਿੱਚ ਸ਼ਾਮਲ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣਨ ਦਾ ਦੋਸ਼ ਲਾਇਆ ਸੀ। ਅਫਸਰਾਂ ਵਿੱਚ ਮਤਭੇਦਾਂ ਮਗਰੋਂ ਅਕਾਲੀ ਦਲ ਹੋਰ ਹਮਲਾਵਰ ਹੋ ਗਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਤੇ ਇਸ਼ਾਰੇ ’ਤੇ ਹੀ ਸਾਰੀ ਚਾਰਜਸ਼ੀਟ ਤਿਆਰ ਕੀਤੀ ਗਈ ਹੈ।

ਸਿੱਟ ਦੀ ਚਾਰਜਸ਼ੀਟ ਵਿੱਚ ਪੰਜ ਪੁਲਿਸ ਅਧਿਕਾਰੀਆਂ, ਸਾਬਕਾ ਉਪ ਮੁੱਖ ਮੰਤਰੀ ਤੇ ਸਾਬਕਾ ਅਕਾਲੀ ਵਿਧਾਇਕ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਹ ਵੀ ਚਰਚਾ ਹੈ ਕਿ ਆਈਜੀ ਨੇ ਵਿਸ਼ੇਸ਼ ਜਾਂਚ ਟੀਮ ਦੇ ਚਾਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਹੀ ਇਸ ਨੂੰ ਦਾਇਰ ਕੀਤਾ ਹੈ। ਇਹ ਮੱਤਭੇਦ ਖੁੱਲ੍ਹ ਕੇ ਸਾਹਮਣੇ ਵੀ ਆ ਗਏ ਹਨ। ਇਸ ਨਾਲ ਸਰਕਾਰ ਦੀ ਕਾਰਗੁਜਾਰੀ ‘ਤੇ ਵੀ ਸਵਾਲ ਉੱਠਿਆ ਹੈ। ਇਸ ਲਈ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।