ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਪਿਓ-ਧੀ ਦੀ ਮੌਤ, ਲਾਸ਼ਾਂ ਦੀ ਫ਼ੋਟੋ ਵਾਇਰਲ

Father & daughter died on the US Mexico border trying to cross into the USA
 ਟਮੌਲੀਪਾਸ: ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਾਲਵੇਡੋਰ (El Salvador) ਦੇ ਨਾਗਰਿਕ ਪਿਓ-ਧੀ ਦੀ ਮੌਤ ਹੋਣ ਦੀ ਖ਼ਬਰ ਹੈ। ਪਿਓ-ਧੀ ਦੀ ਲਾਸ਼ਾਂ ਦੀ ਤਸਵੀਰ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ ਅਤੇ ਲੋਕ ਵੱਡੀ ਗਿਣਤੀ ਵਿੱਚ ਇਸ ਨੂੰ ਸ਼ੇਅਰ ਕਰ ਰਹੇ ਹਨ।
ਮ੍ਰਿਤਕਾਂ ਦੀ ਪਛਾਣ 25 ਸਾਲ ਆਸਕਰ ਮਾਰਟਿਨੇਜ ਰਮਾਇਰੇਜ ਅਤੇ ਉਸ ਦੀ 23 ਮਹੀਨਿਆਂ ਦੀ ਧੀ ਵਲੇਰੀਆ ਵਜੋਂ ਹੋਈ ਹੈ। ਆਸਕਰ ਨਾਲ ਉਸ ਦੀ 21 ਸਾਲਾ ਪਤਨੀ ਤਾਨੀਆ ਐਵਲੋਸ ਵੀ ਮੌਜੂਦ ਸੀ। ਤਿੰਨੇ ਜਣੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੈਕਸਿਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਪਰਿਵਾਰ ਨੂੰ ਅੱਗੇ ਵਧਣ ਲਈ ਰੀਓ ਗ੍ਰਾਂਡੇ ਨਦੀ ਨੂੰ ਪਾਰ ਕਰਨਾ ਪੈਣਾ ਸੀ। ਇਸ ਲਈ ਪਿਤਾ ਨੇ ਆਪਣੀ ਛੋਟੀ ਧੀ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਟੀ-ਸ਼ਰਟ ਵਿੱਚ ਲੁਕੋ ਕੇ ਰੱਖਿਆ ਸੀ। ਇਸ ਦੌਰਾਨ ਤਾਨਿਆ ਤਾਂ ਨਦੀ ਦੇ ਪਾਰ ਪਹੁੰਚ ਗਈ ਪਰ ਆਸਕਰ ਤੇ ਉਸ ਦੀ ਧੀ ਪਾਣੀ ਦੇ ਤੇਜ਼ ਵਹਾਅ ਕਾਰਨ ਦੂਜੇ ਕਿਨਾਰੇ ਤਕ ਨਾ ਪਹੁੰਚ ਸਕੇ ਅਤੇ ਰਸਤੇ ਵਿੱਚ ਹੀ ਡੁੱਬ ਗਏ।

 ਇਸ ਤੋਂ ਪਹਿਲਾਂ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਐਰੀਜ਼ੋਨਾ ਦੇ ਮਾਰੂਥਲ ਵਿੱਚ ਛੇ ਸਾਲਾਂ ਦੀ ਪੰਜਾਬੀ ਕੁੜੀ ਗੁਰਪ੍ਰੀਤ ਕੌਰ ਦੀ ਗਰਮੀ ਕਾਰਨ ਮੌਤ ਹੋ ਗਈ ਸੀ। ਹੁਣ ਇਸ ਪਿਓ-ਧੀ ਦੀ ਮੂਧੇ ਮੂੰਹ ਪਾਣੀ ‘ਚ ਤੈਰਦੀਆਂ ਲਾਸ਼ਾਂ ਦੀ ਤਸਵੀਰ ਨੇ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ ਕਿ ਕਿਸ ਤਰ੍ਹਾਂ ਸ਼ਰਨਾਰਥੀ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਰਹੇ ਹਨ। ਤਸਵੀਰ ਦੇ ਸਾਹਮਣੇ ਆਉਣ ਨਾਲ ਅਲ ਸਾਲਵੇਡੋਰ ਅਤੇ ਮੈਕਸਿਕੋ ਵਿੱਚ ਵੀ ਕਾਫੀ ਰੋਸ ਹੈ। ਸ਼ਰਨਾਰਥੀਆਂ ਪ੍ਰਤੀ ਖ਼ਰਾਬ ਰਵੱਈਏ ਤੋਂ ਸਰਕਾਰਾਂ ਖ਼ਿਲਾਫ਼ ਲੋਕਾਂ ਵਿੱਚ ਕਾਫੀ ਰੋਸ ਹੈ।