ਆਸਟਰੇਲੀਆ ਦੀ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

੍ਹ        ਬਾਦਲ ਨੇ ਸਿੱਖਿਆ, ਹੁਨਰ ਸਿਖਲਾਈ ਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਹਾਈ ਕਮਿਸ਼ਨਰ ਦਾ ਸਹਿਯੋਗ ਮੰਗਿਆ
੍ਹ        ਪੰਜਾਬ ਦੀ ਧੀ ਵਜੋਂ ਇਸ ਮੁਕਾਮ ‘ਤੇ ਪਹੁੰਚ ਕੇ ਹਰੇਕ ਪੰਜਾਬੀ ਦਾ ਮਾਣ ਵਧਾਇਆ
੍ਹ        ਹਾਈ ਕਮਿਸ਼ਨਰ ਵੱਲੋਂ ਪੰਜਾਬ ਦੇ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਵਿੱਚ ਸਹਿਯੋਗ ਤੇ ਮਦਦ ਦੀ ਪੇਸ਼ਕਸ਼
੍ਹ        ਖੇਤੀਬਾੜੀ, ਫੂਡ ਪ੍ਰੋਸੈਸਿੰਗ ਤੇ ਸਿੱਖਿਆ ਦੇ ਖੇਤਰ ਵਿੱਚ ਸਾਂਝੇ ਉੱਦਮ ਕਰਨ ਪ੍ਰਤੀ ਦਿਲਚਸਪੀ ਦਿਖਾਈ

ਚੰਡੀਗੜ੍ਹ, 24 ਜੁਲਾਈ,ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਪਾਸੋਂ ਸਿੱਖਿਆ, ਹੁਨਰ ਸਿਖਲਾਈ, ਖੇਤੀਬਾੜੀ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ।ਆਸਟਰੇਲੀਆ ਦੀ ਹਾਈ ਕਮਿਸ਼ਨਰ ਨੇ ਅੱਜ ਦੁਪਹਿਰ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਕ ਗਤੀਸ਼ੀਲ ਸੂਬਾ ਹੈ ਅਤੇ ਦੁਵੱਲੇ ਸਹਿਯੋਗ ਨਾਲ ਨਵੇਂ ਦਿਸਹੱਦੇ ਕਾਇਮ ਕਰਨ ਦੇ ਵੱਡੇ ਮੌਕੇ ਹਨ ਜਿਸ ਨਾਲ ਪੰਜਾਬ ਅਤੇ ਆਸਟਰੇਲੀਆ ਖੇਤੀਬਾੜੀ ਅਤੇ ਬਾਗਬਾਨੀ ਵਰਗੇ ਖੇਤਰਾਂ ਵਿੱਚ ਇਕ-ਦੂਜੇ ਤੋਂ ਲਾਭ ਲੈ ਸਕਦਾ ਹੈ। ਸ. ਬਾਦਲ ਨੇ ਹਾਈ ਕਮਿਸ਼ਨਰ ਨੂੰ ਕਣਕ ਦੀ ਪੈਦਾਵਾਰ ਵਧਾਉਣ ਲਈ ਵੱਧ ਝਾੜ ਵਾਲਾ ਕਣਕ ਦਾ ਮਿਆਰੀ ਬੀਜ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਕਿਉਂ ਜੋ ਦੁਨੀਆ ਭਰ ਵਿੱਚ ਪ੍ਰਤੀ ਹੈਕਟੇਅਰ ਕਣਕ ਦੀ ਸਭ ਤੋਂ ਵੱਧ ਪੈਦਾਵਾਰ ਅਸਟਰੇਲੀਆ ਵਿੱਚ ਹੁੰਦੀ ਹੈ। ਸ. ਬਾਦਲ ਨੇ ਪੰਜਾਬ ਤੇ ਆਸਟਰੇਲੀਆ ਦੇ ਕਿਸਾਨਾਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਜਿਸ ਨਾਲ ਕਿਸਾਨ ਭਾਈਚਾਰਾ ਖੇਤੀਬਾੜੀ ਦੇ ਨਵੇਂ ਤੇ ਵਿਗਿਆਨਕ ਅਮਲਾਂ ਦਾ ਗਿਆਨ ਹਾਸਲ ਕਰਕੇ ਫਸਲ ਦਾ ਵੱਧ ਝਾੜ ਲੈ ਸਕੇਗਾ।ਮੁੱਖ ਮੰਤਰੀ ਨੇ ਆਸਟਰੇਲੀਅਨ ਹਾਈ ਕਮਿਸ਼ਨਰ ਨੂੰ ਉਚੇਰੀ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵਿਦਿਅਕ ਸੰਸਥਾਵਾਂ ਤੇ ਯੂਨੀਵਰਸਿਟੀਆਂ ਨਾਲ ਗੱਠਜੋੜ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਸਟਰੇਲੀਆ ਸਰਕਾਰ ਦੀ ਭਾਈਵਾਲੀ ਨਾਲ ਹੁਨਰ ਵਿਕਾਸ ਦੇ ਨਵੇਂ ਕੋਰਸ ਸ਼ੁਰੂ ਕਰਨ ਪ੍ਰਤੀ ਵੀ ਆਪਣੀ ਇੱਛਾ ਪ੍ਰਗਟਾਈ ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਸਮਰੱਥ ਬਣਾਇਆ ਜਾ ਸਕੇਗਾ। ਸ. ਬਾਦਲ ਨੇ ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿਖੇ ਬਣ ਰਹੀ ਮੈਡੀਸਿਟੀ ਵਿਖੇ ਮੈਡੀਕਲ ਸਿੱਖਿਆ ਤੇ ਖੋਜ ਸੰਸਥਾ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ।  ਮੁੱਖ ਮੰਤਰੀ ਵੱਲੋਂ ਉਠਾਏ ਮੁੱਦਿਆਂ ਪ੍ਰਤੀ ਹੁੰਗਾਰਾ ਭਰਦਿਆਂ ਹਰਿੰਦਰ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਸਟਰੇਲੀਆ ਸਰਕਾਰ ਵੱਲੋਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨਾਲ ਸਮਝੌਤਾ ਕਰਨ ਦੀ ਪ੍ਰਕ੍ਰਿਆ ਪਹਿਲਾਂ ਹੀ ਆਰੰਭੀ ਹੋਈ ਹੈ ਜਿਸ ਤਹਿਤ ਖਿਡਾਰੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਕੋਚਾਂ ਨੂੰ ਨਵੇਂ ਖੇਡ ਹੁਨਰ ਦੱਸੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਸਰਕਾਰ ਵੱਲੋਂ ਇਨ੍ਹਾਂ ਲੀਹਾਂ ‘ਤੇ ਹੀ ਕੌਮੀ ਖੇਡ ਸੰਸਥਾ, ਪਟਿਆਲਾ ਨਾਲ ਇਕ ਸਮਝੌਤਾ ਸਹੀਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਈ ਕਮਿਸ਼ਨਰ ਨੇ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਸੂਬੇ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਕਿਉਂ ਜੋ ਆਸਟਰੇਲੀਆ ਨੂੰ ਭਵਨ ਨਿਰਮਾਣ ਤੇ ਇੰਜਨੀਅਰਿੰਗ ਵਿੱਚ ਆਪਣੀ ਤਕਨੀਕ ਤੇ ਮੁਹਾਰਤ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੀ ਧੀ ਵਜੋਂ ਇਸ ਮੁਕਾਮ ‘ਤੇ ਪਹੁੰਚਣ ਲਈ ਆਸਟਰੇਲੀਆ ਦੀ ਹਾਈ ਕਮਿਸ਼ਨਰ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਇਸ ਮਾਣਮੱਤੀ ਮੰਜ਼ਲ ‘ਤੇ ਪਹੁੰਚ ਕੇ ਹਰੇਕ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਅਗਲੀ ਫੇਰੀ ਮੌਕੇ ਮੋਗਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਧਰਮਕੋਟ ਵਿਖੇ ਮਾਪਿਆਂ ਸਮੇਤ ਆਉਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਉਨ੍ਹਾਂ ਨੂੰ ਆਪਣੇ ਜੱਦੀ ਪਿੰਡ ਬਾਦਲ ਵਿਖੇ ਵੀ ਆਉਣ ਦਾ ਸੱਦਾ ਦਿੱਤਾ ਜਿੱਥੇ ਇਕ ਨਰਸਿੰਗ ਕਾਲਜ ਸਮੇਤ ਲੜਕੀਆਂ ਲਈ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਵਿਰਾਸਤ ਨੂੰ ਆਧੁਨਿਕ ਤਕਨਾਲੋਜੀ ਨਾਲ ਮੂਰਤੀਮਾਨ ਕਰਦਾ ਵਿਰਾਸਤ-ਏ-ਖਾਲਸਾ ਦਾ ਵੀ ਦੌਰਾ ਕਰਨ ਦੀ ਅਪੀਲ ਕੀਤੀ।  ਸੂਬੇ ਦੇ ਸਰਬਪੱਖੀ ਵਿਕਾਸ ਤੇ ਭਲਾਈ ਲਈ ਸ. ਬਾਦਲ ਦੀ ਸਮਰਪਿਤ ਭਾਵਨਾ ਤੇ ਵਚਨਬੱਧਤਾ ਤੋਂ ਪ੍ਰਭਾਵਿਤ ਹੁੰਦਿਆਂ ਹਾਈ ਕਮਿਸ਼ਨਰ ਨੇ ਖੇਤੀਬਾੜੀ, ਸਿੱਖਿਆ ਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਪੰਜਾਬ ਨੂੰ ਮਦਦ ਤੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ‘ਤੇ ਉਸ ਨੂੰ ਮਾਣ ਹੈ ਅਤੇ ਉਨ੍ਹਾਂ ਦਾ ਉਪਰਾਲਾ ਖੇਤੀਬਾੜੀ, ਫੂਡ ਪ੍ਰੋਸੈਸਿੰਗ ਤੇ ਸਿੱਖਿਆ ਵਿੱਚ ਸਾਂਝੇ ਉੱਦਮ ਸਥਾਪਤ ਕਰਨਾ ਹੈ। ਉਨ੍ਹਾਂ ਨੇ ਸ. ਬਾਦਲ ਨੂੰ ਪੰਜਾਬੀਆਂ ਦੇ ਅਜੇਤੂ ਤੇ ਉੱਦਮੀ ਜਜ਼ਬੇ ਬਾਰੇ ਵੀ ਦੱਸਿਆ ਜੋ ਆਸਟਰੇਲੀਆ ਦੀ ਆਰਥਿਕ ਤਰੱਕੀ ਵਿੱਚ ਲਾਮਿਸਾਲ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਅੱਜ ਦੀ ਮੁਲਾਕਾਤ ਵਿੱਚ ਰੱਖੀਆਂ ਤਜਵੀਜ਼ਾਂ ਨੂੰ ਹਕੀਕਤ ਵਿੱਚ ਬਦਲਣ ਲਈ ਉਹ ਆਸਟਰੇਲੀਆ ਸਰਕਾਰ ਨਾਲ ਵਿਚਾਰਨ ਤੋਂ ਬਾਅਦ ਮੁੜ ਵਾਪਸ ਆਉਣਗੇ। ਇਸ ਮੌਕੇ ਮੁੱਖ ਮੰਤਰੀ ਨੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੂੰ ਸਮੂਹ ਪੰਜਾਬੀਆਂ ਦੀ ਤਰਫੋਂ ਪਿਆਰ ਤੇ ਸਨੇਹ ਵਜੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ ਹਾਜ਼ਰ ਸਨ।ਵਫ਼ਦ ਵਿੱਚ ਆਸਟਰੇਲੀਆ ਦੇ ਵਿਦੇਸ਼ੀ ਮਾਮਲਿਆਂ ਤੇ ਵਪਾਰ ਵਿਭਾਗ ਦੇ ਫਸਟ ਸੈਕਟਰੀ ਤਾਨਿਆ ਸਪਿਸਬਾਹ ਅਤੇ ਨਾਰਥਵੈਸਟ ਇੰਡੀਆ ਆਸਟਰੇਲੀਅਨ ਟਰੇਡ ਐਂਡ ਇਨਵੈਸਟਮੈਂਟ ਕਮਿਸ਼ਨਰ ਦੇ ਡਾਇਰੈਕਟਰ ਸ੍ਰੀ ਅਸ਼ਿਸ਼ ਸ਼ਰਮਾ ਸ਼ਾਮਲ ਸਨ।