ਇਟਲੀ ਦੇ ਤੂਫਾਨ ਨੇ ਹੁਣ ਤੱਕ ਲਈ 9 ਲੋਕਾਂ ਦੀ ਜਾਨ

ਰੋਮ (ਇਟਲੀ) 30 ਅਕਤੂਬਰ (ਪੰਜਾਬ ਐਕਸਪ੍ਰੈੱਸ) – ਇਟਲੀ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਭਾਰੀ ਮੀਂਹ ਅਤੇ ਤੇਜ਼ ਤੂਫਾਨ ਕਾਰਨ 1 ਔਰਤ ਸਮੇਤ 6 ਲੋਕਾਂ ਦੀ ਮੌਤ ਦਾ ਸਮਾਚਾਰ ਸੋਮਵਾਰ ਨੂੰ ਮੀਡੀਆ ਵਿਚ ਨਸ਼ਰ ਕੀਤਾ ਗਿਆ, ਜਦਕਿ ਹੁਣ ਇਸ ਮੌਸਮ ਕਾਰਨ ਹੋਈਆਂ ਮੌਤਾਂ ਦੀ ਗਿਣਤੀ 9 ਹੋ ਚੁੱਕੀ ਹੈ। ਤੇਜ ਤੂਫਾਨ ਅਤੇ ਭਾਰੀ ਮੀਂਹ ਨੇ ਲੋਕਾਂ ਦਾ ਵੱਡੇ ਪੱਧਰ ਤੇ ਮਾਲੀ  ਨੁਕਸਾਨ ਵੀ ਕੀਤਾ ਹੈ। ਇਟਲੀ ਦੇ ਕਈ ਇਲਾਕਿਆਂ ਵਿੱਚ ਤੇਜ਼ ਤੂਫਾਨ ਨੇ ਜਿਹੜੇ ਵੱਡੇ ਦਰਖ਼ਤਾਂ ਨੂੰ ਜੜ੍ਹੋ ਪੁੱਟ ਦਿੱਤਾ ਉਹ ਦਰਖ਼ਤ ਰਾਹਗੀਰਾਂ ਦੀਆਂ ਕਾਰਾਂ ਉੱਪਰ ਡਿੱਗ ਪਏ ਤੇ ਲੋਕਾਂ ਦਾ ਕਾਲ ਬਣ ਗਏ।
ਦੱਸਣਯੋਗ ਹੈ ਕਿ ਇਟਲੀ ਦੇ ਮੌਸਮ ਵਿਭਾਗ ਨੇ ਇਟਲੀ ਵਿੱਚ ਤੇਜ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਸੀ ਤੇ ਲੋਕਾਂ ਨੂੰ ਇਸ ਕੁਦਰਤੀ ਕਹਿਰ ਤੋਂ ਬਚਣ ਲਈ ਮੀਡੀਆ ਦੁਆਰਾ ਲਗਾਤਾਰ ਚਿਤਾਵਨੀ ਦਿੱਤੀ ਜਾ ਰਹੀ ਸੀ।
ਤਿੰਨ ਹੋਰ ਪੀੜ੍ਹਤ ਗੜ੍ਹਿਆਂ ਭਰੀ ਬਰਸਾਤ ਅਤੇ ਤੂਫ਼ਾਨੀ ਹਵਾਵਾਂ ਦੇ ਕਹਿਰ ਤੋਂ ਬਾਅਦ ਰਜਿਸਟਰ ਹੋਏ ਸਨ ਅਤੇ ਮੌਸਮੀ ਬਾਰਸ਼ ਨੇ ਕੱਲ੍ਹ ਤੱਕ ਛੇ ਲੋਕਾਂ ਦੀ ਜਾਨ ਲਈ ਸੀ। ਇੱਕ ਔਰਤ ਦੀਮਾਰੋ ਵਿਖੇ ਹੜ੍ਹ ਦੇ ਪਾਣੀ ਨਾਲ ਮਾਰੀ ਗਈ ਸੀ। ਇਸ ਤੋਂ ਇਲਾਵਾ ਇੱਕ ਵਾਲੰਟੀਅਰ ਰਾਹਤ ਕਰਮੀ ਫਾਇਰਫਾਈਟਰ ਦਰਖ਼ਤ ਦੇ ਹੇਠਾਂ ਆ ਕੇ ਮਾਰਿਆ ਗਿਆ। 63 ਸਾਲਾ ਵਿਅਕਤੀ ਕਾਈਟ ਸਰਫਿੰਗ (ਸਮੁੰਦਰੀ ਪਤੰਗ) ਦੌਰਾਨ ਤੂਫਾਨ ਦੀ ਲਪੇਟ ਵਿਚ ਆ ਕੇ ਖੱਡ ਵਿਚ ਡਿੱਗ ਕੇ ਆਪਣੀ ਜਾਨ ਗੁਆ ਬੈਠਾ। ਪ੍ਰਸ਼ਾਸਨ ਵੱਲੋਂ ਇਟਲੀ ਦੇ ਕਈ ਸ਼ਹਿਰਾਂ ਵਿੱਚ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਕੂਲ ਮੰਗਲਵਾਰ ਨੂੰ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।