Advertisement
Advertisement

ਜੀ.ਸੀ. ਮਸ਼ੀਨਾਂ ਫੜਨਗੀਆਂ ਮਿਲਾਵਟੀ ਦੇਸੀ ਘਿਓ

gheeਮਿਲਾਵਟੀ ਦੇਸੀ ਘਿਓ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਖਰੜ ਅਤੇ ਮੋਹਾਲੀ ਸਥਿਤ ਫੂਡ ਸੇਫਟੀ ਲੈਬਜ਼ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਜੀ.ਸੀ ਮਸ਼ੀਨਾਂ ਸਥਾਪਤ ਕਰ ਦਿੱਤੀਆਂ ਹਨ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ।
ਬੀਤੇ ਸਮੇਂ ਦੌਰਾਨ ਪੰਜਾਬ ਵਿਚੋਂ ਵੱਡੇ ਪੱਧਰ ‘ਤੇ ਫੈਟੀ ਐਸਿਡ ਈਸਟਰ ਅਤੇ ਦੇਸੀ ਘਿਓ ਦੇ ਨਕਲੀ ਫਲੇਵਰ ਜ਼ਬਤ ਕੀਤੇ ਗਏ ਸਨ ਜਿਸ ਕਾਰਨ ਫੂਡ ਸੇਫਟੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹਨਾਂ ਦੀ ਦੁਰਵਰਤੋਂ ਕਰ ਕੇ ਨਕਲੀ ਦੇਸੀ ਘਿਓ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਪਹਿਲਾਂ ਵਾਲੀਆਂ ਲੈਬਾਂ ਦੇ ਉਪਕਰਨ ਇਸ ਸਬੰਧੀ ਜਾਂਚ ਕਰਨ ਵਿਚ ਅਸਮਰਥ ਸਨ।
ਇਥੇ ਇਹ ਦਸਣਯੋਗ ਹੈ ਕਿ ਪਹਿਲਾਂ ਵਾਲੀਆਂ ਮਸ਼ੀਨਾਂ ਦੇਸੀ ਘਿਓ ਦੀ ਜਾਂਚ ਆਰ.ਐਮ. ਦੇ ਆਧਾਰ ‘ਤੇ ਕਰਦੀਆਂ ਸਨ ਜੋ  ਫੈਟੀ ਐਸਿਡ ਈਸਟਰ ਨਾਲ ਵੱਧ ਜਾਂਦੀ ਸੀ ਜਿਸ ਨਾਲ ਮਿਲਾਵਟਖੋਰ ਫੂਡ ਸੇਫਟੀ ਡਿਪਾਰਟਮੈਂਟ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿਚ ਸਫ਼ਲ ਹੋ ਜਾਂਦੇ ਸਨ। ਫੈਟੀ ਐਸਿਡ ਈਸਟਰ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਨੂੰ ਆਰ.ਐਮ. ਪੱਧਰ ਵਧਾਉਣ ਲਈ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਨਾਲ ਮਿਲਾਇਆ ਜਾਂਦਾ ਹੈ ਅਤੇ ਇਹਨਾਂ ਨਾਲ ਤਿਆਰ ਕੀਤੇ ਪਦਾਰਥ ਨੂੰ ਦੇਸੀ ਘਿਓ ਵਜੋਂ ਦੁਕਾਨਾਂ ‘ਤੇ ਵੇਚਿਆ ਜਾਂਦਾ ਹੈ।

ਇਹ ਮਿਲਾਵਟੀ ਹਾਈਡ੍ਰੋਜਿਨੇਟਿਡ ਤੇਲ ਦੇਖਣ ਅਤੇ ਸੁਆਦ ਦੇ ਤੌਰ ‘ਤੇ ਬਿਲਕੁਲ ਸ਼ੁੱਧ ਦੇਸੀ ਘਿਓ ਵਾਂਗ ਲੱਗਦਾ ਹੈ ਅਤੇ ਇਹ ਮਿਲਾਵਟੀ ਦੇਸੀ ਘਿਓ ਅਸਲੀ ਦੇਸੀ ਘਿਓ ਦੇ ਕਿਸੇ ਵੀ ਮਾਪਦੰਡਾਂ ‘ਤੇ ਖਰਾ ਨਹੀਂ ਉੱਤਰਦਾ; ਫਿਰ ਵੀ ਇਹ ਦੇਸੀ ਘਿਓ ਦੀ ਕੀਮਤ ਤੋਂ ਲਗਭਗ ਅੱਧੇ ਮੁੱਲ ਤੇ ਵੇਚਿਆ ਜਾਂਦਾ ਹੈ। ਅਜਿਹੇ ਮਿਲਾਵਟੀ ਦੇਸੀ ਘਿਓ ਦੇ ਉਤਪਾਦਕ ਲੋਕਾਂ ਅਤੇ ਫੂਡ ਸੇਫਟੀ ਅਫਸਰਾਂ ਨੂੰ ਗੁੰਮਰਾਹ ਕਰਨ ਲਈ ਇਸ ਦੀ ਪੈਕਿੰਗ ‘ਤੇ ਛੋਟੇ ਅੱਖਰਾਂ ਵਿੱਚ ‘ਲਾਈਟ ਘਿਓ’ ਜਾਂ ‘ਪੂਜਾ ਘਿਓ’ ਦਾ ਲੇਬਲ ਲਗਾ ਦਿੰਦੇ ਹਨ।

ਸ੍ਰੀ ਪੰਨੂੰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਭਾਗ ਵਲੋਂ ਅਜਿਹਾ ਮਿਲਾਵਟੀ ਦੇਸੀ ਘਿਓ ਵੇਚਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਪੈਣ ‘ਤੇ ਅਜਿਹੀਆਂ ਯੂਨਿਟਾਂ ਨੂੰ ਬੰਦ ਵੀ ਕਰ ਦਿੱਤਾ ਜਾਵੇਗਾ। ਉਹਨਾਂ ਅਜਿਹੇ ਮਿਲਾਵਟੀ ਪਦਾਰਥਾਂ ਨੂੰ ਵੇਚਣ ਜਾਂ ਸਟੋਰ ਕਰਨ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਜ਼ ਐਕਟ 2006 ਤਹਿਤ ਅਜਿਹੀ ਕਾਰਵਾਈ ਕਰਨ ਲਈ ਦੁਕਾਨਦਾਰ ਨੂੰ ਵੀ ਸਹਿਦੋਸ਼ੀ ਸਮਝਿਆ ਜਾਵੇਗਾ।