ਦੇਸ਼ ਅਤੇ ਧਰਮ ਦੀ ਮਰਯਾਦਾ ਦਾ ਖਿਆਲ ਹੀ ਨਹੀਂ ਰੱਖਦੇ ‘ਆਪ’ ਦੇ ਆਗੂ-ਸੁਖਬੀਰ ਸਿੰਘ ਬਾਦਲ


-ਵੱਖਵਾਦੀ ਤਾਕਤਾਂ ਨਾਲ ਸਬੰਧ ਹਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ
-ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤ ਹੋਏ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ
-ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 24 ਜੁਲਾਈ (    PE          )-ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਤਕ ਹੋਣ ਆਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦੇਸ਼ ਅਤੇ ਕਿਸੇ ਵੀ ਧਰਮ ਦੀ ਮਾਣ-ਮਰਯਾਦਾ ਦਾ ਧਿਆਨ ਨਹੀਂ ਰੱਖਦੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਟੇਪ ਸੋਸ਼ਲ ਮੋਡੀਏ ‘ਤੇ ਜਾਰੀ ਕਰਨ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਹ ਸੰਸਦ ਦੀ ਮਰਯਾਦਾ ਅਤੇ ਸੁਰੱਖਿਆ ਦਾ ਸਵਾਲ ਹੈ ਅਤੇ ਕਿਸੇ ਵੀ ਨੇਤਾ ਵੱਲੋਂ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਸ੍ਰੋਮਣੀ ਅਕਾਲੀ ਦਲ ਦਾ ਕੋਈ ਨੇਤਾ ਅਜਿਹਾ ਕੰਮ ਕਰਦਾ ਦਾ ਪਾਰਟੀ ਉਸ ਖਿਲਾਫ ਸਖਤ ਕਾਰਵਾਈ ਕਰਦੀ, ਪਰ ਆਪ ਨੇ ਕੋਈ ਐਕਸ਼ਨ ਤਾਂ ਕੀ ਲੈਣਾ ਹੈ, ਉਲਟਾ ਉਸ ਦੀ ਹਮਾਇਤ ਵਿਚ ਆ ਖੜੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਖਵਾਦੀ ਤਾਕਤਾਂ ਨਾਲ ਸਬੰਧ ਹਨ।

             ਉਨਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਇੰਨਾਂ ਲੋਕਾਂ ਨੇ ਪੂਰੀ ਵਾਹ ਲਾਈ ਹੋਈ ਹੈ, ਪਰ ਅਸੀਂ ਅਜਿਹਾ ਕਦਾਚਿਤ ਨਹੀਂ ਹੋਣ ਦਿਆਂਗੇ। ਸ. ਬਾਦਲ ਨੇ ਕਿਹਾ ਕਿ ਚੱਲ ਰਹੀ ਪੁਲਿਸ ਦੀ ਭਰਤੀ ਵਿਚ ਕਰੀਬ 7 ਲੱਖ ਨੌਜਵਾਨਾਂ ਨੇ ਬਿਨੈ ਪੱਤਰ ਦਿੱਤਾ ਹੈ ਅਤੇ ਅਸੀਂ ਇੰਨਾਂ ਸਾਰਿਆਂ ਦਾ ਡੋਪ ਟੈਸਟ ਕਰਕੇ ਸਚਾਈ ਦੇਸ਼ ਦੇ ਸਾਹਮਣੇ ਲਿਆ ਦਿਆਂਗੇ, ਕਿ ਕਿੰਨੇ ਪ੍ਰਤੀਸ਼ਤ ਨੌਜਵਾਨ ਸਹੀ ਅਰਥਾਂ ਵਿਚ ਨਸ਼ਾ ਕਰਦੇ ਹਨ। ਉਨਾਂ ਮੀਡੀਏ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਡੋਪ ਟੈਸਟ ਦੀ ਸਚਾਈ ਆਪ ਵੇਖਣ ਅਤੇ ਲੋਕਾਂ ਤੱਕ ਪਹੁੰਚਾਉਣ।

                  ਆ ਰਹੀ ਵਿਧਾਨ ਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਵੱਲੋਂ ਪੇਸ਼ ਆਉਣ ਵਾਲੀ ਚੁਣੌਤੀ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਚੁਣੌਤੀਆਂ ਦਾ ਸਾਹਮਣਾ ਅਸੀਂ ਸਬੂਤਾਂ ਨਾਲ ਕਰਾਂਗੇ ਅਤੇ ਪੰਜਾਬ ਵਿਚ ਹੋ ਰਿਹਾ ਵਿਕਾਸ ਸਾਡੇ ਕੰਮ ਦੀ ਗਵਾਹੀ ਭਰੇਗਾ। ਉਨਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜਾਂਗੇ ਅਤੇ 2017 ਵਿਚ ਫਿਰ ਅਕਾਲੀ-ਭਾਜਪਾ ਦੀ ਸਰਕਾਰ ਬਣੇਗੀ।

                ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਕੰਮਾਂ ਨੂੰ ਨੇਪਰੇ ਚਾੜੇ ਬਾਰੇ ਪੁੱਛੇ ਜਾਣ ‘ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿਚ ਬਹੁਤੇ ਕੰਮ ਇਕ ਅਕਤੂਬਰ ਤੱਕ ਨੇਪਰੇ ਚਾੜ ਲਏ ਜਾਣਗੇ। ਉਨਾਂ ਕਿਹਾ ਕਿ ਬੀ ਆਰ ਟੀ ਐਸ ਪ੍ਰਾਜੈਕਟ ਸ਼ੁਰੂ ਹੋਣ ਨਾਲ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਲੋਕਾਂ ਨੂੰ ਸ਼ਹਿਰ ਵਿਚ ਆਉਣਾ-ਜਾਣਾ ਅਸਾਨ ਹੋ ਜਾਵੇਗਾ, ਜਿਸ ਨਾਲ ਸੈਲਾਨੀਆਂ ਦੀ ਗਿਣਤੀ ਵਿਚ ਕਈ ਗੁਣਾਂ ਵਾਧਾ ਹੋਵੇਗਾ, ਜੋ ਕਿ ਸ਼ਹਿਰ ਦੇ ਵਪਾਰ ‘ਤੇ ਚੰਗਾ ਅਸਰ ਪਾਵੇਗਾ। ਉਨਾਂ ਕਿਹਾ ਕਿ ਅੱਜ ਤਾਂ ਸਾਨੂੰ ਕੰਮ ਚੱਲਦੇ ਹੋਣ ਕਾਰਨ ਸ਼ਹਿਰ ਵਿਚ ਖਿਲਾਰਾ ਪਿਆ ਨਜ਼ਰ ਆ ਰਿਹਾ ਹੈ, ਪਰ ਅਗਲੇ ਦੋ ਮਹੀਨਿਆਂ ਤੱਕ ਇੰਨਾਂ ਪ੍ਰਾਜੈਕਟਾਂ ਦੇ ਨੇਪਰੇ ਚੜ੍ਹ ਜਾਣ ਨਾਲ ਸ਼ਹਿਰ ਦੀ ਤਸਵੀਰ ਹੀ ਬਦਲ ਜਾਵੇਗੀ। ਉਨਾਂ ਅੱਜ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹੋ ਰਹੇ ਸੁੰਦਰੀਨਕਰਨ ਦੇ ਕੰਮ, ਗੋਲਡਨ ਟੈਂਪਲ ਦੇ ਜ਼ਮੀਨਦੋਜ਼ ਹਿੱਸੇ ਵਿਚ ਹੋ ਰਹੇ ਕੰਮ ਅਤੇ ਬੀ. ਆਰ. ਟੀ. ਐਸ ਦੀ ਪ੍ਰਗਤੀ ਤੋਂ ਇਲਾਵਾ ਕਈ ਹੋਰ ਕੰਮਾਂ ਨੂੰ ਮੌਕੇ ‘ਤੇ ਜਾ ਕੇ ਵੇਖਿਆ।

                ਸ. ਬਾਦਲ ਨੇ ਅੱਜ ਸਵੇਰੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ, ਸ੍ਰੋਮਣੀ ਕਮੇਟੀ ਮੈਂਬਰ ਰਘੂਜੀਤ ਸਿੰਘ ਵਿਰਕ, ਸ੍ਰੋਮਣੀ ਕਮੇਟੀ ਦੇ ਚੀਫ ਸਕੈਟਰੀ ਹਰਚੰਦ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਕਮਿਸ਼ਨਰ ਪੁਲਿਸ ਸ. ਅਮਰ ਸਿੰਘ ਚਾਹਲ, ਐਕਸੀਅਨ ਲੋਕ ਨਿਰਮਾਣ ਵਿਭਾਗ ਸ. ਜਸਬੀਰ ਸਿੰਘ ਸੋਢੀ, ਅਕਾਲੀ ਆਗੂ ਸ੍ਰੀ ਨਵਦੀਪ ਸਿੰਘ ਗੋਲਡੀ, ਅਕਾਲੀ ਜਥੇ ਦੇ ਕਾਰਜਕਾਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਇਕਬਾਰ ਸਿੰਘ ਸੰਧੂ, ਮੈਨੇਜਰ ਗੁਰਿੰਦਰ ਸਿੰਘ ਸੰਧੂ, ਚੇਅਰਮੈਨ ਸ. ਮਰਵਾਹਾ ਅਤੇ ਹੋਰ ਅਕਾਲੀ ਨੇਤਾ ਵੀ ਹਾਜ਼ਰ ਸਨ।