ਆਜ਼ਾਦ ਭਾਰਤ ਦਾ ਪਹਿਲਾ ਹਿੰਦੂ ਅੱਤਵਾਦੀ ਗੋਡਸੇ ਸੀ-ਕਮਲ ਹਸਨ

  • ਵਿਵਾਦਤ ਬਿਆਨ ਦਿੰਦੇ ਹੋਏ ਅਦਾਕਾਰ ਤੇ ‘ਮਾਕਲ ਨੀਧੀ ਮਿਯਾਮ’ ਦੇ ਸੰਸਥਾਪਕ ਕਮਲ ਹਸਨ ਨੇ ਕਿਹਾ ਕਿ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਅਤੇ ਉਹ ਨੱਥੂਰਾਮ ਗੋਡਸੇ ਸੀ, ਜਿਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ। ਹਸਨ ਦੇ ਇਸ ਬਿਆਨ ‘ਤੇ ਭਾਜਪਾ ਨੇ ਜਵਾਬੀ ਹਮਲਾ ਬੋਲਦਿਆਂ ਕਿਹਾ ਕਿ ਕਮਲ ਹਸਨ ਵੰਡਣ ਵਾਲੀ ਰਾਜਨੀਤੀ ਕਰ ਰਹੇ ਹਨ। ਐਤਵਾਰ ਰਾਤ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਮਲ ਹਸਨ ਨੇ ਕਿਹਾ ਕਿ ਮੈਂ ਉਨ੍ਹਾਂ ਮਾਣਯੋਗ ਭਾਰਤੀਆਂ ‘ਚੋਂ ਹਾਂ, ਜਿਹੜੇ ਭਾਰਤ ‘ਚ ਸਮਾਨਤਾ ਦੀ ਇੱਛਾ ਰੱਖਦੇ ਹਨ, ਜਿੱਥੇ ਤਿਰੰਗੇ ‘ਚ ਤਿੰਨ ਰੰਗ ਹਨ ਅਤੇ ਜਿਹੜੇ ਵੱਖ-ਵੱਖ ਧਰਮਾਂ ਦੇ ਧਾਰਨੀ ਹਨ। ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਇਹ ਮੁਸਲਿਮ ਬਹੁਗਿਣਤੀ ਇਲਾਕਾ ਹੈ, ਪਰ ਮੈਂ ਇਹ ਗਾਂਧੀ ਦੀ ਮੂਰਤੀ ਅੱਗੇ ਕਹਿ ਰਿਹਾਂ ਹਾਂ। ਹਾਸਨ ਨੇ 1948 ‘ਚ ਹੋਈ ਮਹਾਤਮਾ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਨੂੰ ਉਸ ਮਹਾਨ ਹਸਤੀ ਦਾ ਪੋਤਾ ਮੰਨਦੇ ਹਨ ਤੇ ਇੱਥੇ ਉਨ੍ਹਾਂ ਦੀ ਹੱਤਿਆ ਦਾ ਜਵਾਬ ਮੰਗਣ ਆਏ ਹਨ। ਭਾਜਪਾ ਸੂਬਾ
    ਪ੍ਰਧਾਨ ਤਾਮਿਲਸਾਈ ਸੁੰਦਰਰਾਜਨ ਨੇ ਕਿਹਾ ਕਿ ਹਸਨ ਦਾ ਇਹ ਬਿਆਨ ਨਿੰਦਣਯੋਗ ਹੈ। ਉਨ੍ਹਾਂ ਮੁਸਲਿਮ ਬਹੁੁਗਿਣਤੀ ਇਲਾਕੇ ‘ਚ ‘ਹਿੰਦੂ ਅੱਤਵਾਦ’ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਇਹ ਟਿੱਪਣੀ ਫਿਰਕੂ ਹਿੰਸਾ ਨੂੰ ਉਕਸਾਉਣ ਲਈ ਕੀਤੀ ਹੈ। ਅਦਾਕਾਰ ਵਿਵੇਕ ਓਬਰਾਏ ਨੇ ਹਸਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਲਾ ਤੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਹਸਨ ਮੁਸਲਿਮ ਇਲਾਕੇ ‘ਚੋਂ ਵੋਟਾਂ ਲੈਣ ਲਈ ਅਜਿਹਾ ਬਿਆਨ ਦੇ ਰਹੇ ਹਨ।