ਇਸ ਵਾਰ ਚੰਡੀਗੜ੍ਹ ਦੇ ਆਲੀਸ਼ਾਨ ਹੋਟਲ ‘ਚ ਮਨਾਇਆ ਜਾਵੇਗਾ ਅਰੂਸਾ ਆਲਮ ਦਾ ਬਰਥ-ਡੇ

 

ਮਾਲਵਾ ਨਾਲ ਸਬੰਧਤ ਇਕ ਸੀਨੀਅਰ ਮੰਤਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਮੁੱਖ ਮੰਤਰੀ ਦੀ ਦੋਸਤ ਦੇ ਜਨਮ ਦਿਨ ਮੌਕੇ ਰੱਖੀ ਗਈ ਵਿਸ਼ੇਸ਼ ਪਾਰਟੀ ਦੀ ਪੁਸ਼ਟੀ ਕੀਤੀ ਹੈ। ਇਸ ਮੰਤਰੀ ਨੇ ਇਹ ਵੀ ਦੱਸਿਆ ਕਿ ਮਹਿਮਾਨਾਂ ਵਿਚ ਉਸ (ਮਾਲਵੇ ਦਾ ਮੰਤਰੀ) ਦਾ ਨਾਂ ਵੀ ਸ਼ਾਮਲ ਹੈ। ਜਨਮ ਦਿਨ ਤਾਂ ਭਾਵੇਂ ਪਹਿਲਾਂ ਵੀ ਮਨਾਇਆ ਜਾਂਦਾ ਰਿਹਾ ਹੈ ਪਰ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਅਰੂਸਾ ਆਲਮ ਦਾ ਜਨਮ ਦਿਨ ਸੁਰਖ਼ੀਆਂ ਵਿਚ ਆਉਣ ਲੱਗਾ ਹੈ। ਸਾਲ 2017 ਵਿਚ ਸ਼ਿਮਲਾ ਨੇੜੇ ਮਸ਼ੋਬਰਾ ਦੀਆਂ ਵਾਦੀਆਂ ਵਿਚ ਜਸ਼ਨ ਮਨਾਏ ਗਏ ਸਨ ਤੇ ਸਾਲ 2018 ਵਿਚ ਮਨਾਲੀ ‘ਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸੰਸਦੀ ਚੋਣਾਂ ਕਰ ਕੇ ਚੰਡੀਗੜ੍ਹ ਤੋਂ ਬਾਅਦ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਨਹੀਂ ਜਾ ਸਕਿਆ।
ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਵਿਚ ਸੰਸਦੀ ਚੋਣਾਂ ਦਾ ਮਾਹੌਲ ਭਖ਼ਣ ਤੋਂ ਬਾਅਦ ਅਰੂਸਾ ਆਲਮ ਭਾਰਤ ਤੋਂ ਬਾਹਰ ਚਲੇ ਗਏ ਸਨ ਤੇ ਸਮਝਿਆ ਇਹੀ ਜਾ ਰਿਹਾ ਹੈ ਕਿ ਉਹ (ਅਰੂਸਾ) ਪਾਕਿਸਤਾਨ ਵਿਚ ਸਨ। ਮੁੱਖ ਮੰਤਰੀ ਦੀ ਇਹ ਮਹਿਲਾ ਦੋਸਤ ਸੰਸਦੀ ਚੋਣਾਂ ਦਾ ਪ੍ਰਚਾਰ ਖ਼ਤਮ ਹੁੰਦਿਆਂ ਹੀ ਚੰਡੀਗੜ੍ਹ ਵਾਪਸ ਆ ਗਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਕਿਸਤਾਨ ਮਹਿਲਾ ਪੱਤਰਕਾਰ ਅਰੂਸਾ ਆਲਮ ਦਰਮਿਆਨ ‘ਦੋਸਤਾਨਾਂ’ ਸਬੰਧ ਸਾਲ 2006 ਤੋਂ ਚੱਲੇ ਆ ਰਹੇ ਹਨ। ਮੁੱਖ ਮੰਤਰੀ ਨਾਲ ਦੋਸਤੀ ਕਰਕੇ ਇਹ ਮਹਿਲਾ ਅਕਸਰ ਸੁਰਖ਼ੀਆਂ ਵਿਚ ਰਹਿੰਦੀ ਹੈ ਪਰ ਸੂਬੇ ਵਿਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਚਰਚਾ ਕੁੱਝ ਜ਼ਿਆਦਾ ਹੀ ਵੱਧ ਗਈ ਹੈ। ਕੈਪਟਨ ਸਰਕਾਰ ‘ਤੇ ਅਰੂਸਾ ਆਲਮ ਦਾ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ।