ਕੇਸਾਂ, ਦਾੜ੍ਹੀ ਦੀ ਬੇਅਦਬੀ ਕਰਨ ਵਾਲਿਆਂ ‘ਤੇ ਮਾਮਲਾ ਦਰਜ

Sikh

ਜ਼ਿਲ੍ਹੇ ਦੇ ਪਿੰਡ ਖਿਉਵਾਲੀ ਵਿਖੇ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਤੇ ਕੇਸਾਂ ਦੀ ਬੇਅਦਬੀ ਕਰਨ ਅਤੇ ਉਸ ਨਾਲ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਰਨੀਵਾਲਾ ਪੁਲਿਸ ਨੇ ਇਸ ਮਾਮਲੇ ਵਿਚ ਅਖੌਤੀ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਚੱਕ ਖਿਉਵਾਲੀ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਅਮ੍ਰਿਤਧਾਰੀ ਸਿੱਖ ਹੈ।

ਉਹ ਇੱਕ ਪ੍ਰਾਈਵੇਟ ਸਕੂਲ ਵਿਚ ਬੱਚਿਆਂ ਨੂੰ ਛੱਡਣ ਦਾ ਕੰਮ ਕਰਦਾ ਹੈ। ਉਹ 22 ਮਈ ਨੂੰ ਸਵੇਰੇ ਛੇ ਵਜੇ ਰੋਜ਼ਾਨਾ ਦੀ ਤਰ੍ਹਾਂ ਅਪਣੀ ਵੈਨ ਲੈ ਕੇ ਗੁਰੂ ਗੋਬਿੰਦ ਸਿੰਘ ਮਾਡਲ ਸਕੂਲ ਅਰਨੀਵਾਲਾ ਜਾ ਰਿਹਾ ਸੀ ਜਦੋਂ ਉਹ ਅਪਣੇ ਘਰ ਤੋਂ 100 ਮੀਟਰ ਅੱਗੇ ਕਸ਼ਮੀਰ ਸਿੰਘ ਦੇ ਘਰ ਕੋਲ ਪਹੁੰਚਿਆ ਤਾਂ ਪਿੰਡ ਵਾਸੀ ਪਰਮਜੀਤ ਸਿੰਘ, ਬਲਵਿੰਦਰ ਸਿੰਘ ਉਰਫ ਬਿੰਦਰ, ਸਾਜਨ, ਰਾਜ ਸਿੰਘ ਉਰਫ ਰਾਜੂ ਤੇ ਮਲਕੀਤ ਸਿੰਘ ਨੇ ਉਸ ਦੀ ਵੈਨ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੀ ਦਾੜ੍ਹੀ ਦੇ ਵਾਲ ਵੀ ਪੁੱਟ ਦਿੱਤੇ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਤਨਾਮ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।