ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ‘ਚ ਨਹੀਂ ਔਰਤਾਂ ਸੁਰੱਖਿਅਤ, ਰੋਜ਼ਾਨਾ ਦੋ ਬਲਾਤਕਾਰ

gangrapeਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ‘ਚ ਔਰਤਾਂ ਸੁਰੱਖਿਅਤ ਨਹੀਂ ਹਨ। ਸੂਬੇ ’ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲ ਬਲਾਤਕਾਰ ਹੁੰਦੇ ਹਨ ਤੇ ਸੱਤ ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਉਂਝ ਇਹ ਅੰਕੜਾ ਪੁਲਿਸ ਦਾ ਹੈ ਤੇ ਅਨੇਕਾਂ ਕੇਸ ਅਜਿਹੇ ਹਨ ਜਿਹੜੇ ਰਿਕਾਡਰ ਵਿੱਚ ਆਉਂਦੇ ਹੀ ਨਹੀਂ।

ਪੁਲਿਸ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਸਾਲ 2012 ਤੋਂ 15 ਜੂਨ 2019 ਤੱਕ ਬਲਾਤਕਾਰ ਦੇ 6,060 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ ਇਸੇ ਸਮੇਂ ਦੌਰਾਨ ਦਹੇਜ ਲਈ ਤਸ਼ੱਦਦ ਢਾਹੁਣ, ਘਰੇਲੂ ਹਿੰਸਾ ਤੇ ਜਿਸਮਾਨੀ ਛੇੜਛਾੜ ਦੀਆਂ 19 ਹਜ਼ਾਰ ਦੇ ਕਰੀਬ ਘਟਨਾਵਾਂ ਵਾਪਰ ਚੁੱਕੀਆਂ ਹਨ। ਦਹੇਜ ਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਤੇ ਬਠਿੰਡਾ ਵਿੱਚ ਜ਼ਿਆਦਾ ਵਾਪਰੀਆਂ ਹਨ।

ਜਬਰ-ਜਨਾਹ ਦੀਆਂ ਘਟਨਾਵਾਂ ਮਾਲਵੇ ਦੇ ਜ਼ਿਲ੍ਹਿਆਂ ਲੁਧਿਆਣਾ ਸ਼ਹਿਰ, ਪਟਿਆਲਾ, ਸੰਗਰੂਰ ਤੇ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ ਵਾਪਰੀਆਂ ਹਨ। ਲੁਧਿਆਣਾ (ਦਿਹਾਤੀ) ਤੇ ਪਠਾਨਕੋਟ ਦੋ ਅਜਿਹੇ ਜ਼ਿਲ੍ਹੇ ਹਨ ਜਿੱਥੇ ਜਬਰ ਜਨਾਹ ਦੀਆਂ ਘਟਨਾਵਾਂ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਬਹੁਤ ਘੱਟ ਵਾਪਰੀਆਂ ਹਨ।

ਪੰਜਾਬ ਵਿੱਚ 2012 ਦੌਰਾਨ ਬਲਾਤਕਾਰ ਦੀਆਂ 680, ਸਾਲ 2013 ਦੌਰਾਨ 888, ਸਾਲ 2014 ਦੌਰਾਨ 981 ਅਤੇ ਸਾਲ 2015 ਦੌਰਾਨ 800 ਦੇ ਕਰੀਬ, 2016 ਦੌਰਾਨ 783, 2017 ਦੌਰਾਨ 682, ਸਾਲ 2018 ਦੌਰਾਨ 839 ਤੇ ਸਾਲ 2019 ਦੌਰਾਨ 15 ਜੂਨ ਤੱਕ 407 ਘਟਨਾਵਾਂ ਵਾਪਰ ਚੁੱਕੀਆਂ ਹਨ।