ਖੁਦ ਨੂੰ ਭਾਰਤੀ ਚੋਣ ਕਮਿਸ਼ਨ ਦਾ ਡਿਪਟੀ ਚੀਫ ਚੋਣ ਅਫਸਰ ਦੱਸ ਕੇ ਡੀ. ਸੀ. ਕਪੂਰਥਲਾ ਨੂੰ ਗਲਤ ਈ-ਮੇਲ ਕਰਨ ਦੇ ਮਾਮਲੇ ‘ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਚੋਣ ਅਫਸਰ-ਕਮ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੇ ਥਾਣਾ ਸਿਟੀ ਕਪੂਰਥਲਾ ਨੂੰ ਜਾਰੀ ਆਪਣੇ ਹੁਕਮਾਂ ‘ਚ ਦੱਸਿਆ ਸੀ ਕਿ 7 ਫਰਵਰੀ 2019 ਨੂੰ ਪੱਤਰ ਨੰਬਰ 958 ਦੇ ਤਹਿਤ ਖੁੱਦ ਨੂੰ ਕੇਂਦਰੀ ਚੋਣ ਕਮਿਸ਼ਨ ਦਾ ਡਿਪਟੀ ਚੀਫ ਚੋਣ ਅਫਸਰ ਦੱਸਣ ਵਾਲੇ ਇਕ ਵਿਅਕਤੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਕ ਈ-ਮੇਲ ਕੀਤੀ ਸੀ। ਜਿਸ ‘ਚ ਇਹ ਦੱਸਿਆ ਸੀ ਕਿ ਆਉਣ ਵਾਲੀਅਾਂ ਲੋਕ ਸਭਾ ਚੋਣਾਂ ‘ਚ ਜ਼ਿਲੇ ‘ਚ ਪੈਣ ਵਾਲੇ ਪੋਲਿੰਗ ਬੂਥ ਵਿਚ ਲੱਗਣ ਵਾਲੀਅਾਂ ਈ. ਵੀ. ਐੱਮ. ਮਸ਼ੀਨਾਂ ਨੂੰ ਹੈਂਕਰਾਂ ਵੱਲੋਂ ਇੰਟਰਨੈੱਟ ਦੀ ਮਦਦ ਨਾਲ ਹੈਕ ਕੀਤਾ ਜਾ ਸਕਦਾ ਹੈ। ਇਸ ਲਈ ਇਨ੍ਹਾਂ ਲੋਕ ਚੋਣਾਂ ਨੂੰ ਵੇਖਦੇ ਹੋਏ ਇਨ੍ਹਾਂ ਈ. ਵੀ. ਐੱਮ. ਮਸ਼ੀਨਾਂ ਦੇ ਕੋਲ ਦੇ 500 ਗਜ਼ ਦੇ ਘੇਰੇ ‘ਚ ਚੋਣਾਂ ਦੇ ਦੌਰਾਨ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਕੇ ਪੋਲਿੰਗ ਏਜੰਟਾਂ ਨੂੰ ਅੰਦਰ ਫੋਨ ਨਾ ਲੈ ਜਾਣ ਦੇ ਹੁਕਮ ਦਿੱਤਾ ਜਾਵੇ।
ਇਸ ਸਬੰਧ ਵਿਚ ਜਦੋਂ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਨੇ ਆਪਣੇ ਤੌਰ ‘ਤੇ ਪਡ਼ਤਾਲ ਕੀਤੀ ਤਾਂ ਚੋਣ ਕਮਿਸ਼ਨ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਾ ਹੋਣ ਦੀ ਗੱਲ ਸਾਹਮਣੇ ਆਈ । ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਕਿਸੇ ਵਿਅਕਤੀ ਨੇ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਇਹ ਈ-ਮੇਲ ਕੀਤਾ ਸੀ । ਜਿਸ ਦੇ ਆਧਾਰ ‘ਤੇ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਦੇ ਹੁਕਮਾਂ ‘ਤੇ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਈ-ਮੇਲ ਭੇਜਣ ਵਾਲੇ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ।
ਨਵਾਂ ਸ਼ਹਿਰ ਪ੍ਰਸ਼ਾਸਨ ਨੂੰ ਵੀ ਆਈ ਸੀ ਚੋਣ ਕਮਿਸ਼ਨ ਦੇ ਨਾਂ ‘ਤੇ ਫਰਜ਼ੀ ਈ-ਮੇਲ
ਜ਼ਿਲਾ ਕਪੂਰਥਲਾ ਦੇ ਪ੍ਰਸ਼ਾਸਨ ਨੂੰ ਚੋਣ ਕਮਿਸ਼ਨ ਦੇ ਨਾਂ ‘ਤੇ ਫਰਜ਼ੀ ਈ-ਮੇਲ ਆਉਣ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਜ਼ਿਲਾ ਚੋਣ ਅਫਸਰ ਨਵਾਂ ਸ਼ਹਿਰ ਨੂੰ ਵੀ ਅਜਿਹੀ ਇਕ ਈ-ਮੇਲ ਆਈ ਸੀ। ਜਿਸ ਨੂੰ ਲੈ ਕੇ ਨਵਾਂ ਸ਼ਹਿਰ ਪੁਲਸ ਵੀ ਜਾਂਚ ਕਰ ਰਹੀ ਹੈ। ਜਾਂਚ ‘ਚ ਜੁਟੀ ਪੁਲਸ ਦਾ ਮੰਨਣਾ ਹੈ ਕਿ ਇਹ ਕੰਮ ਕਿਸੇ ਅਜਿਹੇ ਵਿਅਕਤੀ ਦਾ ਹੋ ਸਕਦਾ ਹੈ, ਜੋ ਜਾਣਬੁਝ ਕੇ ਲੋਕ ਸਭਾ ਚੋਣਾਂ ‘ਚ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ, ਜਿਸ ਦਾ ਪੂਰਾ ਖੁਲਾਸਾ ਉਕਤ ਵਿਅਕਤੀ ਦੀ ਗ੍ਰਿਫਤਾਰੀ ਦੇ ਬਾਅਦ ਹੀ ਹੋ ਸਕੇਗਾ।