ਜੱਸੀ ਕਤਲ ਕਾਂਡ : ਸੰਗਰੂਰ ਜੇਲ੍ਹ ‘ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਏ ਮਾਂ ਤੇ ਮਾਮਾ

– 19 ਕੁ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਪਿੱਛੋਂ ਹੋਏ ਉਸ ਦੇ ਕਤਲ ਸੰਬੰਧੀ ਅਮਰਗੜ੍ਹ ਪੁਲਿਸ ਥਾਣਾ ਕੋਲ ਦਰਜ ਮਾਮਲੇ ਦੀ ਅਦਾਲਤੀ ਕਾਰਵਾਈ ਨੂੰ ਮੁਕੰਮਲ ਕਰਾਉਣ ਲਈ ਕੈਨੇਡਾ ਤੋਂ ਲਿਆਂਦੀ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾਂ, ਜਿਹੜੇ ਕਿ ਹੁਣ ਜੁਡੀਸ਼ੀਅਲ ਰਿਮਾਂਡ ਅਧੀਨ ਸੰਗਰੂਰ ਜੇਲ੍ਹ ‘ਚ ਬੰਦ ਹਨ, ਨੂੰ ਸੰਗਰੂਰ ਜੇਲ੍ਹ ‘ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਮਲੇਰਕੋਟਲਾ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲਾ ਦਰਜਾ ਹਰਪ੍ਰੀਤ ਸਿੰਘ ਸਿਮਕ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਪੁਲਿਸ ਨੇ ਬੀਤੀ 24 ਜਨਵਰੀ ਨੂੰ ਦਿੱਲੀ ਹਵਾਈ ਅੱਡੇ ‘ਤੇ ਕੈਨੇਡਾ ਪੁਲਿਸ ਤੋਂ ਦੋਹਾਂ ਦੀ ਸਪੁਰਦਗੀ ਲੈਣ ਪਿੱਛੋਂ 25 ਜਨਵਰੀ ਨੂੰ ਇਨ੍ਹਾਂ ਨੂੰ ਮਲੇਰਕੋਟਲਾ ਅਦਾਲਤ ‘ਚ ਪੇਸ਼ ਕੀਤਾ ਸੀ। ਇੱਥੇ ਅਦਾਲਤ ਨੇ ਦੋਹਾਂ ਨੂੰ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਸੀ ਅਤੇ ਬਾਅਦ ‘ਚ ਉਨ੍ਹਾਂ ਨੂੰ 14 ਦਿਨਾਂ ਦੇ ਭਾਵ 12 ਫਰਵਰੀ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਸੰਗਰੂਰ ਜੇਲ੍ਹ ਭੇਜ ਦਿੱਤਾ।