ਨਸ਼ਾ ਵੇਚਣ ਵਾਲਿਆਂ ਦੇ ਨਾਵਾਂ ਸਬੰਧੀ ਪਿੰਡ ‘ਚ ਲੱਗਾ ਬੋਰਡ ਸੋਸ਼ਲ ਮੀਡੀਆ ‘ਤੇ ਵਾਇਰਲ

65273177_2222027011252098_2084504721472618496_n-ਖੰਨਾ ਪੁਲਿਸ ਜ਼ਿਲ੍ਹੇ ਦੇ ਪਿੰਡ ਸਿਹੌੜਾ ‘ਚ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਂਅ ਦੱਸੇ ਜਾਣ ਅਤੇ ਨਾਂਅ ਦੱਸਣ ਵਾਲੇ ਦਾ ਨਾਂਅ ਪਤਾ ਗੁਪਤ ਰੱਖੇ ਜਾਣ ਸਬੰਧੀ ਲਾਏ ਬੋਰਡ ਦੇ ਬਿਲਕੁਲ ਨਾਲ ਹੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਕੰਧ ‘ਤੇ ਚਿਪਕਾਏ ਇਕ ਬੋਰਡ ਨੇ ਖੰਨਾ ਪੁਲਿਸ ਤੇ ਇਲਾਕੇ ‘ਚ ਤਰਥੱਲੀ ਮਚਾ ਦਿੱਤੀ ਹੈ | ਇਨ੍ਹਾਂ ਦੋਵਾਂ ਬੋਰਡਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ | ਅਸਲ ‘ਚ ਪੁਲਿਸ ਦੇ ਨਾਲ ਹੀ ਲਾਏ ਇਸ ਫਲੈਕਸ ਬੋਰਡ ‘ਚ ਪਿੰਡ ਦੇ ਹੀ 8 ਬੰਦਿਆਂ ਦੇ ਨਾਂਅ ਲਿਖ ਕੇ ਇਹ ਲਿਖਿਆ ਗਿਆ ਹੈ ਕਿ ਇਹ ਵਿਅਕਤੀ ਚਿੱਟਾ, ਭੁੱਕੀ ਤੇ ਦਾਰੂ ਵੇਚਦੇ ਹਨ ਤੇ ਬੋਰਡ ਦੇ ਹੇਠਾਂ ਐਸ. ਐਚ. ਓ. ਮਲੌਦ ਤੇ ਐਸ. ਐਸ. ਪੀ. ਖੰਨਾ ਨੂੰ ਇਨ੍ਹਾਂ ਿਖ਼ਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ | ਖੰਨਾ ਪੁਲਿਸ ਨੇ ਇਕ ਪਾਸੇ ਇਸ ਨੂੰ ਸ਼ਰਾਰਤੀ ਅਨਸਰਾਂ ਦਾ ਕਾਰਾ ਕਰਾਰ ਦਿੱਤਾ ਹੈ ਤੇ ਦੂਜੇ ਪਾਸੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਅੱਜ ਇੱਥੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਡੀ. ਐਸ. ਪੀ ਸੁਰਜੀਤ ਸਿੰਘ ਤੇ ਥਾਣਾ ਮਲੌਦ ਦੇ ਮੁਖੀ ਇੰਸ: ਕਰਨੈਲ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਜੇਕਰ ਕੋਈ ਅਜਿਹੀ ਗੱਲ ਨੋਟਿਸ ‘ਚ ਆਉਂਦੀ ਹੈ ਤਾਂ ਉਨ੍ਹਾਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਗੌਰਤਲਬ ਹੈ ਕਿ ਇਹ ਬੋਰਡ ਪਿਛਲੀ ਰਾਤ ਹੀ ਉਤਾਰ ਦਿੱਤਾ ਗਿਆ ਸੀ | ਭਾਵੇਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਇਲਾਕੇ ‘ਚ ਚਰਚਾ ਹੈ ਕਿ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਵੀ ਕੀਤੀ ਹੈ | ਬਾਅਦ ‘ਚ ਡੀ. ਐਸ. ਪੀ. ਸੁਰਜੀਤ ਸਿੰਘ ਤੇ ਐਸ. ਐਚ. ਓ. ਕਰਨੈਲ ਸਿੰਘ ਨੇ ਕਿਹਾ ਕਿ ਹੈ ਕਿ ਸਾਡੀ ਤਫ਼ਤੀਸ਼ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਬੋਰਡ ‘ਚ ਨਸ਼ਾ ਵੇਚਣ ਵਾਲਿਆਂ ਵਜੋਂ ਲਿਖੇ ਗਏ ਸਨ ਉਹ ਪਹਿਲਾਂ ਨਸ਼ਾ ਕਰਦੇ ਸਨ ਪਰ ਹੁਣ ਉਹ ਪੁਲਿਸ ਦੀ ਸਹਾਇਤਾ ਨਾਲ ਨਸ਼ੇ ਦੀ ਲੱਤ ਛੱਡ ਚੁੱਕੇ ਹਨ | ਪੁਲਿਸ ਦਾ ਦਾਅਵਾ ਹੈ ਕਿ ਪਿੰਡ ਸਿਹੌੜਾ ਦੇ ਕਲੱਬ ਮੈਂਬਰਾਂ ਤੇ ਪਿੰਡ ਦੀ ਪੰਚਾਇਤ ਵਲੋਂ ਵੀ ਪੁਲਿਸ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਵਿਅਕਤੀ ਹੁਣ ਆਮ ਜ਼ਿੰਦਗੀ ਬਤੀਤ ਕਰ ਰਹੇ ਹਨ, ਜੋ ਬੋਰਡ ਪਿੰਡ ‘ਚ ਲਗਾਇਆ ਗਿਆ ਹੈ ਉਹ ਸ਼ਰਾਰਤੀ ਵਿਅਕਤੀਆਂ ਵਲੋਂ ਪਿੰਡ ਦਾ ਮਾਹੌਲ ਖ਼ਰਾਬ ਕਰਨ ਲਈ ਲਾਇਆ ਗਿਆ ਹੈ |