ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਚ ਗੋਲੀਬਾਰੀ ਦੌਰਾਨ ਕਈ ਮੌਤਾਂ, ਵਾਲ-ਵਾਲ ਬਚੇ ਬੰਗਲਾਦੇਸ਼ੀ ਕ੍ਰਿਕਟਰ

ਵੈਲਿੰਗਟਨ, 15 ਮਾਰਚ- ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ‘ਚ ਸਥਿਤ ਦੋ ਮਸਜਿਦਾਂ ‘ਚ ਅੱਜ ਦੁਪਹਿਰ ਦੀ ਨਮਾਜ਼ ਵੇਲੇ ਅਣਪਛਾਤੇ ਹਮਲਾਵਰ ਵਲੋਂ ਕੀਤੀ ਗੋਲੀਬਾਰੀ ‘ਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਹਿਲਾਂ ਗੋਲੀਬਾਰੀ ਸ਼ਹਿਰ ਦੇ ਹੇਗਲੀ ਪਾਰਕ ‘ਚ ਸਥਿਤ ਅਲ ਨੂਰ ਮਸਜਿਦ ‘ਚ ਹੋਈ ਅਤੇ ਇਸ ‘ਚ ਛੇ ਲੋਕ ਮਾਰੇ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਗੋਲੀਬਾਰੀ ਹੋਈ, ਉਸ ਸਮੇਂ ਨਿਊਜ਼ੀਲੈਂਡ ਦੇ ਦੌਰੇ ‘ਤੇ ਆਈ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਇਸ ਮਸਜਿਦ ‘ਚ ਮੌਜੂਦ ਸੀ। ਹਾਲਾਂਕਿ ਇਸ ਦੌਰਾਨ ਸਾਰੇ ਖਿਡਾਰੀ ਸੁਰੱਖਿਅਤ ਬਚ ਨਿਕਲੇ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਇਸ ਘਟਨਾ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਦੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਦਾ ਅਰਡਨ ਨੇ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ਨਿਊਜ਼ੀਲੈਂਡ ਦੇ ਸਭ ਤੋਂ ‘ਕਾਲੇ’ ਦਿਨਾਂ ‘ਚੋਂ ਇੱਕ ਹੈ।